ਗਟਰਾਂ ਦੇ ਖੁੱਲ੍ਹੇ ਢੱਕਣਾਂ ਕਾਰਨ ਹਾਦਸਿਆਂ ਦਾ ਡਰ
ਗੜ੍ਹਸ਼ੰਕਰ,(ਅਸ਼ਵਨੀ ਸ਼ਰਮਾ) : ਸਥਾਨਕ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਗਟਰਾਂ ਦੇ ਖੁੱਲ੍ਹੇ ਢੱਕਣ ਜਿੱਥੇ ਲੰਘਣ ਵਾਲੇ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਉੱਥੇ ਹੀ ਨੇੜੇ ਦੇ ਵਸਨੀਕ ਗਟਰਾਂ ਦੇ ਖੁੱਲ੍ਹੇ ਢੱਕਣਾਂ ਕਾਰਨ ਬਦਬੂਦਾਰ ਮਾਹੌਲ ਵਿੱਚ
ਰਹਿਣ ਲਈ ਮਜ਼ਬੂਰ ਹੋ ਗਏ ਹਨ। ਸ਼ਹਿਰ ਦੇ ਵਾਰਡ ਨੰਬਰ ਤਿੰਨ ਵਿੱਚ ਸਥਿਤ ਹਨੂੰਮਾਨ ਮੰਦਿਰ ਕੋਲ ਗਟਰ ਦੇ ਢੱਕਣ ਦਾ ਖੁੱਲ੍ਹਾ ਹੋਣਾ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਰਿਹਾ ਹੈ।
ਇਸਦੇ ਨਾਲ ਹੀ ਵਾਰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਇਸ ਬਾਰੇ ਗੱਲ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਕੁਮਾਰ ਲਵਲੀ ਖੰਨਾ ਨੇ ਕਿਹਾ ਕਿ ਮੰਦਿਰ ਵਿੱਚ ਜਾਣ ਵਾਲੇ ਸ਼ਰਧਾਲੂ ਖੁੱਲ੍ਹੇ ਗਟਰ ਕਾਰਨ ਕਿਸੇ ਵੀ ਹਾਦਸੇ ਦੇ ਸ਼ਿਕਾਰ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਪੂਰੇ ਦੇਸ਼ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ ਪਰ ਨਗਰ ਕੌਂਸਲ
ਗੜ੍ਹਸ਼ੰਕਰ ਸਾਫ ਸਫਾਈ ਦੇ ਮਾਮਲੇ ਵਿੱਚ ਅੱਖਾਂ ਬੰਦ ਕਰੀ ਬੈਠਾ ਹੈ। ਉਨ੍ਹਾਂ ਕਿਹਾ ਕਿ ਨੰਗਲ ਰੋਡ, ਆਨੰਦਪੁਰ ਸਾਹਿਬ ਰੋਡ ਅਤੇ ਨਵਾਂਸ਼ਹਿਰ ਰੋਡ ‘ਤੇ ਗੰਦਗੀ ਦੇ ਢੇਰ ਲੱਗੇ ਹਨ ਅਤੇ ਲੋਕਾਂ ਦਾ ਲਾਂਘਾ ਮੁਸ਼ਕਿਲ ਬਣ ਗਿਆ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਪਾਸੇ ਕੋਈ ਕੰਮ ਨਾ ਕੀਤਾ ਗਿਆ ਤਾਂ ਸੰਘਰਸ਼ ਲਈ ਮਜ਼ਬੂਰ ਹੋਣਾ ਪਵੇਗਾ। ਇਸ ਬਾਰੇ ਕੌਂਸਲ ਦੇ ਈਓ ਨੇ ਕਿਹਾ ਕਿ ਉਹ ਖੁੱਲ੍ਹੇ ਗਟਰ ਬੰਦ ਕਰਾਉਣ ਲਈ ਤੁਰੰਤ ਕਾਰਵਾਈ ਕਰਨਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp