ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਬਟਾਲਾ ਦੇ ਪਟਵਾਰੀਆਂ ਨੇ ਮਿਸਾਲੀ ਭੂਮਿਕਾ ਨਿਭਾਈ
ਕੋਰੋਨਾ ਮ੍ਰਿਤਕਾਂ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਪਟਵਾਰੀਆਂ ਨੇ ਨਿਭਾਈਆਂ
ਬਟਾਲਾ, 4 ਜੁਲਾਈ (ਸੰਜੀਵ ਕੁਮਾਰ, ਅਵਿਨਾਸ਼ ) – ਕੋਵਿਡ-19 ਦੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਬਟਾਲਾ ਤਹਿਸੀਲ ਨਾਲ ਸਬੰਧਤ ਪਟਵਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਪਟਵਾਰੀ ਬਲਜੀਤ ਸਿੰਘ, ਵਿਪਨ, ਗੁਰਿੰਦਰ ਸਿੰਘ ਅਤੇ ਬਖਸ਼ੀਸ਼ ਨੇ ਕੋਰੋਨਾ ਵਾਇਰਸ ਦੀ ਐਮਰਜੈਂਸੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਜਾਗਰੂਕ ਕੀਤਾ ਹੈ। ਨਾਇਬ ਤਹਿਸੀਲਦਾਰ ਬਟਾਲਾ ਜਸਕਰਨਜੀਤ ਸਿੰਘ ਨੇ ਦੱਸਿਆ ਕਿ ਪਟਵਾਰੀ ਬਲਜੀਤ ਸਿੰਘ, ਵਿਪਨ, ਗੁਰਿੰਦਰ ਸਿੰਘ ਅਤੇ ਬਖਸ਼ੀਸ਼ ਵਲੋਂ ਜਿਥੇ ਵਿਭਾਗੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਂਦਾ ਹੈ ਉਥੇ ਇਨ੍ਹਾਂ ਵਲੋਂ ਕੋਵਿਡ-19 ਦੀ ਡਿਊਟੀ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪਟਵਾਰੀਆਂ ਨੇ ਹਿੰਮਤ ਦਿਖਾਉਂਦੇ ਹੋਏ ਬੀਤੇ ਦਿਨੀਂ ਤਿੰਨ ਵੱਖ-ਵੱਖ ਕੋਰੋਨਾ ਪੀੜ੍ਹਤ ਮ੍ਰਿਤਕਾਂ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਰਫਿਊ ਦੇ ਦੌਰਾਨ ਇਨ੍ਹਾਂ ਪਟਵਾਰੀਆਂ ਵਲੋਂ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਦੀ ਜਿੰਮੇਵਾਰੀ ਵੀ ਪੂਰੀ ਇਮਾਨਦਾਰੀ ਨਾਲ ਨਿਭਾਈ ਗਈ ਹੈ। ਨਾਇਬ ਤਹਿਸੀਲਦਾਰ ਨੇ ਕਿਹਾ ਕਿ ਬਾਹਰਲੇ ਰਾਜਾਂ ਅਤੇ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਨੂੰ ਕੁਆਰੰਟਾਈਨ ਕਰਨ ਵਿਚ ਇਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਪਟਵਾਰੀ ਬਲਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਡਿਊਟੀ ਭਾਂਵੇ ਚਣੌਤੀਆਂ ਭਰਪੂਰ ਸੀ ਪਰ ਉਨ੍ਹਾਂ ਨੇ ਆਪਣੀ ਪੂਰੀ ਵਾਹ ਲਗਾ ਕੇ ਵਧੀਆ ਨਤੀਜੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕੋਰੋਨਾ ਮ੍ਰਿਤਕਾਂ ਦਾ ਸਸਕਾਰ ਕਰਨ ਵਿੱਚ ਕੁਝ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਸੀ ਅਤੇ ਉਨ੍ਹਾਂ ਨੇ ਪੂਰੀ ਅਹਿਤਿਆਤ ਵਰਤਦਿਆਂ ਸਸਕਾਰ ਦੀਆਂ ਰਸਮਾਂ ਨਿਭਾਈਆਂ ਹਨ।
ਉਨ੍ਹਾਂ ਕਿਹਾ ਕਿ ਕੋਰੋਨਾ ਇੱਕ ਖਤਰਨਾਕ ਬਿਮਾਰੀ ਹੈ ਅਤੇ ਸਾਵਧਾਨੀ ਵਰਤ ਕੇ ਇਸਤੋਂ ਬਚਿਆ ਜਾ ਸਕਦਾ ਹੈ। ਪਟਵਾਰੀ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਰਕਰਾਰ ਰੱਖਣ ਅਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਪਟਵਾਰੀ ਵਿਪਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਖਤਮ ਕਰਨ ਲਈ ਜੋ ਮਿਸ਼ਨ ਫ਼ਤਿਹ ਚਲਾਇਆ ਗਿਆ ਹੈ ਉਸ ਤਹਿਤ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਬਿਮਾਰੀ ਉਪਰ ਫ਼ਤਿਹ ਪਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp