ਅਜੇ ਕਿਸੇ ਵੀ ਜਮਾਤ ਦਾ ਸਿਲੇਬਸ ਘੱਟ ਨਹੀਂ ਕੀਤਾ, ਪਾਠਕ੍ਰਮ ਘੱਟ ਕਰਨ ਬਾਰੇ ਮਾਹਿਰਾਂ ਦੀ ਕਮੇਟੀ ਬਣਾਈ ਜਾਵੇਗੀ- ਜਗਤਾਰ ਸਿੰਘ ਕੁਲੜੀਆ
ਵੈਬਸਾਈਟ ਉੱਤੇ ਬਿਨਾਂ ਪ੍ਰਵਾਨਗੀ ਤੋਂ ਘੱਟ ਕੀਤਾ ਪਾਠਕ੍ਰਮ ਪਾਉਣ ਦਾ ਲਿਆ ਨੋਟਿਸ, ਕੋਤਾਹੀ ਵਰਤਣ ਵਾਲੇ ਕਰਮਚਾਰੀ ਵਿਰੁੱਧ ਕਾਰਵਾਈ ਲਈ ਬੋਰਡ ਨੂੰ ਲਿਖਿਆ ਪੱਤਰ
ਚੰਡੀਗੜ 13 ਜੁਲਾਈ
ਪੰਜਾਬ ਸਰਕਾਰ ਨੇ ਹਾਲ ਦੀ ਘੜੀ ਕਿਸੇ ਵੀ ਜਮਾਤ ਦਾ ਸਿਲੇਬਸ ਘੱਟ ਕੀਤੇ ਹੋਣ ਤੋਂ ਇਨਕਾਰ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨੌਵੀਂ ਤੋਂ ਬਾਰਵੀਂ ਤੱਕ ਦੀਆਂ ਜਮਾਤਾਂ ਦੇ ਵੱਖ-ਵੱਖ ਵਿਸ਼ਿਆਂ ਦਾ ਸੈਸ਼ਨ 2020-21 ਲਈ ਪੜਾਇਆ ਜਾਣ ਵਾਲਾ ਪਾਠਕ੍ਰਮ ਘੱਟ ਕਰਕੇ ਬੋਰਡ ਦੀ ਵੈੱਬਸਾਈਟ ਉੱਪਰ ਪਾਇਆ ਗਿਆ ਸੀ ਜਿਸਦਾ ਨੋਟਿਸ ਲੈਂਦਿਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਮਾਮਲਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਧਿਆਨ ਵਿੱਚ ਲਿਆਉਣ ਨਾਲ ਬੋਰਡ ਵੱਲੋਂ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ।
ਬੁਲਾਰੇ ਅਨੁਸਾਰ ਇਹ ਸਿਲੇਬਸ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਬੋਰਡ ਦੀ ਵੈਬਸਾਇਟ ’ਤੇ ਅਪਲੋਡ ਕਰ ਦਿੱਤਾ ਗਿਆ ਜੋ ਕਿ ਇੱਕ ਗੰਭੀਰ ਕੁਤਾਹੀ ਹੈ। ਬੁਲਾਰੇ ਅਨੁਸਾਰ ਜਿਸ ਵੀ ਕਰਮਚਾਰੀ ਨੇ ਇਹ ਸਿਲੇਬਸ ਸਾਈਟ ਉੱਪਰ ਅਪਲੋਡ ਕੀਤਾ ਹੈ ਉਸ ਵਿਰੁੱਧ ਵਿਭਾਗੀ ਕਾਰਵਾਈ ਕਰਨ ਲਈ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲਿਖ ਦਿੱਤਾ ਗਿਆ ਹੈ।
ਇਸ ਸਬੰਧੀ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਜਗਤਾਰ ਸਿੰਘ ਕੁਲੜੀਆ ਨੇ ਦੱਸਿਆ ਕਿ ਕੋਵਿਡ-19 ਸੰਕ੍ਰਮਣ ਦੇ ਕਾਰਨ ਪਾਠਕ੍ਰਮ ਨੂੰ ਘੱਟ ਕਰਨ ਲਈ ਦਫਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਿੱਚ ਬਕਾਇਦਾ ਤੌਰ ‘ਤੇ ਸਿੱਖਿਆ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕਰਨ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ। ਕਮੇਟੀ ਵੱਲੋਂ ਪੂਰੀ ਪੁਣਛਾਣ ਕਰਨ ਤੋਂ ਬਾਅਦ ਇਹ ਸਿਫਾਰਸ਼ਾਂ ਸਰਕਾਰ ਨੂੰ ਭੈਜੀਆਂ ਜਾਣਗੀਆਂ ਅਤੇ ਸਰਕਾਰ ਦੀ ਪ੍ਰਵਾਨਗੀ ਮਿਲਣ ਉਪਰੰਤ ਪਾਠਕ੍ਮ ਸਬੰਧੀ ਕਾਰਵਾਈ ਕੀਤੀ ਜਾਵੇਗੀ। ਹਾਲ ਦੀ ਘੜੀ ਕਿਸੇ ਵੀ ਜਮਾਤ ਦਾ ਸਿਲੇਬਸ ਘੱਟ ਨਹੀਂ ਕੀਤਾ ਗਿਆ।
————-
EDITOR
CANADIAN DOABA TIMES
Email: editor@doabatimes.com
Mob:. 98146-40032 whtsapp