ਬਟਾਲਾ, 25 ਜੂਨ (ਅਵਿਨਾਸ਼ , ਸੰਜੀਵ ਨਈਅਰ ) – ਬਿਜਲੀ ਸਪਲਾਈ ਦੌਰਾਨ ਪੈਂਦੇ ਟੈਕਨੀਕਲ ਫਾਲਟ ਨੂੰ ਤੁਰੰਤ ਲੱਭਣ ਲਈ ਪਾਵਰਕਾਮ ਵਲੋਂ ਇੱਕ ਨਵਾਂ ਫਾਲਟ ਫਾਂਈਡਿੰਗ ਸਾਫਟਵੇਅਰ ਤਿਆਰ ਕੀਤਾ ਜਾ ਰਿਹਾ ਹੈ। ਇਸ ਨਵੀਂ ਤਕਨੀਕ ਨੂੰ ਬਟਾਲਾ ਸ਼ਹਿਰ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕਰਾਉਣ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਵਲੋਂ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਸ. ਚੀਮਾ ਨੇ ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀ.ਪੀ.ਐੱਸ. ਗਰੇਵਾਲ ਅਤੇ ਪਾਵਰਕਾਮ ਦੇ ਸੀਨੀਅਰ ਅਧਿਕਾਰੀ ਆਰ.ਕੇ. ਸੈਣੀ ਨਾਲ ਗੱਲ ਕਰਕੇ ਫਾਲਟ ਫਾਂਈਡਿੰਗ ਸਾਫਟਵੇਅਰ ਨੂੰ ਬਟਾਲਾ ਸ਼ਹਿਰ ਵਿੱਚ ਲਾਗੂ ਕਰਨ ਲਈ ਕਿਹਾ ਹੈ। ਪਾਵਰਕਾਮ ਦੇ ਅਧਿਕਾਰੀਆਂ ਨੇ ਸ. ਚੀਮਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਸਾਫਟਵੇਅਰ ਨੂੰ ਬਟਾਲਾ ਤੋਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਗੇ ਅਤੇ ਜੇਕਰ ਸੰਭਵ ਹੋਇਆ ਤਾਂ ਇਸਨੂੰ ਜਲਦੀ ਹੀ ਬਟਾਲਾ ਤੋਂ ਸ਼ੁਰੂ ਕੀਤਾ ਜਾਵੇਗਾ।
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਾਰਨ ਜਦੋਂ ਫਾਲਟ ਪੈਣ ਨਾਲ ਬਿਜਲੀ ਚਲੀ ਜਾਂਦੀ ਹੈ ਤਾਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਵੈਸੇ ਵੀ ਬਟਾਲਾ ਸਨਅਤੀ ਸ਼ਹਿਰ ਹੈ ਅਤੇ ਸ਼ਹਿਰ ਦੀ ਬਿਜਲੀ ਜਾਣ ਕਾਰਨ ਸਨਅਤਕਾਰਾਂ ਨੂੰ ਵੀ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ।
ਉਨਾਂ ਕਿਹਾ ਕਿ ਤਕਨੀਕ ਦੀ ਅਣਹੋਂਦ ਕਾਰਨ ਬਿਜਲੀ ਕਰਮੀਆਂ ਨੂੰ ਫਾਲਟ ਲੱਭਣ ਲਈ ਬੜੀ ਮੁਸ਼ਕਤ ਕਰਨੀ ਪੈਂਦੀ ਹੈ, ਜਿਸ ਕਾਰਨ ਸਮਾਂ ਵੀ ਬਹੁਤ ਲੱਗਦਾ ਹੈ। ਉਨਾਂ ਕਿਹਾ ਕਿ ਜੇਕਰ ਫਾਲਟ ਫਾਂਈਡਿੰਗ ਸਾਫਟਵੇਅਰ ਲੱਗਦਾ ਹੈ ਤਾਂ ਇਸ ਨਾਲ ਤੁਰੰਤ ਫਾਲਟ ਦਾ ਪਤਾ ਲੱਗ ਜਾਇਆ ਕਰੇਗਾ ਅਤੇ ਬਿਨਾਂ ਸਮਾਂ ਗੁਆਏ ਪਾਵਰਕਾਮ ਦੇ ਕਰਮਚਾਰੀ ਫਾਲਟ ਨੂੰ ਠੀਕ ਕਰ ਦੇਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp