ਕੋਵਿਡ ਪਾਬੰਦੀਆਂ ਦੇ ਬਾਵਜੂਦ ਸ਼ਾਹਪੁਰ ਕੰਡੀ ਮੇਨ ਡੈਮ ਦਾ 45 ਫ਼ੀਸਦੀ ਕੰਮ ਮੁਕੰਮਲ; 3 ਸਾਲ ਤੱਕ ਬਿਜਲੀ ਉਤਪਾਦਨ ਸ਼ੁਰੂ ਹੋਣ ਦੀ ਉਮੀਦ
ਪਠਾਨਕੋਟ, 4 ਜੁਲਾਈ (ਰਾਜਿੰਦਰ ਰਾਜਨ ਬਿਊਰੋ ):
ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪਹਿਲਕਦਮੀ ਸਦਕਾ ਵਿਭਾਗ ਦੇ ਵੱਖ-ਵੱਖ ਕਾਡਰਾਂ ਵਿਚ 104 ਅਧਿਕਾਰੀਆਂ ਨੂੰ ਕਰਫਿਊ ਅਤੇ ਲਾਕ ਡਾਊਨ ਦੌਰਾਨ ਤਰੱਕੀਆਂ ਦਿੱਤੀਆਂ ਗਈਆਂ ਹਨ। ਕਰਫਿਊ ਅਤੇ ਲਾਕ ਡਾਊਨ ਦੌਰਾਨ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਰਕਾਰੀਆ ਨੇ ਕਿਹਾ ਕਿ ਜਲ ਸਰੋਤ ਵਿਭਾਗ ਪੰਜਾਬ ਦੀ ਕਿਸਾਨੀ ਲਈ ਬਹੁਤ ਅਹਿਮ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਵਿਭਾਗ ਨੇ ਇਸ ਸਮੇਂ ਦੌਰਾਨ ਮਿਸਾਲੀ ਕੰਮ ਕੀਤੇ ਹਨ।
ਉਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਵੀ ਵਿਭਾਗ ਦੇ ਅਧਿਕਾਰੀ/ਕਰਮਚਾਰੀ ਰਜਬਾਹਿਆਂ ਅਤੇ ਮਾਈਨਰਾਂ ਦੀ ਸਫ਼ਾਈ ਦੇ ਕਾਰਜ ਵਿੱਚ ਜੁਟੇ ਰਹੇ ਹਨ। ਇਸ ਤੋਂ ਇਲਾਵਾ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਕੋਰੋਨਾਵਾਇਰਸ ਨਾਲ ਲੜਨ ਲਈ 1.60 ਕਰੋੜ ਰੁਪਏ ਸਹਾਇਤਾ ਵਜੋਂ ਮੁੱਖ ਮੰਤਰੀ ਰਾਹਤ ਫੰਡ ਲਈ ਦਿੱਤੇ ਹਨ।
ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦੇ ਮੁੱਖ ਡੈਮ ਦਾ 45 ਫ਼ੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ। ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਕੋਵਿਡ ਤੋਂ ਬਚਾਅ ਸਬੰਧੀ ‘ਮਿਸ਼ਨ ਫਤਿਹ’ ਤਹਿਤ ਦੱਸੇ ਸਾਰੇ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਂਦੇ ਹੋਏ ਜਲ ਸਰੋਤ ਵਿਭਾਗ ਨੇ 29 ਅਪਰੈਲ, 2020 ਨੂੰ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦਾ ਨਿਰਮਾਣ ਕਾਰਜ ਮੁੜ ਸ਼ੁਰੂ ਕੀਤਾ ਸੀ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਅਗਸਤ 2023 ਤੱਕ ਬਿਜਲੀ ਉਤਪਾਦਨ ਸ਼ੁਰੂ ਹੋਣ ਦੀ ਆਸ ਹੈ। ਇਸ ਨਾਲ ਰਾਜ ਵਿੱਚ ਸਿੰਜਾਈ ਪ੍ਰਣਾਲੀ ਅਤੇ ਵਾਤਾਵਰਨ ਪੱਖੀ ਬਿਜਲੀ ਉਤਪਾਦਨ ਵਿੱਚ ਹੋਰ ਸੁਧਾਰ ਆਵੇਗਾ।
ਜਲ ਸਰੋਤ ਵਿਭਾਗ ਵਿਚ ਹੋਈਆਂ ਤਰੱਕੀਆਂ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ 5 ਨਿਗਰਾਨ ਇੰਜੀਨੀਅਰਾਂ ਨੂੰ ਮੁੱਖ ਇੰਜੀਨੀਅਰ ਵੱਜੋਂ ਤਰੱਕੀ ਦਿੱਤੀ ਗਈ ਹੈ ਜਦਕਿ 25 ਕਾਰਜਕਾਰੀ ਇੰਜੀਨੀਅਰਾਂ ਨੂੰ ਤਰੱਕੀ ਦੇ ਕੇ ਨਿਗਰਾਨ ਇੰਜੀਨੀਅਰ ਬਣਾਇਆ ਗਿਆ ਹੈ। ਇਸੇ ਤਰਾਂ 43 ਜੇ.ਈ./ਸਹਾਇਕ ਇੰਜੀਨੀਅਰਾਂ ਨੂੰ ਤਰੱਕੀ ਦੇ ਕੇ ਉਪ ਮੰਡਲ ਅਫਸਰ (ਐਸ.ਡੀ.ਓ.) ਬਣਾਇਆ ਗਿਆ ਹੈ ਅਤੇ 31 ਮਾਲ ਕਲਰਕਾਂ/ਮੁੱਖ ਮਾਲ ਕਲਰਕਾਂ ਨੂੰ ਜ਼ਿਲੇਦਾਰ ਵੱਜੋਂ ਤਰੱਕੀ ਦਿੱਤੀ ਗਈ ਹੈ।
———
EDITOR
CANADIAN DOABA TIMES
Email: editor@doabatimes.com
Mob:. 98146-40032 whtsapp