ਆਨਲਾਈਨ ਪ੍ਰਕਿਰਿਆ ਹੋਣ ਤੋਂ ਬਾਅਦ ਹੀ ਬਿਲਡਿੰਗ ਸ਼ੁਰੂ ਕੀਤੀ ਜਾਵੇ
ਗੈਰ-ਕਾਨੂੰਨੀ ਢੰਗ ਨਾਲ ਉਸਾਰੀ ਕਰਨ ਵਾਲੇ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ
ਬਟਾਲਾ / ਫਤਿਹਗੜ੍ਹ ਚੂੜੀਆਂ, 23 ਜੂਨ (ਅਵਿਨਾਸ਼, ਸੰਜੀਵ ਨਈਅਰ) : ਸਥਾਨਿਕ ਨਗਰ ਕੌਂਸਲ ਦੇ ਈ.ਓ ਭੁਪਿੰਦਰ ਸਿੰਘ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਬਿਨ੍ਹਾਂ ਨਕਸ਼ੇ ਤੋਂ ਕੋਈ ਵੀ ਵਿਅਕਤੀ ਆਪਣੀ ਦੁਕਾਨ ਅਤੇ ਮਕਾਨ ਦੀ ਉਸਾਰੀ ਸ਼ੁਰੂ ਨਾ ਕਰੇ ਤੇ ਜੇਕਰ ਕਿਸੇ ਵਿਅਕਤੀ ਵੱਲੋਂ ਅਜਿਹਾ ਕੀਤਾ ਜਾਵੇਗਾ ਤਾਂ ਉਸਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਥੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਈ.ਓ ਭੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਸ਼ਹਿਰ ਵਿਚ ਅਨੇਕਾਂ ਬਿਲਡਿੰਗਾਂ/ਦੁਕਾਨਾਂ ਉਸਾਰੀ ਅਧੀਨ ਹਨ ਅਤੇ ਬਹੁਤ ਸਾਰੇ ਵਿਅਕਤੀਆਂ ਵੱਲੋਂ ਆਪਣੀਆਂ ਬਿਲਡਿੰਗਾਂ ਦੇ ਨਕਸ਼ੇ ਵੀ ਪਾਸ ਨਹੀਂ ਕਰਵਾਏ ਗਏ, ਜੋ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਦੁਕਾਨ ਜਾਂ ਮਕਾਨ ਦੀ ਉਸਾਰੀ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਸਬੰਧਿਤ ਨਕਸ਼ਾ ਨਵੀਸ ਰਾਹੀਂ ਆਨਲਾਈਨ ਪ੍ਰਕਿਰਿਆ ਪੂਰੀ ਕੀਤੀ ਜਾਵੇ, ਜਿਸ ਤੋਂ ਬਾਅਦ ਨਗਰ ਕੌਂਸਲ ਦੀ ਨਕਸ਼ਾ ਸ਼ਾਖ਼ਾ ਅਤੇ ਮੁੱਖ ਦਫ਼ਤਰ ਚੰਡੀਗੜ੍ਹ ਵੱਲੋਂ ਅਨਾਲਾਈਨ ਕਾਰਵਾਈ ਕਰਦਿਆਂ ਨਕਸ਼ਾ ਪਾਸ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਮਿਊਂਸਪਲ ਨਿਯਮਾਂ ਅਨੁਸਾਰ ਨਕਸ਼ੇ ਵਿਚ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਵਿਭਾਗ ਨਕਸ਼ਾ ਰੱਦ ਕਰਨ ਦਾ ਅਧਿਕਾਰ ਰੱਖਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਆਪਣੀ ਬਿਲਡਿੰਗ ਬਣਾਉਣ ਤੋਂ ਪਹਿਲਾਂ ਸਬੰਧਤ ਆਰਕੀਟੈਕਟ ਜਾਂ ਨਗਰ ਕੌਂਸਲ ਦਫ਼ਤਰ ਵਿਖੇ ਸੂਚਿਤ ਕਰਨ ਅਤੇ ਜੇਕਰ ਕੋਈ ਵਿਅਕਤੀ ਬਿਨ੍ਹਾਂ ਨਕਸ਼ੇ ਤੋਂ ਬਿਲਡਿੰਗ ਬਣਾਉਣੀ ਸ਼ੁਰੂ ਕਰਦਾ ਹੈ ਤਾਂ ਉਸਦੇ ਵਿਰੁੱਧ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 195/195-ਏ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਉਨਾਂ ਕਿਹਾ ਕਿ ਤਿਆਰ ਕੀਤੀ ਗਈ ਬਿਲਡਿੰਗ/ਦੁਕਾਨ ਨੂੰ ਨਗਰ ਕੌਂਸਲ ਵੱਲੋਂ ਗਿਰਾ ਦਿੱਤਾ ਜਾਵੇਗਾ, ਜਿਸਦੀ ਸਾਰੀ ਜਿੰਮੇਵਾਰੀ ਸਬੰਧਿਤ ਵਿਅਕਤੀ/ਮਾਲਕ ਦੀ ਹੋਵੇਗੀ। ਈ.ਓ ਭੁਪਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਗੈਰ-ਕਾਨੂੰਨੀ ਢੰਗ ਨਾਲ ਆਪਣੀ ਬਿਲਡਿੰਗ ਦੀ ਉਸਾਰੀ ਕਰ ਰਿਹਾ ਹੈ, ਉਹ ਤੁਰੰਤ ਆਪਣਾ ਨਕਸ਼ਾ ਅਪਲਾਈ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਨਗਰ ਕੌਂਸਲ ਵੱਲੋਂ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp