ਸਾਬਕਾ ਸਾਂਸਦ ਸੁਨੀਲ ਜਾਖੜ,ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ,ਸੁਖਜਿੰਦਰ ਸਿੰਘ ਰੰਧਾਵਾ ਅਤੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸ਼ਹੀਦ ਸਤਨਾਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ
— ਪੰਜਾਬ ਸਰਕਾਰ ਵਲੋਂ ਸ਼ਹੀਦ ਸਤਨਾਮ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਸਰਕਾਰੀ ਨੋਕਰੀ ਦੇਣ ਦਾ ਐਲਾਨ
ਗੁਰਦਾਸਪੁਰ, 25 ਜੂਨ ( ਅਸ਼ਵਨੀ ) :-ਬੀਤੀ ਦਿਨੀ ਲੱਦਾਖ ਦੀ ਗਲਵਾਨ ਵਾਦੀ ਵਿਚ ਚੀਨੀ ਸੈਨਾ ਨਾਲ ਹੋਏ ਟਕਰਾਅ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ (42) ਦਾ ਵਡਾਲਾ ਬਾਂਗਰ (ਕਲਾਨੋਰ) ਨੇੜੇ ਭੰਗੂ ਫਾਰਮ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਸਾਂਸਦ ਸੁਨੀਲ ਜਾਖੜ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਸ਼ਾਮਿਲ ਹੋਏ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ ਅਤੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਵੀ ਮੋਜੂਦ ਸਨ।
ਸ਼ਹੀਦ ਸਤਨਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਾਬਕਾ ਸਾਂਸਦ ਸੁਨੀਲ ਜਾਖੜ ਨੇ ਕਿਹਾ ਕਿ ਸ਼ਹੀਦਾਂ ਦੀ ਬਦੋਲਤ ਹੀ ਅਸੀਂ ਸੁਰੱਖਿਅਤ ਹਾਂ, ਜਿਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਟਾਕਰਾ ਕਰਨਾ ਚਾਹੀਦਾ ਹੈ ਅਤੇ ਵਿਰੋਧੀਆਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਉਹ ਸ਼ਹੀਦ ਦੇ ਪੂਰੇ ਪਰਿਵਾਰ ਨੂੰ ਸਿਜਦਾ ਕਰਦੇ ਹਨ, ਜਿਨਾਂ ਨੇ ਇਸ ਮਹਾਨ ਸਪੂਤ ਨੂੰ ਜਨਮ ਦਿੱਤਾ, ਜਿਸੇ ਨੇ ਦੇਸ਼ ਦੀ ਖਾਤਰ ਸ਼ਹੀਦੀ ਜਾਮ ਪੀਤਾ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਸ਼ਹੀਦ ਸਤਨਾਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਸਤਨਾਮ ਸਿੰਘ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ ਤੇ ਪੂਰੇ ਦੇਸ਼ ਨੂੰ ਸ਼ਹੀਦ ਸਤਨਾਮ ਸਿੰਘ ਦੀ ਸ਼ਹਾਦਤ ‘ਤੇ ਮਾਣ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸ਼ਹੀਦ ਸਤਨਾਮ ਸਿੰਘ ਦੇ ਸ਼ਰਧਾਂਜਲੀ ਸਮਾਗਮ ‘ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਅਤੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਪਰਿਵਾਰ ਨਾਲ ਖੜਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਦਿੱਤੇ ਜਾਣਗੇ, ਸਰਕਾਰ ਦੀ ਨੀਤੀ ਮੁਤਾਬਕ 12 ਲੱਖ ਰੁਪਏ ਦਾ ਮੁਆਵਜ਼ਾ (ਐਕਸ ਗਰੇਸ਼ੀਆਂ ਗਰਾਂਟ) ਦਿੱਤਾ ਜਾਵੇਗਾ ਅਤੇ ਸ਼ਹੀਦ ਦੀ ਪਤਨੀ ਨੂੰ ਮਕਾਨ ਬਣਾਉਣ ਲਈ 05 ਲੱਖ ਦਿੱਤੇ ਜਾਣਗੇ।
ਇਸ ਮੌਕੇ ਸ਼ਹੀਦ ਸਤਨਾਮ ਸਿੰਘ ਦੇ ਨਾਂਅ ‘ਤੇ ਪਿੰਡ ਅੰਦਰ ਯਾਦਗਾਰੀ ਗੇਟ ਦੀ ਉਸਾਰੀ ਕਰਨ ਲਈ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਸ਼ਹੀਦ ਸਤਨਾਮ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਤੇ 05 ਲੱਖ ਰੁਪਏ ਦਾ ਚੈੱਕ ਵੀ ਭੇਂਟ ਕੀਤਾ ਗਿਆ।ਇਸ ਮੌਕੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੋਪੁਰ, ਮਾਸਟਰ ਮੋਹਨ ਲਾਲ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਡੇਰਾ ਬਾਬਾ ਨਾਨਕ, ਕਰਨਲ ਗੁਰਿੰਦਰਜੀਤ ਸਿੰਘ ਗਿੱਲ ਡਿਪਟੀ ਡਾਇਰੈਕਟਰ ਸੈਨਿਕ ਭਲਾਈ ਅਫਸਰ, ਦਿਲਬਾਗ ਸਿੰਘ ਐਸ.ਪੀ , ਪੀ.ਓ ਸੰਜੀਵ ਤ੍ਰਿਖਾ, ਬਰਿੰਦਰ ਸਿੰਘ ਛੋਟੋਪੁਰ, ਕੁੰਵਰ ਰਵਿੰਦਰ ਵਿੱਕੀ, ਸ਼ਹੀਦ ਸਤਨਾਮ ਸਿੰਘ ਦੇ ਭਰਾ ਸੂਬੇਦਾਰ ਸੁਖਚੈਨ ਸਿੰਘ, ਸਰਪੰਚ ਜਗਜੀਤ ਸਿੰਘ, ਸੁਖਦੇਵ ਸਿੰਘ ਭੋਜਰਾਜ. ਜਸਬੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਮੋਜੂਦ ਸੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp