ਗੜ੍ਹਸ਼ੰਕਰ 24 ਜੂਨ ( ਅਸ਼ਵਨੀ ਸ਼ਰਮਾ ) : ਸਥਾਨਕ ਡਾ ਭਾਗ ਸਿੰਘ ਹਾਲ ਗੜ੍ਹਸ਼ੰਕਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਪੀਆਈ(ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਮਾਈਨਿੰਗ ਮਾਫੀਏ ਨੂੰ ਪਹਿਲਾਂ ਅਕਾਲੀ ਬੀਜੇਪੀ ਦਾ ਥਾਪੜਾ ਸੀ ਤੇ ਹੁਣ ਕਾਗਰਸੀਆਂ ਦੀ ਪੂਰੀ ਸ਼ਹਿ ਹੈ।ਉਨ੍ਹਾਂ ਕਿਹਾ ਕਿ ਬਿਨਾਂ ਸਰਕਾਰੀ ਸ਼ਹਿ ਪ੍ਰਾਪਤ ਕੋਈ ਵੀ ਕਾਲਾ ਧੰਦਾ ਨਹੀਂ ਚੱਲ ਸਕਦਾ ਤੇ ਮਿਲੀ ਭੁਗਤ ਨਾਲ ਇਹ ਗੈਰ ਕਨੂੰਨੀ ਮਾਈਨਿੰਗ ਦਾ ਧੰਦਾ ਧੜੱਲੇ ਨਾਲ ਚੱਲਦਿਆਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਗੈਰ ਕਨੂੰਨੀ ਮਾਈਨਿੰਗ ਰੋਕਣ ਚ ਅਸਫਲ ਰਹਿਣ ਤੇ ਸਰਕਾਰ ਨੂੰ ਸੁਪਰੀਮ ਕੋਰਟ ਨੇ ਵੀ ਫਿਟਕਾਰ ਲਗਾਈ ਹੈ।ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵੱਲੋਂ ਮਾਈਨਿੰਗ ਮਾਫੀਏ ਵਿਰੁੱਧ. ਅਰੰਭੇ ਅੰਦੋਲਨ ਦੌਰਾਨ ਪਾਰਟੀ ਦੇ ਆਗੂੂਆਂ ਖਿਲਾਫ ਝੂਠੇ ਪਰਚੇ ਵੀ ਦਰਜ ਕੀਤੇ ਗਏ ਤੇ ਉਲਟਾ ਸੱਤ੍ਹਾਧਾਰੀਆਂ ਇਸਦੀ ਪਿੱਠ ਥਾਪੜੀ ।ਇਸ ਮੌਕੇ ਹਾਜਰ ਸੀਪੀਆਈ(ਐਮ) ਦੇ ਸੂਬਾ ਕਮੇਟੀ ਮੈਂਬਰ ਤੇ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਮੱਟੂ ਤੇ ਕਾਮਰੇਡ ਮਹਾਂ ਸਿੰਘ ਰੌੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੜਕਾਂ ਤੇ ਚੱਲ ਰਹੇ ਉਵਰਲੋਡ ਟਿੱਪਰ ਟਰਾਲੇ ਜਿੱਥੇ ਸੜਕਾਂ ਤੋੜ ਰਹੇ ਹਨ ਉੱਥੇ ਆਏ ਦਿਨ ਸੜਕ ਹਾਦਸਿਆਂ ਨੂੰ ਵੀ ਜਨਮ ਦੇ ਰਹੇ ਹਨ ਜਿਸ ਨਾਲ ਕਈ ਕੀਮਤੀ ਜਾਨਾ ਵੀ ਜਾ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਗੈਰ ਕਨੂੰਨੀ ਚੱਲ ਰਹੇ ਕਰੈਸ਼ਰਾਂ ਨੇ ਕਈ ਪਿੰਡਾਂ ਦੇ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਜੋ ਕਿ ਸ਼ੋਰ ਪ੍ਰਦੂਸ਼ਣ ਦੇ ਨਾਲ-ਨਾਲ ਵਾਤਾਵਰਨ ਵੀ ਗੰਧਲਾ ਕਰ ਰਹੇ ਹਨ।ਕਾਮਰੇਡ ਰਘੂਨਾਥ ਸਿੰਘ ਤੇ ਸਾਥੀਆਂ ਕਿਹਾ ਕਿ ਹੋਰ ਭਰਾਤਰੀ ਤੇ ਹਮ ਖਿਆਲੀ ਲੋਕ ਪੱਖੀ ਜੱਥੇਬੰਦੀਆਂ ਨੂੰ ਨਾਲ ਲੈਕੇ ਮਾਈਨਿੰਗ ਮਾਫੀਏ ਵਿਰੁੱਧ, ਅੰਦੋਲਨ ਹੋਰ ਤੇਜ ਕੀਤਾ ਜਾਵੇਗਾ ਤੇ ਜਿੱਤ ਤੱਕ ਲੈਕੇ ਜਾਵਾਂਗੇ ਲੋੜ ਅਨੁਸਾਰ ਕੋਰਟ ਚ ਧਿਰ ਬਣਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ,ਮਹਾਂ ਸਿੰਘ ਰੌੜੀ,ਤੇ ਅੱਛਰ ਸਿੰਘ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp