ਗੁਰਦਾਸਪੁਰ 23 ਜੂਨ ( ਅਸ਼ਵਨੀ ) : ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ਇਪਟਾ ਗੁਰਦਾਸਪੁਰ ਵਲੋਂ “ਅੰਤਰਰਾਸ਼ਟਰੀ ਪਿਤਾ ਦਿਵਸ” ਅਤੇ “ਯੋਗਾ ਡੇ” ਉਪਰ ਜ਼ੂਮ ਐਪ ਰਾਹੀਂ ਆਨ ਲਾਈਨ ਮੀਟਿੰਗ ਕਰਕੇ ਵਿਚਾਰਿਆ ਗਿਆ ਇਸ ਮੌਕੇ ਤੇ ਕਰੋਨਾ ਵਾਇਰਸ ਦੇ ਪ੍ਰਭਾਵ ਤੇ ਇਸ ਤੋਂ ਬਚਾਅ ਵਿਸ਼ੇ ਉਪਰ ਵੀ ਗੱਲ ਕੀਤੀ ਗਈ।
ਇਪਟਾ ਦੇ ਸੂਬਾ ਪ੍ਰਧਾਨ ਸੰਜੀਵਨ ਸਿੰਘ ਮੁਹਾਲੀ ਨੇ ਕਿਹਾ ਕਿ ਸਾਰਾ ਸਾਲ ਹਰ ਦਿਨ ਕੋਈ ਨਾ ਕੋਈ ਦਿਵਸ ਵੱਜੋਂ ਮਨਾਇਆ ਜਾਂਦਾ ਹੈ।ਕਈ ਵਾਰ ਤਾਂ ਇਕੋ ਦਿਨ ਕਈ ਕਈ ਦਿਵਸ ਹੁੰਦੇ ਹਨ। ਮਾਂ-ਪਿਓ ਦਾ ਸਤਿਕਾਰ ਲਈ ਕੋਈ ਦਿਵਸ ਮਨਾਉਣ ਦੀ ਸਾਡੇ ਸਮਾਜ ਵਿਚ ਕੋਈ ਲੋੜ ਨਹੀਂ ਹੈ। ਸਰੀਰਕ ਤੰਦਰੁਸਤੀ ਲਈ ਵੀ ਰੋਜ਼ਾਨਾ ਕਸਰਤ ਦੀ ਲੋੜ ਹੈ ਨਾ ਕਿ ਕੋਈ ਦਿਵਸ ਮਨਾਉਂਣ ਦੀ।
ਉਨ੍ਹਾਂ ਕਰੋਨਾ ਸੰਬੰਧੀ ਵਿਚਾਰ ਕਰਦਿਆਂ ਕਿਹਾ ਕਿ ਜੇ ਇਸ ਕੁਦਰਤੀ ਜਾਂ ਆਪੇ ਸਹੇੜੀ ਆਫ਼ਤ ਨੇ ਸਾਨੂੰ ਘਰਾਂ ਅੰਦਰ ਨਾ ਡੱਕਿਆ ਹੁੰਦਾ, ਸਾਡੀਆਂ ਮੋਟਰਾਂ-ਗੱਡੀਆਂ ਦੀ ਘੂੰਅ-ਘੂੰਅ ਨਾ ਬੰਦ ਕਰਾਈ ਹੁੰਦੀ, ਜੇ ਪਾਣੀਆਂ ਤੇ ਵਾਤਾਵਰਣ ਨੂੰ ਜਹਿਰਲਾ ਤੇ ਗੰਧਲਾ ਕਰਨ ਵਾਲੀਆਂ ਸਨਅਤਾ ਬੰਦ ਨਾ ਹੋਈਆਂ ਹੁੰਦੀਆਂ ਤਾਂ ਆਪਣਾ ਕੀ ਹਾਲ ਹੁੰਦਾ।
ਇਪਟਾ ਗੁਰਦਾਸਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਇਨ੍ਹੀ ਦਿਨੀਂ ਸਵੇਰੇ-ਸ਼ਾਮ ਪੰਛੀਆਂ ਦੀਆਂ ਚਹਿਚਹਾਹਟ ਸੁਣ ਕੇ ਅਸੀਂ ਪ੍ਰਸੰਨ ਹੁੰਦੇ ਹਾਂ, ਵਾਤਾਵਰਣ ਦੀ ਸ਼ੁੱਧਤਾ ਸਾਨੂੰ ਸਕੂਨ ਪ੍ਰਦਾਨ ਕਰ ਰਹੀ ਹੈ, ਨਦੀਆਂ-ਨਾਲਿਆਂ ਵਿਚ ਨਿਰਮਲ ਜਲ ਦਾ ਵਹਾਅ ਆਪਾਂ ਨੂੰ ਖੁਸ਼ੀ ਦਿੰਦਾ ਹੈ,ਨੀਲਾ ਅਸਮਾਨ ਤੇ ਦੂਰੋ ਦਿਸਦੇ ਪਰਬਤ ਸਾਨੂੰ ਸੰਤੁਸ਼ਟ ਕਰ ਰਹੇ ਹਨ ਪਰ ਕਦੇ ਇਹ ਸੋਚਿਐ ਇਸ ਵਿਚ ਸਾਡਾ ਆਪਣਾ ਕੀ, ਕਿੰਨ੍ਹਾਂ ਤੇ ਕਿਵੇਂ ਯੋਗਦਾਨ ਹੈ?
ਵਿੱਤ ਸਕੱਤਰ ਬੂਟਾ ਰਾਮ ਆਜ਼ਾਦ ਨੇ ਕਿਹਾਂ ਕਿ ਕੋਰੋਨਾ ਵਰਗੇ ਅੱਖ ਦੇ ਫੋਰ ਵਿਚ ਫੈਲਣ ਵਾਲੇ ਵਾਇਰਸ ਤੋਂ ਹਿਫ਼ਾਜ਼ਤ ਲਈ ਜਿਸਮਾਨੀ ਫ਼ਾਸਲੇ ਤੇ ਪ੍ਰਹੇਜ਼ ਦੀ ਜ਼ਰੂਰਤ ਵੀ ਹੈ ਤੇ ਲਾਜ਼ਮੀ ਵੀ ਪਰ ਸਮਾਜਿਕ ਦੂਰੀ ਤੇ ਜਿਸਮਾਨੀ ਫਾਸਲੇ ਨੂੰ ਰੱਲ-ਗੱਡ ਕਰ ਕੇ ਪ੍ਰਚਾਰਿਆ ਤੇ ਪ੍ਰਸਾਰਿਆ ਜਾ ਰਿਹਾ ਹੈ। ਸਮਾਜਿਕ ਦੂਰੀ ਤਾਂ ਸਮਾਜ ਅਤੇ ਮਨੁੱਖ ਰੂਪੀ ਸਮਾਜਿਕ ਪ੍ਰਾਣੀ ਦੇ ਸੁਭਾਅ ਵਿਚ ਮੁੱਢੋਂ ਹੀ ਹੈ।
ਜਨਰਲ ਸਕੱਤਰ ਗੁਰਮੀਤ ਸਿੰਘ ਬਾਜਵਾ ਜੀ ਨੇ ਕਿਹਾ ਕਿ ਪਿਤਾ ਦਿਵਸ ਜਾਂ ਕੋਈ ਹੋਰ ਦਿਵਸ ਸਾਡੇ ਸਭਿਆਚਾਰ ਦਾ ਹਿੱਸਾ ਨਹੀਂ। ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਕਰਨਾ ਸਾਡੀ ਰਵਾਇਤ ਹੈ। ਕਿਰਤ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਜਿਸ ਨਾਲ ਸਰੀਰਕ ਮੁਸ਼ਕਤ ਵੀ ਹੋ ਜਾਂਦੀ ਹੈ।ਰੰਜਨ ਵਫ਼ਾ ਸਲਾਹਕਾਰ ਨੇ ਕਿਹਾ ਕਿ ਅੰਤਰਰਾਸ਼ਟਰੀ ਵਪਾਰੀਆਂ ਨੇ ਕੋਰੋਨਾ ਤੋਂ ਵੀ ਮੁਨਾਫਾ ਹੀ ਕਮਾਉਂਣਾ ਹੈ। ਕੋਰੋਨਾ ਤੋਂ ਘਬਰਾਉਂਣ ਦੀ ਲੋੜ ਨਹੀਂ ਬਲਕਿ ਪ੍ਰਹੇਜ਼ ਦੀ ਲੋੜ ਹੈ।ਕੋਰੋਨਾ ਮਨੁੱਖ ਦੀ ਆਪੇ ਸਹੇੜੀ ਬਿਪਤਾ ਹੈ।
ਇਪਟਾ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਕੁਦਰਤ ਦੇ ਨਿਯਮਾਂ ਦੀ ਉਘੰਲਣਾ ਦਾ ਹੀ ਨਤੀਜਾ ਹੈ।ਸਾਡੇ ਗੁਰੂਆਂ, ਪੀਰਾਂ, ਫਕੀਰਾਂ ਨੇ ਕੁਦਰਤ ਦੀ ਅਹਿਮੀਅਤ ਦਰਸਾਈ ਹੈ। ਜੇ ਅਸੀਂ ਹਾਲੇ ਵੀ ਕੁਦਰਤ ਅਤੇ ਕੁਦਰਤੀ ਸੋਮਿਆਂ ਨਾਲ ਬੇਕਿਰਕੀ ਤੇ ਬੇਰਹਿਮੀ ਵਾਲਾ ਵਰਤਾਓ ਜਾਰੀ ਰੱਖਿਆਂ ਤਾਂ ਗਿਆਨ-ਵਿਗਿਆਨ ਤਾਂ ਕੀ ਕੁਦਰਤ ਵੀ ਆਉਂਣ ਵਾਲੀਆਂ ਹੋਰ ਵੀ ਵਧੇਰੇ ਖ਼ਤਰਨਾਕ ਬਿਪਤਾਵਾਂ/ਸੰਕਟਾਂ ਤੋਂ ਨਹੀਂ ਬਚਾ ਸਕੇਗੀ।
ਇਸ ਮੀਟਿੰਗ ਵਿੱਚ ਨਟਾਲੀ ਰੰਗਮੰਚ ਗੁਰਦਾਸਪੁਰ ਦੇ ਜਨਰਲ ਸਕੱਤਰ ਰਛਪਾਲ ਸਿੰਘ ਘੁੰਮਣ, ਜੋਧ ਸਿੰਘ ਲੈਕਚਰਾਰ, ਅਮਰਜੀਤ ਗੁਰਦਾਸਪੁਰੀ ਲੋਕ ਗਾਇਕ, ਜਗਜੀਤ ਸਿੰਘ ਸਰਪੰਚ ਪਿੰਡ ਭੋਜਰਾਜ, ਜੇ ਪੀ ਸਿੰਘ ਖਰਲਾਂਵਾਲਾ ਪ੍ਰਧਾਨ ਸਾਹਿਤ ਸਭਾ ਗੁਰਦਾਸਪੁਰ, ਮਲਕੀਤ ਸਿੰਘ ਸੁਹਲ ਪ੍ਰਧਾਨ ਮਹਿਰਮ ਸਾਹਿਤ ਸਭਾ ਗੁਰਦਾਸਪੁਰ, ਤੇ ਨਵਰਾਜ ਸਿੰਘ ਸੰਧੂ ਪ੍ਰੈਸ ਸਕੱਤਰ ਇਪਟਾ ਗੁਰਦਾਸਪੁਰ ਨੇ ਵੀ ਆਪਣੀ ਹਾਜ਼ਰੀ ਲਗਵਾਈ। ਅੰਤ ਵਿੱਚ ਗੁਰਮੀਤ ਬਾਜਵਾ ਦੀ ਕਵਿਤਾ
“ਸ਼ੱਕ ਉਹਦੇ ਤੇ ਕਰਾਂ ਕਿਉਂ ਨਾ,
ਉਹਦੀ ਹਰ ਗੱਲ ਹੁੰਦੀ ਸ਼ੱਕੀ।
ਪਤਾ ਨਹੀ ਦੂਜੀ ਵਾਰੀ ਵੀ ਕਿਉਂ,
ਲੋਕਾਂ ਅੱਗ ਉਨ੍ਹਾਂ ਲਈ ਫੱਕੀ।”
ਗੁਰਮੀਤ ਸਿੰਘ ਪਾਹੜਾ ਨੇ ਯੋਗ ਦਿਵਸ ਨੂੰ ਸਮਰਪਿਤ ਕਵਿਤਾ
“ਯੋਗ ਆਸਨ ਨੇ ਬੜੇ ਗੁਣਕਾਰੀ,
ਨਵੀਂ ਰੂਹ ਵਿੱਚ ਰੋਗੀਆਂ ਪਾ ਦਿੰਦੇ,
ਬਹੁਤ ਲੋਕਾਂ ਨੇ ਜਾਚਿਆ ਪਰਖਿਆ ਹੈ,
ਦਿਨਾਂ ਵਿੱਚ ਨੇ ਜੌਹਰ ਵਿਖਾ ਦਿੰਦੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp