ਸਿਹਤ ਵਿਭਾਗ ਨੇ ਮਿਸਾਲੀ ਸੇਵਾਵਾਂ ਲਈ ਹੈਲਥ ਵਰਕਰ ਵਰਿੰਦਰਜੀਤ ਸਿੰਘ ਨੂੰ ਕੀਤਾ ਸਨਮਾਨਤ
ਪੇਂਡੂ ਖੇਤਰ ਦੇ ਲੋਕਾਂ ਨੂੰ ਕੋਰੋਨਾ ਤੋਂ ਜਾਗਰੂਕ ਕਰਨ ਦੀ ਜਿੰਮੇਵਾਰੀ ਨਿਭਾ ਰਿਹਾ ਹੈ ਹੈਲਥ ਵਰਕਰ ਵਰਿੰਦਰਜੀਤ ਸਿੰਘ
ਬਟਾਲਾ, 30 ਜੂਨ (ਅਵਿਨਾਸ਼,ਸੰਜੀਵ ਨਈਅਰ ) : ਪੀ.ਐੱਚ.ਸੀ. ਭੁੱਲਰ ਦੇ ਅਧੀਨ ਪੈਂਦੇ ਸਬ ਸੈਂਟਰ ਚਾਹਲ ਕਲਾਂ ਦੇ ਹੈਲਥ ਵਰਕਰ ਵਰਿੰਦਰਜੀਤ ਸਿੰਘ ਵਲੋਂ ਕੋਰੋਨਾ ਮਹਾਮਾਰੀ ਨੂੰ ਖਤਮ ਦੀ ਜੰਗ ਵਿਚ ਇੱਕ ਬਹਾਦਰ ਯੋਧੇ ਦੇ ਵਾਂਗ ਜੀਅ ਜਾਨ ਨਾਲ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਹੈਲਥ ਵਰਕਰ ਵਰਿੰਦਰਜੀਤ ਸਿੰਘ ਸਬ ਸੈਂਟਰ ਚਾਹਲ ਕਲਾਂ ਦੇ ਅਧੀਨ ਪੈਂਦੇ 45 ਪਿੰਡਾਂ ਨੂੰ ਕੋਰੋਨਾ ਮੁਕਤ ਕਰਨ ਲਈ ਦਿਨ-ਰਾਤ ਲੱਗਾ ਹੋਇਆ ਹੈ ਅਤੇ ਉਸ ਵੱਲੋਂ ਨਿਭਾਈਆਂ ਜਾ ਰਹੀਆਂ ਮਿਸਾਲੀ ਸੇਵਾਵਾਂ ਦੀ ਹਰ ਪਾਸੇ ਸਰਾਹਨਾ ਹੋ ਰਹੀ ਹੈ। ਵਰਿੰਦਰਜੀਤ ਸਿੰਘ ਵਲੋਂ ਕੋਰੋਨਾ ਸੰਕਟ ਦੌਰਾਨ ਦਿੱਤੀਆਂ ਜਾ ਰਹੀਆਂ ਮਿਸਾਲੀ ਸੇਵਾਵਾਂ ਲਈ ਉਸਨੂੰ ਸਿਹਤ ਵਿਭਾਗ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਵੀ ਕੀਤਾ ਗਿਆ ਹੈ।
ਹੈਲਥ ਵਰਕਰ ਵਰਿੰਦਰਜੀਤ ਸਿੰਘ ਵਲੋਂ ਸਬ ਸੈਂਟਰ ਚਾਹਲ ਕਲਾਂ ਦੇ ਅਧੀਨ ਪੈਂਦੇ 45 ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਸ ਵਲੋਂ ਆਪਣੇ ਸਾਥੀਆਂ ਨਾਲ ਹਰ ਪਿੰਡ ਦੇ ਘਰ-ਘਰ ਜਾ ਕੇ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਤੋਂ ਜਾਣੂ ਕਰਵਾ ਰਹੇ ਹਨ। ਇਸ ਤੋਂ ਪਿੰਡਾਂ ਵਿੱਚ ਜਦੋਂ ਵੀ ਕੋਈ ਵਿਅਕਤੀ ਬਾਹਰਲੇ ਦੇਸ਼ ਜਾਂ ਦੂਜੇ ਰਾਜ ਤੋਂ ਆਉਂਦਾ ਹੈ ਤਾਂ ਵਰਿੰਦਰਜੀਤ ਸਿੰਘ ਵਲੋਂ ਉਨ੍ਹਾਂ ਵਿਅਕਤੀਆਂ ਦੇ ਸਿਵਲ ਹਸਪਤਾਲ ਬਟਾਲਾ ਤੋਂ ਕੋਰੋਨਾ ਦੇ ਟੈਸਟ ਕਰਾਏ ਜਾ ਰਹੇ ਹਨ ਅਤੇ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਜਾ ਰਿਹਾ ਹੈ। ਇਕਾਂਤਵਾਸ ਕੀਤੇ ਵਿਅਕਤੀਆਂ ਦੀ ਰੋਜ਼ਾਨਾਂ ਜਾਂਚ ਕਰਨ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਵੀ ਲਈ ਜਾਂਦੀ ਹੈ।
ਵਰਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਆਪਣੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣਾ ਸਿਹਤ ਵਿਭਾਗ ਦੀ ਜਿੰਮੇਵਾਰੀ ਹੈ ਅਤੇ ਉਹ ਆਪਣੀ ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਦਿਲ-ਜਾਨ ਤੋਂ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਇੱਕ ਨਾਮੁਰਾਦ ਬਿਮਾਰੀ ਹੈ ਪਰ ਸਾਵਧਾਨੀਆਂ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਲਾਜ ਨਾਲੋਂ ਹਮੇਸ਼ਾਂ ਹੀ ਪਰਹੇਜ਼ ਚੰਗਾ ਹੁੰਦਾ ਹੈ ਅਤੇ ਉਹ ਕੋਸ਼ਿਸ਼ ਕਰ ਰਹੇ ਹਨ ਕਿ ਪ੍ਰਹੇਜ਼ ਰਾਹੀਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾ ਸਕੀਏ। ਵਰਿੰਦਰਜੀਤ ਸਿੰਘ ਨੇ ਆਪਣੇ ਸੀਨੀਅਰ ਅਤੇ ਡਾਕਟਰ ਸਾਹਿਬਾਨ ਵੱਲੋਂ ਦਿੱਤੀ ਜਾ ਰਹੀ ਅਗਵਾਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਜਲਦ ਤੋਂ ਜਲਦ ਕੋਰੋਨਾ ਵਾਇਰਸ ਨੂੰ ਖਤਮ ਕੀਤਾ ਜਾ ਸਕੇ।
ਓਧਰ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਵੀ ਹੈਲਥ ਵਰਕਰ ਵਰਿੰਦਰਜੀਤ ਸਿੰਘ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸਰਾਹਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਖਤਮ ਕਰਨ ਵਿੱਚ ਸਿਹਤ ਵਿਭਾਗ ਦੀ ਭੂਮਿਕਾ ਕਾਬਲ-ਏ-ਤਾਰੀਫ਼ ਰਹੀ ਹੈ ਅਤੇ ਡਾਕਟਰਾਂ ਦੇ ਨਾਲ ਪੈਰਾ ਮੈਡੀਕਲ ਸਟਾਫ਼ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਹੈਲਥ ਵਰਕਰ ਵਰਿੰਦਰਜੀਤ ਸਿੰਘ ਨੂੰ ਵਧੀਆ ਸੇਵਾਵਾਂ ਲਈ ਸ਼ਾਬਾਸ਼ ਦਿੱਤੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp