”ਸਰਕਾਰੀ ਸਕੂਲਾਂ ਦਾ ਮਾਣ ਬਣੀ ਬੀਤ ਇਲਾਕੇ ਦੀ ਧੀ ” ਭਾਰਤੀ ਫੌਜ ਚ ਤਰੱਕੀ ਲੈ ਕੇ ” ਮੇਜਰ ਬਣੀ ਸਰੋਜ ਬਾਲਾ ”
ਗੜ੍ਹਸ਼ੰਕਰ 2 ਜੁਲਾਈ (ਅਸ਼ਵਨੀ ਸ਼ਰਮਾ) : ਸਰਕਾਰੀ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਬੱਚੇ ਹਰ ਖੇਤਰ ਵਿੱਚ ਮੱਲਾਂ ਮਾਰਨ ਦੇ ਯੋਗ ਹਨ।ਇਸ ਸਤਰ ਨੂੰ ਸੱਚ ਕਰ ਦਿਖਾਇਆ ਹੈ ਬੀਤ ਇਲਾਕੇ ਦੇ ਪਿੰਡ ਗੜ੍ਹੀ ਮਾਨਸੋਵਾਲ ਦੀ ਜੰਮਪਲ ਸਵਰਗੀ ਮੱਘਰ ਸਿੰਘ ਬੈਂਸ ਅਤੇ ਊਸ਼ਾ ਦੇਵੀ ਦੀ ਲਾਡਲੀ ਧੀ ਸਰੋਜ ਬਾਲਾ ਨੇ।ਸਰੋਜ ਬਾਲਾ ਜੂਨ 2016 ਵਿੱਚ ਭਾਰਤੀ ਫੌਜ ਵਿੱਚ ਬਤੌਰ ਕੈਪਟਨ ਭਰਤੀ ਹੋਈ ਸੀ ਅਤੇ ਜੂਨ 2020 ਵਿੱਚ ਤਰੱਕੀ ਉਪਰੰਤ ਮੇਜਰ ਬਣੀ।ਇਹ ਗੱਲ ਕਾਬਲੇ ਗੌਰ ਹੈ ਕਿ ਸਰੋਜ ਬਾਲਾ ਨੇ ਸਮੁੱਚੀ ਪੜ੍ਹਾਈ ਸਰਕਾਰੀ ਅਦਾਰਿਆਂ ਤੋਂ ਹੀ ਪ੍ਰਾਪਤ ਕੀਤੀ।
ਮੁਢਲੀ ਪੜ੍ਹਾਈ ਤੋਂ ਬਾਅਦ ਸਰੋਜ ਬਾਲਾ ਨੇ ਨੌਵੀਂ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਗੜ੍ਹੀ ਮਾਨਸੋਵਾਲ ਵਿਖੇ ਦਾਖਲਾ ਲਿਆ।ਇਸ ਸਕੂਲ ਤੋਂ ਦਸਵੀਂ ਕਰਨ ਉਪਰੰਤ ਬਾਰ੍ਹਵੀਂ ਜਮਾਤ ਮੈਡੀਕਲ ਵਿਸ਼ਿਆਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਤੋਂ ਪਾਸ ਕੀਤੀ।ਇਸ ਤੋਂ ਬਾਅਦ ਉਸਨੇ ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਕੀਤੀ।ਇਸ ਤੋਂ ਬਾਅਦ ਸਰੋਜ ਬਾਲਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਨਿਯੁਕਤ ਹੋਈ।
ਦੋ ਮਹੀਨੇ ਦੀ ਨੌਕਰੀ ਤੋਂ ਬਾਅਦ 2016 ਵਿੱਚ ਡਾ. ਸਰੋਜ ਬਾਲਾ ਦੀ ਚੋਣ ਭਾਰਤੀ ਫੌਜ ਵਿੱਚ ਬਤੌਰ ਕੈਪਟਨ ਹੋ ਗਈ ਅਤੇ ਤਰੱਕੀ ਉਪਰੰਤ ਮੇਜਰ ਬਣੀ।ਮੇਜਰ ਸਰੋਜ ਬਾਲਾ ਨੇ ਦੱਸਿਆ ਕਿ ਮੇਰੇ ਇਸ ਮੁਕਾਮ ‘ਤੇ ਪੁੱਜਣ ਵਿੱਚ ਮੇਰੇ ਮਾਤਾ-ਪਿਤਾ ਤੋਂ ਇਲਾਵਾ ਸਮਰਪਿਤ ਅਧਿਆਪਕਾਂ ਅਤੇ ਸੁਹਿਰਦ ਦੋਸਤਾਂ ਦਾ ਵਡਮੁੱਲਾ ਯੋਗਦਾਨ ਹੈ।ਉਸਨੇ ਬੜੇ ਮਾਣ ਨਾਲ ਕਿਹਾ ਕਿ ਮੇਰੀ ਕਾਮਯਾਬੀ ਲਈ ਸਰਕਾਰੀ ਹਾਈ ਸਕੂਲ ਗੜ੍ਹੀ ਮਾਨਸੋਵਾਲ ਦੀ ਉਸ ਵੇਲੇ ਦੀ ਅਧਿਆਪਕਾਂ ਦੀ ਸਮਰਪਿਤ ਟੀਮ ਦਾ ਵਿਸ਼ੇਸ਼ ਯੋਗਦਾਨ ਹੈ।
ਜਿਹਨਾਂ ਵਿੱਚ ਮੁੱਖ ਅਧਿਆਪਕ ਸਵਰਗੀ ਗੁਰਦੇਵ ਰਾਮ, ਰਕੇਸ਼ ਕਪਿਲਾ, ਅਮਰੀਕ ਸਿੰਘ ਦਿਆਲ, ਰਾਜੇਸ਼ ਮਹਾਜਨ ਪਠਾਨਕੋਟ, ਸਵਰਗੀ ਤਿਲਕ ਧੀਮਾਨ, ਸਵਰਗੀ ਨੰਦ ਕਿਸ਼ੋਰ ਸੋਨੀ, ਸਵਰਨ ਚੰਦ, ਅਜੇ ਟੋਨੀ ਦੇ ਨਾਂ ਮੁੱਖ ਹਨ।ਮੇਜਰ ਸਰੋਜ ਬਾਲਾ ਨੂੰ ਇਸ ਗੱਲ ਦਾ ਫਖਰ ਹੈ ਕਿ ਉਸਨੇ ਮੁਢਲੀ ਸਿੱਖਿਆ ਤੋਂ ਲੈ ਕੇ ਐੱਮ.ਬੀ.ਬੀ.ਐੱਸ ਤੱਕ ਦੀ ਪੜ੍ਹਾਈ ਸਰਕਾਰੀ ਸੰਸਥਾਵਾਂ ਤੋਂ ਕੀਤੀ ਹੈ।
ਮੇਜਰ ਸਰੋਜ ਬਾਲਾ ਦੀ ਤਰੱਕੀ ਦੀ ਖਬਰ ਸੁਣਦਿਆਂ ਪਿੰਡ ਗੜ੍ਹੀ ਮਾਨਸੋਵਾਲ ਅਤੇ ਸਮੁੱਚੇ ਇਲਾਕੇ ਵਿੱਚ ਖੁਸੀ ਦੀ ਲਹਿਰ ਫੈਲ ਗਈ।ਮੇਜਰ ਸਰੋਜ ਬਾਲਾ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸਰਪੰਚ ਨਰਿੰਦਰ ਕੌਰ, ਜਰਨੈਲ ਸਿੰਘ ਜੈਲਾ, ਮਾਸਟਰ ਚੂਹੜ ਸਿੰਘ, ਮਾਸਟਰ ਧਰਮਪਾਲ, ਸਾਬਕਾ ਸਰਪੰਚ ਜਗਦੇਵ ਸਿੰਘ, ਹਰਮੇਸ਼ ਮਿੱਠੂ ਸਮੇਤ ਪਿੰਡ ਅਤੇ ਇਲਾਕਾ ਵਾਸੀਆਂ ਨੇ ਵਧਾਈ ਦਿੱਤੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp