ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਵਿੱਚ 4245 ਅਸਾਮੀਆਂ ਦੀ ਭਰਤੀ ਕਰੇਗੀ ਰਾਜ ਸਰਕਾਰ : ਚੇਅਰਮੈਨ ਅਮਰਦੀਪ ਚੀਮਾ
ਬਟਾਲਾ, 2 ਜੁਲਾਈ ( ਸੰਜੀਵ ਨਈਅਰ,ਅਵਿਨਾਸ਼ ) : ਕੋਰੋਨਾ ਵਾਇਰਸ ਦੇ ਫੈਲਾਅ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਰਕੇ ਸਥਿਤੀ ਨਾਲ ਹੋਰ ਪ੍ਰਭਾਵੀ ਢੰਗ ਰਾਹੀਂ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਵਿੱਚ ਖਾਲੀ ਪਈਆਂ 3954 ਰੈਗੂਲਰ ਅਸਾਮੀਆਂ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ 291 ਅਸਾਮੀਆਂ ਜਲਦ ਹੀ ਭਰੀਆਂ ਜਾ ਰਹੀਆਂ ਹਨ। ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਪੰਜਾਬ ਕੈਬਨਿਟ ਵਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ 3954 ਅਸਾਮੀਆਂ ਵਿੱਚੋਂ 2966 ਅਸਾਮੀਆਂ ਪਹਿਲੇ ਪੜਾਅ ਵਿੱਚ ਭਰੀਆਂ ਜਾਣਗੀਆਂ ਜਦਕਿ ਬਾਕੀ 988 ਅਸਾਮੀਆਂ ਅਗਲੇ ਪੜਾਅ ਵਿੱਚ ਭਰੀਆਂ ਜਾਣਗੀਆਂ ਜੋ 30 ਸਤੰਬਰ, 2020 ਨੂੰ ਖਾਲੀ ਹੋਣਗੀਆਂ। ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਨੇ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਿੱਚ ਵਿਸ਼ੇਸ਼ ਚੋਣ ਕਮੇਟੀ ਵੱਲੋਂ ਵਾਕ-ਇਨ-ਇੰਟਰਵਿਊ ਰਾਹੀਂ ਮੈਡੀਕਲ ਅਫਸਰਾਂ (ਸਪੈਸ਼ਲਿਸਟ) ਦੀ ਕੀਤੀ ਜਾਣ ਵਾਲੀ ਭਰਤੀ ਨੂੰ ਵੀ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਚੇਅਰਮੈਨ ਸ. ਚੀਮਾ ਨੇ ਦੱਸਿਆ ਕਿ ਰਾਜ ਸਰਕਾਰ ਨੇ ਡਾਕਟਰਾਂ, ਪੈਰਾ ਮੈਡੀਕਲ ਅਤੇ ਹੋਰ ਸਟਾਫ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਘੇਰੇ ਵਿੱਚੋਂ ਕੱਢ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਰਾਹੀਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਇਹ ਅਸਾਮੀਆਂ ਭਰਨ ਦਾ ਫੈਸਲਾ ਕੋਵਿਡ-19 ਦੀ ਮਹਾਂਮਾਰੀ ਦਰਮਿਆਨ ਹੰਗਾਮੀ ਜ਼ਰੂਰਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਗਰੁੱਪ ਏ ਤੇ ਬੀ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਗਰੁੱਪ ਸੀ ਤੇ ਡੀ ਦੀ ਭਰਤੀ ਅਧੀਨ ਚੋਣ ਸੇਵਾਵਾਂ ਬੋਰਡ ਵੱਲੋਂ ਕੀਤੀ ਜਾਂਦੀ ਹੈ।
ਸ. ਚੀਮਾ ਨੇ ਦੱਸਿਆ ਕਿ 2966 ਅਸਾਮੀਆਂ ਵਿੱਚੋਂ 235 ਮੈਡੀਕਲ ਅਫਸਰ (ਜਨਰਲ), ਇਕ ਮੈਡੀਕਲ ਅਫਸਰ ਸਪੈਸ਼ਲਿਸਟ (ਮਾਈਕ੍ਰੋਬਾਇਓਲੌਜਿਸਟ), ਚਾਰ ਮੈਡੀਕਲ ਅਫਸਰ ਸਪੈਸ਼ਲਿਸਟ (ਸੋਸ਼ਲ ਪ੍ਰੀਵੈਂਟਿਵ ਮੈਡੀਸਨ), 35 ਮੈਡੀਕਲ ਅਫਸਰ (ਡੈਂਟਲ), 598 ਸਟਾਫ ਨਰਸਾਂ, 180 ਫਾਰਮਾਸਿਸਟ (ਫਾਰਮੇਸੀ ਅਫਸਰ), 600 ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਅਤੇ 200 ਮਲਟੀਪਰਪਜ਼ ਹੈਲਥ ਵਰਕਰ (ਪੁਰਸ਼), 139 ਰੇਡੀਓਗ੍ਰਾਫਰਜ਼, 44 ਡਾਇਲਸਿਸ ਟੈਕਨੀਸ਼ੀਅਨ, 116 ਓਪਰੇਸ਼ਨ ਥੀਏਟਰ ਐਸਿਸਟੈਂਟ, 14 ਈ.ਸੀ.ਜੀ. ਟੈਕਨੀਸ਼ੀਅਨ ਤੋਂ ਇਲਾਵਾ 800 ਵਾਰਡ ਅਟੈਂਡੈਂਟ ਦੀ ਭਰਤੀ ਕੀਤੀ ਜਾਵੇਗੀ। ਇਨਾਂ ਤੋਂ ਇਲਾਵਾ 30 ਸਤੰਬਰ, 2020 ਨੂੰ ਖਾਲੀ ਹੋਣ ਵਾਲੀਆਂ ਕੁੱਲ 988 ਅਸਾਮੀਆਂ ਵਿਰੁੱਧ 265 ਮੈਡੀਕਲ ਅਫਸਰ (ਜਨਰਲ), 323 ਮੈਡੀਕਲ ਅਫਸਰ ਸਪੈਸ਼ਲਿਸਟ, 302 ਫਾਰਮਸਿਸਟ (ਫਾਰਮੇਸੀ ਅਫਸਰ) ਅਤੇ 98 ਐਮ.ਐਲ.ਟੀ. (ਗ੍ਰੇਡ-2) ਦੀ ਭਰਤੀ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਸਰਕਾਰੀ ਨੌਕਰੀ ਕਰ ਰਹੇ ਵਿਅਕਤੀਆਂ ਦੀ ਸਿੱਧੀ ਭਰਤੀ ਰਾਹੀਂ ਨਿਯੁਕਤੀ ਵਿੱਚ ਉਪਰਲੀ ਉਮਰ ਹੱਦ 45 ਸਾਲ ਤੱਕ ਕਰਨ ਦੀ ਛੋਟ ਦੀ ਲੀਹ ’ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵੱਖ-ਵੱਖ ਵਿੰਗਾਂ/ਸੰਸਥਾਵਾਂ ਵਿੱਚ ਠੇਕੇ/ਆਊਟਸੋਰਸਿੰਗ ਦੇ ਆਧਾਰ ’ਤੇ ਪਹਿਲਾਂ ਹੀ ਕੰਮ ਕਰ ਰਹੇ ਮੁਲਾਜ਼ਮਾਂ ਦੀ ਭਰਤੀ ਦੇ ਸਮੇਂ ਉਪਰਲੀ ਉਮਰ ਹੱਦ 45 ਸਾਲ ਤੱਕ ਕਰਨ ਵਿੱਚ ਛੋਟ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਵਿਦਿਅਕ ਯੋਗਤਾ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਮਿਲੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp