ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਨ ਅਤੇ ਲੋੜਵੰਦਾਂ ਤੱਕ ਸਰਕਾਰੀ ਇਮਦਾਦ ਪਹੁੰਚਾਉਣ ਚ ਨਿਭਾਈ ਮੁੱਖ ਭੂਮਿਕਾ
ਬਟਾਲਾ, 26 ਜੂਨ ( ਸੰਜੀਵ ਨਈਅਰ,ਅਵਿਨਾਸ਼ ) – ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਰੰਗੜ ਨੰਗਲ ਦੇ ਸੀਨੀਅਰ ਲੈਬ ਅਟੈਂਡਿਟ ਰਾਜਬੀਰ ਸਿੰਘ ਕੋਰੋਨਾ ਸੰਕਟ ਦੌਰਾਨ ਆਪਣੀਆਂ ਮਿਸਾਲੀ ਸੇਵਾਵਾਂ ਦੇ ਕੇ ਕੋਰੋਨਾ ਖਿਲਾਫ ਜੰਗ ਵਿੱਚ ਯੋਧਾ ਬਣ ਕੇ ਉਭਰਿਆ ਹੈ। ਰਾਜਬੀਰ ਸਿੰਘ ਆਪਣੇ ਸਕੂਲ ਵਿੱਚ ਜਿਥੇ ਸੀਨੀਅਰ ਲੈਬ ਅਟੈਂਡਿਟ (ਐੱਸ.ਐੱਲ.ਏ) ਦੀ ਸੇਵਾ ਨਿਭਾ ਰਿਹਾ ਹੈ ਓਥੇ ਉਸ ਵਲੋਂ ਬਟਾਲਾ ਸ਼ਹਿਰ ਵਿਖੇ ਬੀ.ਐੱਲ.ਓ. ਦੀ ਜਿੰਮੇਵਾਰੀ ਵੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ।
ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਦੀ ਜਿੰਮੇਵਾਰੀ ਬੀ.ਐੱਲ.ਓਜ਼ ਨੂੰ ਦਿੱਤੀ ਗਈ ਸੀ ਅਤੇ ਰਾਜਬੀਰ ਸਿੰਘ ਨੇ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਹੈ। ਕਰਫਿਊ ਦੌਰਾਨ ਰਾਜਬੀਰ ਸਿੰਘ ਨੇ ਬਟਾਲਾ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਰਹਿ ਰਹੇ ਗਰੀਬਾਂ ਦੀਆਂ ਜਰੂਰਤਾਂ ਦਾ ਖਿਆਲ ਰੱਖਦਿਆਂ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਰਾਸ਼ਨ ਸਮੇਤ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਗਈ।
ਰਾਜਬੀਰ ਸਿੰਘ ਵਲੋਂ ਵਿਦੇਸ਼ਾਂ ਤੋਂ ਅਤੇ ਬਾਹਰਲੇ ਰਾਜਾਂ ਤੋਂ ਪਰਤੇ ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ। ਹੁਣ ਵੀ ਰਾਜਦੀਪ ਸਿੰਘ ਵਲੋਂ ਇਕਾਂਤਵਾਸ ਕੇਂਦਰਾਂ ਵਿੱਚ ਵਿਦੇਸ਼ੋਂ ਪਰਤੇ ਵਿਅਕਤੀਆਂ ਦੀ ਹਰ ਜਰੂਰਤ ਦਾ ਖਿਆਲ ਰੱਖਿਆ ਜਾ ਰਿਹਾ ਹੈ।ਰਾਜਬੀਰ ਸਿੰਘ ਨੇ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਉਹ ਹਰ ਰੋਜ਼ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਲਈ ਜਾਗਰੂਕ ਕਰ ਰਿਹਾ ਹੈ।
ਰਾਜਬੀਰ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੌਰਾਨ ਕੰਮ ਕਰਨਾ ਉਸਦੀ ਸਰਕਾਰੀ ਜਿੰਮੇਵਾਰੀ ਦਾ ਹਿੱਸਾ ਸੀ ਅਤੇ ਉਸਨੇ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਇਸ ਜਿੰਮੇਵਾਰੀ ਨੂੰ ਨਿਭਾਉਣ ਦਾ ਯਤਨ ਕੀਤਾ ਹੈ, ਜਿਸ ਦੀ ਉਸਨੂੰ ਦਿਲੀ ਤਸੱਲੀ ਹੈ।ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਵੀ ਰਾਜਦੀਪ ਸਿੰਘ ਦੇ ਕੰਮ ਦੀ ਸਰਾਹਨਾ ਕਰਦਿਆਂ ਉਨ੍ਹਾਂ ਕੋਰੋਨਾ ਵਾਰੀਅਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਜਬੀਰ ਵਰਗੇ ਕਰਮਜੋਗੀਆਂ ਦੀ ਬਦੌਲਤ ਹੀ ਪ੍ਰਸ਼ਾਸਨ ਕੋਰੋਨਾ ਦੇ ਸੰਕਟ ਨੂੰ ਸਹੀ ਢੰਗ ਨਾਲ ਨਜਿੱਠ ਸਕਿਆ ਹੈ। ਉਨ੍ਹਾਂ ਰਾਜਬੀਰ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਉਨ੍ਹਾਂ ਤੋਂ ਅਜਿਹੀ ਸੇਵਾ ਦੀ ਉਮੀਦ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp