ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਹਲੂਣਿਆ, ਕਿਹਾ, ‘‘ਕੇਂਦਰ ਜਾਣਬੁੱਝ ਕੇ ਸੂਬਿਆਂ ਦੇ ਅਧਿਕਾਰਾਂ ਵਿੱਚ ਦਖਲ ਦੇ ਰਿਹਾ’’

ਖੇਤੀਬਾੜੀ ਆਰਡੀਨੈਂਸਾਂ ’ਤੇ ਸਿਆਸਤ ਕਰਨ ਦੀ ਬਜਾਏ ਪੰਜਾਬ ਦੇ ਕਿਸਾਨਾਂ ਨਾਲ ਖੜੋ; ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਹਲੂਣਿਆ
ਕਿਹਾ, ‘‘ਕੇਂਦਰ ਜਾਣਬੁੱਝ ਕੇ ਸੂਬਿਆਂ ਦੇ ਅਧਿਕਾਰਾਂ ਵਿੱਚ ਦਖਲ ਦੇ ਰਿਹਾ’’
ਕੋਵਿਡ-19 ਦੇ ਸੰਕਟ ਦੌਰਾਨ ਮੰਤਰੀ ਮੰਡਲ ਕੋਈ ਫੇਰਬਦਲ ਨਹੀਂ
ਵਿਨੀ ਮਹਾਜਨ ਦੀ ਮੁੱਖ ਸਕੱਤਰ ਵਜੋਂ ਨਿਯੁਕਤੀ ਉਸ ਦੀ ਕਾਬਲੀਅਤ ਤੇ ਯੋਗਤਾ ਦੇ ਆਧਾਰ ’ਤੇ ਕੀਤੀ
ਕਰਤਾਰਪੁਰ ਲਾਂਘਾ ਸਿਹਤ ਸੁਰੱਖਿਆ ਇਹਤਿਆਤ ਦੀ ਸਖਤੀ ਨਾਲ ਪਾਲਣਾ ਦੇ ਨਾਲ ਖੋਲਣ ਲਈ ਤਿਆਰ ਹਾਂ
ਸਾਰੇ ਚੋਣ ਵਾਅਦੇ ਪੂਰੀ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ

ਚੰਡੀਗੜ, 30 ਜੂਨ (CDT NEWS)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਕਿਸਾਨ ਵਿਰੋਧੀ ਖੇਤੀਬਾੜੀ ਆਰਡੀਨੈਂਸਾਂ ਦੇ ਮਾਮਲੇ ਉਤੇ ਸੂਬਾ ਸਰਕਾਰ ਦੇ ਵਿਰੋਧ ਦਾ ਪੂਰਨ ਸਹਿਯੋਗ ਨਾ ਦੇ ਕੇ ਅਕਾਲੀਆਂ ਨੇ ਪੰਜਾਬੀ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪਤਨੀ ਦੀ ਕੇਂਦਰੀ ਕੈਬਨਿਟ ਵਿੱਚ ਕੁਰਸੀ ਬਚਾਉਣ ਅਤੇ ਭਾਜਪਾ ਨਾਲ ਆਪਣੀ ਭਾਈਵਾਲੀ ਰਿਸ਼ਤਿਆਂ ਨੂੰ ਬਣਾਏ ਰੱਖਣ ਦੀ ਬਜਾਏ ਆਪਣੇ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਹੈ।
ਅੱਜ ਇਥੇ ਪੈ੍ਰਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾ ਹੀ ਸੰਘੀ ਢਾਂਚੇ ਦੀ ਸੱਚੀ ਭਾਵਨਾ ਤਹਿਤ ਸੂਬਿਆਂ ਦੀ ਖੁਦਮੁਖਤਿਆਰੀ ਅਤੇ ਵੱਧ ਅਧਿਕਾਰ ਦੇਣ ਦਾ ਹਾਮੀ ਰਿਹਾ ਹੈ। ਉਨਾਂ ਕਿਹਾ ਕਿ ਹਾਲਾਂਕਿ ਸੂਬਾਈ ਭਾਜਪਾ ਦੀ ਤਾਂ ਇਹ ਮਜਬੂਰੀ ਬਣਦੀ ਹੈ ਕਿ ਉਹ ਕੇਂਦਰ ਵਿੱਚ ਆਪਣੀ ਪਾਰਟੀ ਵੱਲੋਂ ਲਏ ਫੈਸਲੇ ਦਾ ਵਿਰੋਧ ਨਾ ਕਰੇ ਪ੍ਰੰਤੂ ਅਕਾਲੀਆਂ ਨੂੰ ਤਾਂ ਚਾਹੀਦਾ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਬਚਾਉਣ ਲਈ ਇਨਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਦੇ ਹੋਏ ਇਸ ਦੇ ਵਿਰੋਧ ਵਿੱਚ ਉਤਰਨ।

ਆਰਡੀਨੈਂਸ ਸ਼ਾਂਤਾ ਕੁਮਾਰ ਕਮੇਟੀ ਦਾ ਹੀ ਨਤੀਜਾ
ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਰਡੀਨੈਂਸ ਸ਼ਾਂਤਾ ਕੁਮਾਰ ਕਮੇਟੀ ਦਾ ਹੀ ਨਤੀਜਾ ਹੈ ਜਿਸ ਨੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਨੂੰ ਖਤਮ ਕਰਨ ਦੇ ਨਾਲ ਐਫ.ਐਸ.ਆਈ. ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਹੈ। ਉਨਾਂ ਕਿਹਾ ਕਿ ਇਕ ਵਾਰ ਜੇ ਇਹ ਆਰਡੀਨੈਂਸ ਪਾਰਲੀਮੈਂਟ ਨੇ ਪਾਸ ਕਰ ਦਿੱਤੇ ਤਾਂ ਭਵਿੱਖ ਵਿੱਚ ਐਮ.ਐਸ.ਪੀ. ਦੇ ਜਾਰੀ ਰਹਿਣ ਦੀ ਕੋਈ ਗਾਰੰਟੀ ਨਹੀਂ ਜਿਵੇਂ ਕਿ ਸੁਖਬੀਰ ਬਾਦਲ ਦਾਅਵਾ ਕਰ ਰਹੇ ਹਨ।
ਇਸ ਗੱਲ ਦੀ ਵਕਾਲਤ ਕਰਦਿਆਂ ਕਿ ਪੰਜਾਬ ਦੇ ਹਿੱਤਾਂ ਨਾਲ ਸਬੰਧਤ ਅਜਿਹੇ ਸੰਵੇਦਨਸ਼ੀਲ ਮੁੱਦਿਆਂ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਕੈਪਟਨ ਅਮਰਿੰਦਰ ਸਿੰਘ ਨੇ ਇਕ ਗੱਲ ਸਾਂਝੀ ਕੀਤੀ ਕਿ ਮੁੱਖ ਮੰਤਰੀ ਵਜੋਂ ਉਨਾਂ ਦੇ ਪਹਿਲੇ ਕਾਰਜਕਾਲ ਦੌਰਾਨ ਜਦੋਂ ਉਨਾਂ ਤਜਵੀਜ਼ਤ ਸਤੁਲਜ ਯਮੁਨਾ ਲਿੰਕ ਨਹਿਰ ਰਾਹੀਂ ਪੰਜਾਬ ਦਾ ਪਾਣੀ ਗੁਆਂਢੀ ਸੂਬਿਆਂ ਵਿੱਚ ਜਾਣ ਤੋਂ ਬਚਾਉਣ ਲਈ ਪਾਣੀਆਂ ਦਾ ਸਮਝੌਤਾ ਰੱਦ ਕੀਤਾ ਸੀ ਤਾਂ ਉਨਾਂ ਦੀ ਆਪਣੀ ਪਾਰਟੀ ਹਾਈ ਕਮਾਂਡ ਨੇ ਉਨਾਂ (ਮੁੱਖ ਮੰਤਰੀ) ਨੂੰ ਸੰਮਨ ਕੀਤਾ ਸੀ।
ਬਹਿਬਲ ਕਲਾਂ ਗੋਲੀਕਾਂਡ ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ
ਉਨਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਹਮੇਸ਼ਾ ਆਪਣੀ ਕੁਰਸੀ ਦੀ ਬਜਾਏ ਆਪਣੇ ਸੂਬੇ ਦੇ ਹਿੱਤਾਂ ਨੂੰ ਤਰਜੀਹ ਦਿੰਦੇ ਹਨ। ਉਨਾਂ ਅਕਾਲੀਆਂ ਨੂੰ ਕਿਹਾ ਕਿ ਉਹ ਵੀ ਇਸੇ ਨਾਜ਼ੁਕ ਮੁੱਦੇ ਉਤੇ ਉਸੇ ਭਾਵਨਾ ਦਾ ਪ੍ਰਦਰਸ਼ਨ ਕਰਨ ਤਾਂ ਜੋ ਉਨਾਂ ਦੇ ਸੌੜੇ ਰਾਜਸੀ ਹਿੱਤਾਂ ਦੀ ਬਜਾਏ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।
ਬਹਿਬਲ ਕਲਾਂ ਗੋਲੀਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਚੱਲ ਰਹੀ ਪੜਤਾਲ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਇਸ ਪੜਾਅ ’ਤੇ ਕਿਸੇ ਨੂੰ ਵੀ ਦੋਸ਼ੀ ਨਹੀਂ ਐਲਾਨਿਆ ਜਾ ਸਕਦਾ।
ਕੇਂਦਰ ਨੇ ਸੰਘੀ ਢਾਂਚੇ ’ਤੇ ਇਕ ਹੋਰ ਹੱਲਾ ਬੋਲਿਆ, ਸੂਬਿਆਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ
ਕੇਂਦਰ ਵੱਲੋ ਪੰਜਾਬ ਨੂੰ ਬਿਜਲੀ ਐਕਟ-2003 ਦਾ ਸੋਧਿਆ ਹੋਇਆ ਖਰੜਾ ਭੇਜਣ ਦੇ ਸਬੰਧ ਵਿੱਚ ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਸੰਘੀ ਢਾਂਚੇ ’ਤੇ ਇਕ ਹੋਰ ਹੱਲਾ ਬੋਲਿਆ ਹੈ ਜਿਸ ਰਾਹੀਂ ਸੂਬਿਆਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਖਪਤਕਾਰਾਂ ਦੇ ਵਿਸ਼ੇਸ਼ ਵਰਗ ਚਾਹੇ ਉਹ ਘਰੇਲੂ, ਕਿਸਾਨ, ਕਾਰੋਬਾਰੀ ਜਾਂ ਸਅਨਤੀ ਹੋਣ, ਨੂੰ ਰਿਆਇਤਾਂ ਦੇਣ ਦਾ ਅਧਿਕਾਰ ਖੇਤਰ ਸੂਬੇ ਦਾ ਹੁੰਦਾ ਹੈ ਪਰ ਇਸ ਸਬੰਧ ਵਿੱਚ ਕੇਂਦਰ ਸੂਬੇ ’ਤੇ ਧੌਂਸ ਨਹੀਂ ਜਮਾ ਸਕਦਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਸੰਵਿਧਾਨ ਤਹਿਤ ਸੂਬਿਆਂ ਨੂੰ ਮਿਲੀਆਂ ਸ਼ਕਤੀਆਂ ਨੂੰ ਜਾਣਬੁੱਝ ਕੇ ਖੋਰਾ ਲਾਉਣ ’ਤੇ ਤੁਲਿਆ ਹੋਇਆ ਹੈ।
ਮੰਤਰੀ ਮੰਡਲ ਵਿੱਚ ਫੇਰਬਦਲ ਦੀ ਸੰਭਾਵਨਾ ਨੂੰ ਰੱਦ
ਮੰਤਰੀ ਮੰਡਲ ਵਿੱਚ ਫੇਰਬਦਲ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਔਖੇ ਸਮਿਆਂ ਵਿੱਚ ਉਨਾਂ ਦੇ ਮੰਤਰੀ ਖਾਸ ਕਰਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਚੰਗਾ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਕਰੋਨਾਵਾਇਰਸ ਦੇ ਇਸ ਔਖੇ ਪੜਾਅ ’ਤੇ ਫੇਰਬਦਲ ਦੀ ਕੋਈ ਲੋੜ ਨਹੀਂ ਜਾਪਦੀ ਕਿਉਕਿ ਇਸ ਮਹਾਂਮਾਰੀ ਖਿਲਾਫ ਜੰਗ ਜਿੱਤਣਾ ਉਨਾਂ ਦੀ ਸਭ ਤੋਂ ਵੱਧ ਤਰਜੀਹ ਹੈ ਅਤੇ ਜੇਕਰ ਫੇਰਬਦਲ ਦੀ ਲੋੜ ਹੋਈ ਤਾਂ ਇਸ ਨੂੰ ਬਾਅਦ ਵਿੱਚ ਵਿਚਾਰਿਆ ਜਾਵੇਗਾ।
ਇਹ ਪੁੱਛੇ ਜਾਣ ’ਤੇ ਕਿ ਕੀ ਨਵਜੋਤ ਸਿੰਘ ਸਿੱਧੂ ਨੂੰ ਕੋਈ ਨਵੀਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਤਾਂ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਨੂੰ ਸੂਬੇ ਜਾਂ ਕੇਂਦਰ ਵਿੱਚ ਕੋਈ ਜ਼ਿੰਮੇਵਾਰੀ ਦੇਣ ਦਾ ਅੰਤਿਮ ਫੈਸਲਾ ਪਾਰਟੀ ਹਾਈ ਕਮਾਂਡ ਵੱਲੋਂ ਲਿਆ ਜਾਣਾ ਹੈ।
ਸਮਾਜਿਕ ਦੂਰੀ ਦੀ ਸਖਤੀ ਨਾਲ ਪਾਲਣਾ ਨਾਲ ਕਰਤਾਰਪੁਰ ਲਾਂਘਾ ਖੋਲਣ ਲਈ ਕਹਿਣਗੇ
ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਮੁੜ ਖੋਲਣ ਦੀ ਪੇਸ਼ਕਸ਼ ਕਰਨ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਪਰ ਅੰਤਿਮ ਫੈਸਲਾ ਭਾਰਤ ਸਰਕਾਰ ਵੱਲੋਂ ਲਿਆ ਜਾਵੇਗਾ। ਉਨਾਂ ਕਿਹਾ ਕਿ ਜੇਕਰ ਕੇਂਦਰ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਪਾਸੋਂ ਕੋਈ ਸਲਾਹ ਮੰਗੀ ਜਾਂਦੀ ਹੈ ਤਾਂ ਉਹ ਯਕੀਨੀ ਤੌਰ ’ਤੇ ਕੋਵਿਡ-19 ਦਰਮਿਆਨ ਸਿਹਤ ਸੁਰੱਖਿਆ ਉਪਾਵਾਂ ਅਤੇ ਸਮਾਜਿਕ ਦੂਰੀ ਦੀ ਸਖਤੀ ਨਾਲ ਪਾਲਣਾ ਨਾਲ ਲਾਂਘਾ ਖੋਲਣ ਲਈ ਕਹਿਣਗੇ।
ਵਿਨੀ ਮਹਾਜਨ ਦੀ ਮੁੱਖ ਸਕੱਤਰ ਵਜੋਂ ਨਿਯੁਕਤੀ ਨਿਰੋਲ ਆਧਾਰ ਮੰਨਦੇ ਹੋਏ ਕੀਤੀ
ਵਿ
ਨੀ ਮਹਾਜਨ ਦੀ ਮੁੱਖ ਸਕੱਤਰ ਵਜੋਂ ਨਿਯੁਕਤੀ ਬਾਰੇ ਸਵਾਲ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਕਾਬਲੀਅਤ, ਯੋਗਤਾ ਅਤੇ ਸੂਬੇ ਤੇ ਕੇਂਦਰ ਦੇ ਪ੍ਰਸ਼ਾਸਨ ਵਿੱਚ ਵਿਸ਼ਾਲ ਤਜਰਬਾ ਅਤੇ ਮੁਹਾਰਤ ਤੋਂ ਇਲਾਵਾ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਪ੍ਰਭਾਵੀ ਅਮਲ ਵਾਸਤੇ ਲੰਮੇ ਸਮੇਂ ਲਈ ਇਸ ਅਹੁਦੇ ਦੀ ਨਿਰੰਤਰਤਾ ਨੂੰ ਕਾਇਮ ਰੱਖਣ ਨੂੰ ਨਿਰੋਲ ਆਧਾਰ ਮੰਨਦੇ ਹੋਏ ਨਿਯੁਕਤੀ ਕੀਤੀ ਗਈ ਹੈ।
ਡੀ.ਜੀ.ਪੀ. ਦਿਨਕਰ ਗੁਪਤਾ ਪੰਜਾਬ ਵਿੱਚ ਹੀ ਰਹਿਣਗੇ
ਨਵ-ਨਿਯੁਕਤ ਮੁੱਖ ਸਕੱਤਰ ਦੇ ਪਤੀ ਡੀ.ਜੀ.ਪੀ. ਦਿਨਕਰ ਗੁਪਤਾ ਜੋ ਡੀ.ਜੀ.ਪੀ ਵਜੋਂ ਕੇਂਦਰ ਵਿੱਚ ਇੰਪੈਨਲਡ ਹੋ ਚੁੱਕੇ ਹਨ, ਦੇ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਬਾਰੇ ਇਕ ਹੋਰ ਸਵਾਲ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਪਤਾ ਪੰਜਾਬ ਵਿੱਚ ਹੀ ਰਹਿਣਗੇ ਕਿਉਂ ਜੋ ਉਨਾਂ ਨੇ 2500 ਗੈਂਗਸਟਰਾਂ ਨੂੰ ਪ੍ਰਭਾਵਹੀਣ ਕਰਨ ਤੋਂ ਇਲਾਵਾ ਵੱਖ-ਵੱਖ ਅਤਿਵਾਦੀ ਗਰੋਹਾਂ ਨੂੰ ਕਾਬੂ ਕਰਨ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਨਿਭਾਈ ਹੈ।
ਕੋਈ ਵੀ ਖਾਲਿਸਤਾਨ ਨਹੀਂ ਚਾਹੁੰਦਾ
ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਬਾਰੇ ਆਪਣੀ ਪ੍ਰਤੀਰਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਖਾਲਿਸਤਾਨ ਨਹੀਂ ਚਾਹੁੰਦਾ ਇਥੋਂ ਤੱਕ ਕਿ ਉਹ (ਮੁੱਖ ਮੰਤਰੀ) ਵੀ ਨਹੀਂ ਚਾਹੁੰਦੇ। ਉਨਾਂ ਸਵਾਲ ਕੀਤਾ ਕਿ ਕੋਈ ਵੀ ਸਿੱਖ, ਜੋ ਮੁਲਕ ਵਿਚ ਕਿਤੇ ਵੀ ਆਪਣਾ ਕਾਰੋਬਾਰ ਕਰ ਰਹੇ ਹੋਣ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ ਤਾਂ ਉਹ ਖਾਲਿਸਤਾਨ ਦੀ ਮੰਗ ਕਿਉ ਕਰੇਗਾ। ਉਨਾਂ ਕਿਹਾ ਕਿ ਸਿੱਖਜ਼ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵਰਗੇ ਲੋਕ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਪੈਸਾ ਕਮਾਉਣ ਵਿੱਚ ਲੱਗੇ ਹੋਏ ਹਨ ਜੋ ਕਿ ਬਹੁਤ ਮੰਦਭਾਗਾ ਹੈ। ਉਨਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਨੂੰ ਦਾ ਅਮਰੀਕਾ ਅਤੇ ਪੰਜਾਬ ਅੰਦਰ ਕਦੇ ਵੀ ਕੋਈ ਆਧਾਰ ਨਹੀ ਰਿਹਾ ਜਿਸਦੀ ਮਿਸਾਲ ਰਿਫਰੈਂਡਮ 2020 ਨੂੰ ਹੰੁਗਾਰਾ ਨਾ ਮਿਲਣ ਕਰਕੇ ਇਸ ਨੂੰ ਅੱਗੇ ਪਾਉਣ ਤੋਂ ਮਿਲਦੀ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply