ਚੰਡੀਗੜ੍ਹ: ਸੀਨੀਅਰ ਕਾਂਗਰਸੀ ਨੇਤਾ ਰਾਜ ਬੱਬਰ ਨੇ ਅੱਜ ਅੰਮ੍ਰਿਤਸਰ ਵਿੱਚ ਰਾਫੇਲ ਡੀਲ ਦੇ ਮੁੱਦੇ ‘ਤੇ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਡੀਲ ਅਨਿਲ ਅੰਬਾਨੀ ਦੀ ਕੰਪਨੀ ਨੂੰ ਫਾਇਦਾ ਦੇਣ ਲਈ ਕੀਤੀ ਗਈ ਹੈ। ਕਾਂਗਰਸੀ ਨੇਤਾ ਰਾਜ ਬੱਬਰ ਨੇ ਸਥਾਨਕ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੰਕਾ ਜਤਾਈ ਕਿ ਮੋਦੀ ਸਰਕਾਰ ਆਪਣੇ ਖ਼ਾਸ ਮਿੱਤਰ ਤੇ ਅੰਬਾਨੀ ਦੇ ਸਹਾਰੇ ਅਗਲੀਆਂ ਚੋਣਾਂ ਦੀ ਤਿਆਰੀ ਕਰ ਰਹੀ ਹੈ।
ਰਾਜ ਬੱਬਰ ਨੇ ਦੋਸ਼ ਲਾਇਆ ਕਿ ਯੂਪੀਏ ਵੱਲੋਂ ਜੋ ਡੀਲ ਕੀਤੀ ਗਈ ਸੀ, ਉਸ ਵਿਰੁੱਧ ਜਾ ਕੇ ਐਨਡੀਏ ਨੇ ਜੋ ਡੀਲ ਕੀਤੀ, ਉਸ ਮੁਤਾਬਕ ਰਾਫੇਲ ਸੌਦੇ ਵਿੱਚ ਹੇਰਾਫੇਰੀ ਕਰਕੇ ਦੇਸ਼ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਆਉਣ ਵਾਲੇ ਸਮੇਂ ਵਿੱਚ ਐਨਡੀਏ ਸਰਕਾਰ ਨੂੰ ਸਬਕ ਸਿਖਾਉਣਗੇ।
ਇਸ ਤੋਂ ਇਲਾਵਾ ਰਾਜ ਬੱਬਰ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੌਰਾਨ ਕਿਹਾ ਕਿ ਕਿਸੇ ਵੀ ਸਰਕਾਰ ਵੱਲੋਂ ਬਣਾਏ ਜਾਂਦੇ ਕਮਿਸ਼ਨ ਦੀ ਰਿਪੋਰਟ ਉੱਪਰ ਸਵਾਲ ਨਹੀਂ ਚੁੱਕਣੇ ਚਾਹੀਦੇ। ਬਰਗਾੜੀ ਕਾਂਡ ਇੱਕ ਗੰਭੀਰ ਮੁੱਦਾ ਹੈ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਹਰ ਹਾਲਤ ਵਿੱਚ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁਰਾਸੀ ਦੰਗਿਆਂ ਸਬੰਧੀ ਪਿਛਲੇ ਦਿਨਾਂ ਵਿੱਚ ਆਏ ਵੱਖ-ਵੱਖ ਬਿਆਨਾਂ ਬਾਰੇ ਬੋਲਦਿਆਂ ਕਿਹਾ ਕਿ ਉਹ ਕਿਸੇ ਦੇ ਬਿਆਨ ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਇਹ ਜ਼ਰੂਰ ਕਹਿਣਾ ਚਾਹੁੰਦੇ ਹਨ ਕਿ ਚੁਰਾਸੀ ਦੰਗਿਆਂ ਵਿੱਚ ਕੁਝ ਉਨ੍ਹਾਂ ਦੇ ਨਜ਼ਦੀਕੀਆਂ ਦਾ ਵੀ ਨੁਕਸਾਨ ਹੋਇਆ ਤੇ ਇਸ ਲਈ ਜੋ ਵੀ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp