ਬਟਾਲਾ,24 ਜੂਨ (ਸੰਜੀਵ ਨਈਅਰ,ਅਵਿਨਾਸ਼ ) : ਹੀਮੋਫੀਲੀਆ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ 18 ਇੰਟੀਗਰੇਟਿਡ ਕੇਅਰ ਸੈਂਟਰਾਂ ਵਿੱਚ ਹੀਮੋਫੀਲੀਆ ਦੇ ਮਰੀਜਾਂ ਦਾ ਐਂਟੀ ਹੀਮੋਫੀਲੀਆ ਫੈਕਟਰ ਉਪਲਬੱਧ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਹੀਮੋਫੀਲੀਆ ਦਾ ਇਲਾਜ ਉਪਲਬੱਧ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਇੰਟੀਗਰੇਟਿਡ ਕੇਅਰ ਸੈਂਟਰ ਫਾਰ ਹੀਮੋਗਲੋਬੀਨੋਪੈਥੀਸ ਤੇ ਹੀਮੋਫੀਲੀਆ ਖੋਲੇ ਗਏ ਹਨ।
ਇਨਾਂ ਵਿੱਚ 3 ਮੈਡੀਕਲ ਕਾਲਜਾਂ ਤੋਂ ਇਲਾਵਾ 15 ਹੋਰ ਜ਼ਿਲ੍ਹਿਆਂ ਵਿੱਚ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਾਕੀ 4 ਜ਼ਿਲਿਆਂ ਵਿੱਚ ਵੀ ਜਲਦੀ ਹੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਸ. ਚੀਮਾ ਨੇ ਦੱਸਿਆ ਕਿ ਇਨਾਂ ਸੈਂਟਰਾਂ ਵਿੱਚ ਹੋਮੀਫੀਲੀਆ ਦੇ ਮਰੀਜਾਂ ਨੂੰ ਐਂਟੀ ਹੀਮੋਫੀਲਆ ਫੈਕਟਰ 8, 9, 7 ਏ ਅਤੇ ਐਫ.ਈ.ਆਈ.ਬੀ .ਏ ਮੁਫ਼ਤ ਉਪਲਬੱਧ ਕਰਵਾਏ ਗਏ ਹਨ ਅਤੇ ਇਨਾਂ ਸੈਂਟਰਾਂ ਵਿੱਚ 24/7 ਸੁਵਿਧਾ ਉਪਲਬੱਧ ਕਰਵਾਈ ਗਈ ਹੈ ਤਾਂ ਜੋ ਮਰੀਜਾਂ ਨੂੰ ਕਿਸੇ ਵੀ ਸਮੇਂ ਐਮਰਜੈਂਸੀ ਦੌਰਾਨ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਹੀਮੋਫੀਲੀਆ ਦੇ ਇਲਾਜ ਲਈ ਮਰੀਜ਼ਾਂ ਨੂੰ ਲਗਭਗ 18 ਤੋਂ 80 ਲੱਖ ਰੁਪਏ ਤੱਕ ਸਲਾਨਾ ਖਰਚ ਕਰਨਾ ਪੈਂਦਾ ਸੀ। ਇਹ ਸਾਰਾ ਖਰਚ ਹੁਣ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ, ਜਿਸ ਦੇ ਲਈ ਮਰੀਜਾਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਂਟੀ ਹੀਮੋਫੀਲੀਆ ਫੈਕਟਰ ਦੇ ਨਾਲ ਇਲਾਜ ਕਰਨ ਲਈ ਸਟਾਫ ਦੀ ਵਿਸ਼ੇਸ਼ ਟਰੇਨਿੰਗ ਪੀਜੀਆਈ, ਚੰਡੀਗੜ ਦੇ ਮਾਹਿਰ ਡਾਕਟਰਾਂ ਅਤੇ ਵੈਬੀਨਾਰ ਜ਼ਰੀਏ ਮਾਹਿਰਾਂ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਬੱਚਿਆਂ ਦੇ ਮਾਹਿਰ ਡਾਕਟਰਾਂ, ਮੈਡੀਕਲ ਸਪੈਸ਼ਲਿਸਟ, ਸਟਾਫ ਨਰਸ ਤੇ ਲੈਬ ਟੈਕਨੀਸ਼ੀਅਨ ਦੀ ਟਰੇਨਿੰਗ ਪੂਰੀ ਹੋ ਚੁੱਕੀ ਹੈ ਤਾਂ ਜੋ ਮਰੀਜਾਂ ਦਾ ਤਸੱਲੀਬਖਸ਼ ਇਲਾਜ ਕੀਤਾ ਜਾ ਸਕੇ।
ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਹੀਮੋਫੀਲੀਆ ਦੇ ਮਰੀਜ ਦੇ ਖੂਨ ਨਿਕਲਣ ਤੇ ਇਹ ਫੈਕਟਰ ਦਿੱਤਾ ਜਾਂਦਾ ਹੈ। ਇਹ ਫੈਕਟਰ ਨਾ ਮਿਲਣ ਕਰਕੇ ਮਰੀਜ ਦੇ ਬਲੀਡਿੰਗ ਜਿਆਦਾ ਹੋ ਜਾਂਦੀ ਹੈ, ਜਿਸ ਕਾਰਣ ਕਈ ਵਾਰ ਮਰੀਜ ਨੂੰ ਅਪੰਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੌਤ ਦਾ ਵੀ ਖਤਰਾ ਰਹਿੰਦਾ ਹੈ। ਇਸ ਲਈ ਮਰੀਜਾਂ ਦੇ ਇਲਾਜ ਲਈ ਐਂਟੀ ਹੀਮੋਫੀਲੀਆ ਫੈਕਟਰ ਉਪਲਬੱਧ ਕਰਵਾਏ ਗਏ ਹਨ ਤਾਂ ਜੋ ਮਰੀਜਾਂ ਦਾ ਸਮੇਂ ਸਿਰ ਤੇ ਸਹੀ ਇਲਾਜ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਪੰਜਾਬ ਵਿੱਚ ਲਗਭਗ 500 ਮਰੀਜ ਹੀਮੋਫੀਲੀਆ ਦੀ ਬਿਮਾਰੀ ਦੇ ਸ਼ਿਕਾਰ ਹਨ ਅਤੇ ਮਰੀਜਾਂ ਦੇ ਇਲਾਜ ਲਈ ਹਰ ਸੰਭਵ ਇੰਤਜਾਮ ਪੂਰੇ ਕਰ ਲਏ ਗਏ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp