ਸਰਬੱਤ ਦਾ ਭਲਾ ਟਰੱਸਟ ਏਅਰਪੋਰਟ ਮੁਲਾਜ਼ਮਾਂ ਦੀ ਮਦਦ ਲਈ ਆਇਆ ਅੱਗੇ
ਜੋ ਵੀ ਜ਼ਰੂਰਤਮੰਦ ਸੰਪਰਕ ਕਰੇਗਾ ਹਰ ਸੰਭਵ ਮਦਦ ਕਰਾਂਗੇ : ਡਾ.ਓਬਰਾਏ
ਚੰਡੀਗੜ੍ਹ / ਹੁਸ਼ਿਆਰਪੁਰ ,3 ਜੁਲਾਈ ( ਚੌਧਰੀ ) : ਦੁਨੀਆਂ ਭਰ ‘ਚ ਰੱਬ ਦੇ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਕਰੋਨਾ ਬਿਪਤਾ ਕਾਰਨ ਪ੍ਰਭਾਵਿਤ ਹੋਏ ਚੰਡੀਗੜ੍ਹ ਏਅਰਪੋਰਟ ਵਿਖੇ ਵੱਖ-ਵੱਖ ਏਅਰਲਾਈਨਾਂ ਨਾਲ ਸਬੰਧਿਤ 150 ਮੁਲਾਜ਼ਮਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹਨ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਟਰੱਸਟ ਦੀ ਚੰਡੀਗੜ੍ਹ ਇਕਾਈ ਦੇ ਅਹੁਦੇਦਾਰ ਮਨਵਿੰਦਰ ਸਿੰਘ ਚੌਹਾਨ ਅਤੇ ਬਲਵਿੰਦਰ ਸਿੰਘ ਜੌਲੀ ਰਾਹੀਂ ਚੰਡੀਗੜ੍ਹ ਏਅਰਪੋਰਟ ਤੇ ਇੰਡੀਗੋ,ਗੋ-ਏਅਰ,ਆਰੂਨ ਐਵੀਏਸ਼ਨ ਅਤੇ ਇੰਡੋ ਥਾਈ ਏਅਰਲਾਈਨਾਂ ਦੇ ਗਰਾਊਂਡ ਸਟਾਫ ਅਤੇ ਪੋਰਟਰਸ ਦੇ ਤੌਰ ਤੇ ਕੰਮ ਕਰਨ ਵਾਲੇ 150 ਲੋੜਵੰਦ ਮੁਲਾਜ਼ਮਾਂ ਨੂੰ ਇੱਕ-ਇੱਕ ਮਹੀਨੇ ਦੇ ਸੁੱਕੇ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਗਈਆਂ ਹਨ।
ਡਾ. ਓਬਰਾਏ ਨੇ ਦੱਸਿਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਸ ਔਖੀ ਘੜੀ ‘ਚ ਸਮੁੱਚੇ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਅੰਦਰ ਜੋ ਸੇਵਾ ਕਾਰਜ ਕੀਤੇ ਜਾ ਰਹੇ ਹਨ,ਉਹ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਹਾਲਾਤ ਠੀਕ ਨਹੀਂ ਹੋ ਜਾਂਦੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਜੋ ਵੀ ਜ਼ਰੂਰਤਮੰਦ ਉਨ੍ਹਾਂ ਨਾਲ ਸੰਪਰਕ ਕਰੇਗਾ,ਉਸਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਦੌਰਾਨ ਏਅਰਲਾਈਨ ਇੰਡੀਗੋ ਦੇ ਇੰਚਾਰਜ ਰਵਿੰਦਰ ਸਿੰਘ ਸਿੱਧੂ,ਗੋ-ਏਅਰ ਦੇ ਇੰਚਾਰਜ ਅਮਰਜੀਤ ਸਿੰਘ,ਆਰੂਨ ਐਵੀਏਸ਼ਨ ਦੇ ਇੰਚਾਰਜ ਨੰਦਨੀ ਵਾਲੀਆ ਅਤੇ ਇੰਡੋ ਥਾਈ ਦੇ ਇੰਚਾਰਜ ਭਾਵਨਾ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp