ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਕੀਤਾ ਦੌਰਾ
ਪਠਾਨਕੋਟ: 25 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਦੇ ਲਗਾਤਾਰ ਦੌਰੇ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਕਿਸਮ ਦੀ ਸਮੱਸਿਆਂ ਨੂੰ ਖੇਤ ਪੱਧਰ ਤੇ ਹੀ ਹੱਲ ਕੀਤਾ ਜਾ ਸਕੇ। ਇਸੇ ਲੜੀ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਸੈਣੀ ਦੇ ਹੁਕਮਾਂ ਤੇ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਬਲਾਕ ਪਠਾਨਕੋਟ ਦੇ ਖੇਤੀ ਮਾਹਿਰਾਂ ਦੀ ਟੀਮ ਵੱਲੋਂ ਪਿੰਡ ਕਟਾਰੂਚੱਕ ਅਤੇ ਮਾਹੀਚੱਕ ਵਿੱਚ ਵੱਖ ਵੱਖ ਕਿਸਾਨਾਂ ਵੱਲੋਂ ਕੀਤੀ ਝੋਨੇ ਦੀ ਸਿੱਧੀ ਬਿਜਾਈ ਵਾਲੀ ਫਸਲ ਦਾ ਜਾਇਜ਼ਾ ਅਤੇ ਕਿਸਾਨਾਂ ਤੋਂ ਇਸ ਤਕਨੀਕ ਵਿੱਚ ਹੋਰ ਸੁਧਾਰ ਕਰਨ ਲਈ ਸੁਝਾਅ ਵੀ ਲਏ।
ਉਨਾਂ ਦੇ ਨਾਲ ਸ਼੍ਰੀ ਗੁਰਦਿੱਤ ਸਿੰਘ , ਸ਼੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ,ਅਮਨਦੀਪ ਸਿੰਘ ਸਹਾਇਕ ਤਕਨਾਲੌਜੀ ਪ੍ਰਬੰਧਕ ਵੀ ਸਨ।ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਬਲਾਕ ਪਠਾਨਕੋਟ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਨਾਉਣ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ ਹੈ। ਉਨਾਂ ਕਿਹਾ ਕਿ ਸਿੱਧੀ ਬਿਜਾਈ ਤਕਨੀਕ ਵਾਲੇ ਝੋਨੇ ਦਾ ਮੁਢਲਾ ਵਾਧਾ ਹੌਲੀ ਹੋਣ ਕਾਰਨ ਕਿਸਾਨਾਂ ਘਬਰਾਉਣਾ ਨਹੀਂ ਚਾਹੀਦਾ। ਉਨਾਂ ਕਿਹਾ ਕਿ ਸਿੱਧੀ ਬਿਜਾਈ ਵਾਲੇ ਝੋਨੇ ਦੇ ਬੂਟੇ ਬਿਜਾਈ ਤੋਂ 20-25 ਦਿਨਾਂ ਤੱਕ ਬੂਝਾ ਮਾਰ ਕੇ ਫੁਟਾਰਾ ਘੱਟ ਕਰਦਾ ਹੈ,ਜੋ ਬਾਅਦ ਵਿੱਚ ਫੁਟਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ।
ਉਨਾਂ ਕਿਹਾ ਕਿ ਇਕੱਤਰ ਕੀਤੇ ਗਏ ਅੰਕੜਿਆਂ ਅਨੁਸਾਰ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਪ੍ਰਤੀ ਵਰਗ ਮੀਟਰ ਔਸਤਨ 30-50 ਬੂਟੇ ਆ ਰਹੇ ਹਨ, ਜਦ ਕਿ ਪ੍ਰਵਾਸੀ ਮਜ਼ਦੂਰਾਂ ਅਤੇ ਸਥਾਨਿਕ ਮਜ਼ਦੂਰਾਂ ਵੱਲੋਂ ਲਾਏ ਗਏ ਝੋਨੇ ਦੇ ਖੇਤਾਂ ਵਿੱਚ ਕ੍ਰਮਵਾਰ 13 ਅਤੇ 20 ਬੂਟੇ ਪ੍ਰਤੀ ਵਰਗ ਮੀਟਰ ਆ ਰਹੇ ਹਨ।ਉਨਾਂ ਕਿਹਾ ਕਿ ਜਿਥੇ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਜੇਕਰ ਕਿਤੇ ਵਿਥਾਂ ਹਨ ਤਾਂ ਉਥੇ ਪਾਣੀ ਲਗਾਉਣ ਤੋਂ ਬਾਅਦ ਸੰਘਣੀ ਫਸਲ ਵਾਲੀ ਜਗਾ ਤੋਂ ਬੂਟੇ ਪੁੱਟ ਕੇ ਲਗਾਏ ਜਾ ਸਕਦੇ ਹਨ ।
ਉਨਾਂ ਨੇ ਕਿਹਾ ਕਿ ਬਿਜਾਈ ਸਮੇਂ ਨਦੀਨਨਾਸ਼ਕ ਦਾ ਛਿੜਕਾਅ ਕਰਨ ਦੇ ਬਾਵਜੂਦ ਜੇਕਰ ਨਦੀਨ ਉੱਗ ਗਏ ਤਾਂ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 20-25 ਦਿਨਾਂ ਬਾਅਦ ਨਦੀਨਨਾਸ਼ਕਾਂ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ ।ਉਨਾਂ ਕਿਹਾ ਕਿ ਜੇਕਰ ਝੋਨੇ ਦੀ ਫਸਲ ਵਿੱਚ ਸਵਾਂਕ ਅਤੇ ਮੋਥਾ ਨਦੀਨ ਹਨ ਤਾਂ 100 ਮਿਲੀ ਲਿਟਰ ਬਿਸਪਾਈਰੀਬੈਕ 10 ਐਸ ਸੀ (ਨੋਮਨੀਗੋਲਡ) ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਜੇਕਰ ਖੇਤ ਵਿੱਚ ਗੁੜਤ ਮਧਾਣਾ,ਚੀਨੀ ਘਾਹ,ਚਿੜੀ ਘਾਹ ਆਦਿ ਨਦੀਨ ਹਨ ਤਾਂ 400 ਮਿਲੀ ਲਿਟਰ ਫਿਨੌਕਸਾ-ਪੀ-ਈਥਾਈਲ( ਰਾਈਸਸਟਾਰ) ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰੋ। ਉਨਾਂ ਕਿਹਾ ਕਿ ਜੇਕਰ ਚੌੜੇ ਪੱਤੇ ਵਾਲੇ ਨਦੀਨ,ਮੋਥਾ,ਗੰਡ ਵਾਲਾ ਡੀਲਾ ਹੈ ਤਾਂ 8 ਗ੍ਰਾਮ ਮੈਟਸਲਫੂਰਾਨ +ਕਲੋਰੀਮਿਯੂਰਾਨ ਪ੍ਰਤੀ ਏਕੜ ਦਾ ਛਿੜਕਾਅ ਕਰੋ।ਉਨਾਂ ਕਿਹਾ ਕਿ ਕਦੇ ਵੀ ਨੋਮਨੀਗੋਲਡ ਅਤੇ ਐਲਮਿਕਸ ਨਦੀਨਨਾਸ਼ਕਾਂ ਦੇ ਮਿਸ਼ਰਣ ਦੀ ਵਰਤੋਂ ਨਾਂ ਕਰੋ ਕਿਉਂਕਿ ਅਜਿਹਾ ਕਰਨ ਨਾਲ ਫਸਲ ਵਾਧੈ ਤੇ ਬੁਰਾ ਪ੍ਰਭਾਵ ਪੈਂਦਾ ਹੈ।ਉਨਾਂ ਕਿਹਾ ਕਿ ਸਿੱਧੀ ਬਿਜਾਈ ਝੋਨੇ ਨੂੰ ਜ਼ਮੀਨ ਦੀ ਕਿਸਮ ਦੇ ਹਿਸਾਬ ਨਾਲ 5-10 ਦਿਨਾਂ ਦੇ ਵਕਫੇ ਤੇ ਪਾਣੀ ਦਿੰਦੇ ਰਹਿਣਾ ਚਾਹੀਦਾ।
ਉਨਾਂ ਕਿਹਾ ਕਿ ਇਸ ਗੱਲ ਦਾ ਖਿਆਲ ਰੱਖੋ ਕਿ ਨਦੀਨਨਾਸ਼ਕ ਦਾ ਛਿੜਕਾਅ ਕਰਦੇ ਸਮੇਂ ਖੇਤ ਵਿੱਚ ਸਿੱਲ ਜ਼ਰੂਰ ਹੋਵੇ ਅਤੇ ਕੱਟ ਵਾਲੀ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ।ਅਗਾਂਹਵਧੂ ਕਿਸਾਨ ਸ਼੍ਰੀ ਸਰਬਜੀਤ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਤਕਨੀਕ ਨਾਲ ਝੋਨੇ ਦੀ ਬਿਜਾਈ ਕਰਨ ਨਾਲ ਮਜ਼ਦੂਰਾਂ ਤੇ ਨਿਰਭਰਤਾ ਖਤਮ ਹੋਵੇਗੀ ਅਤੇ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲੇਗੀ।ਉਨਾਂ ਮੰਗ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਲਈ 10 ਮਈ ਤੋਂ ਬਾਅਦ ਬਿਜਲੀ ਦੀ ਸਪਲਾਈ 8 ਘੰਟੇ ਦੇਣੀ ਚਾਹੀਦੀ ਹੈ ਕਿਉਂਕਿ ਨਦੀਨਾਂ ਅਤੇ ਜੰਗਲੀ ਝੋਨੇ ਦੀ ਰੋਕਥਾਮ ਲਈ ਸਿੱਧੀ ਬਿਜਾਈ ਤੋਂ ਪਹਿਲਾਂ ਦੋ ਰੌਣੀਆ ਕਰਨੀਆਂ ਪੈਂਦੀਆਂ।ਉਨਾਂ ਇਹ ਵੀ ਮੰਗ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ 1 ਜੂਨ ਦੀ ਬਿਜਾਏ 10 ਮਈ ਤੋਂ ਸ਼ੁਰੂ ਕਰਨ ਦੀ ਇਜ਼ਾਜ਼ਤ ਦੇ ਦੇਣੀ ਚਾਹੀਦੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp