ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਾਰਨੀ ਦੀ ਔਨ-ਲਾਈਨ ਮੀਟਿੰਗ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਹੋਈ। ਅਹੁਦੇਦਾਰਾਂ ਅਤੇ ਕਾਰਜਕਾਰਨੀ ਵਿੱਚੋਂ 35 ਮੈਂਬਰਾਂ ਨੇ ਇਸ ਵਿੱਚ ਭਾਗ ਲਿਆ। ਸਭਾ ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਦੇ ਸਵਾਗਤੀ ਸ਼ਬਦਾਂ ਨਾਲ ਮੀਟਿੰਗ ਆਰੰਭ ਹੋਈ।
ਕਰਮ ਸਿੰਘ ਵਕੀਲ, ਦਫਤਰ ਸਕੱਤਰ ਅਤੇ ਮੀਤ ਪ੍ਰਧਾਨ ਨੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ 12 ਜਨਵਰੀ 2020 ਨੂੰ ਹੋਈ ਕਾਰਜਕਾਰਨੀ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਕਾਰਜਕਾਰਨੀ ਨੇ ਪਰਵਾਨਗੀ ਦਿੱਤੀ।
ਸਭ ਤੋਂ ਪਹਿਲਾਂ ਵਿੱਛੜ ਚੁੱਕੇ ਲੇਖਕਾਂ, ਚਿੰਤਕਾਂ ਤੇ ਕਲਾਕਾਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ ‘ਚ ਡਾ. ਦਲੀਪ ਕੌਰ ਟਿਵਾਣਾ, ਸ੍ਰੀ ਜਸਵੰਤ ਸਿੰਘ ਕੰਵਲ, ਪ੍ਰੋ. ਦਰਸ਼ਨ ਸਿੰਘ, ਸੁਰਜੀਤ ਹਾਂਸ, ਸੁਖਦੇਵ ਮਾਦਪੁਰੀ, ਇੰਦਰ ਸਿੰਘ ਖ਼ਾਮੋਸ਼, ਬਲਦੇਵ ਸਿੰਘ ‘ਆਜ਼ਾਦ’, ਹਰਬੰਸ ਮਾਛੀਵਾੜਾ, ਈਦੂ ਸ਼ਰੀਫ਼, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਰਾਜ ਕੁਮਾਰ ਗਰਗ, ਪ੍ਰੋ. ਗੁਰਬਚਨ ਸਿੰਘ ਨਰੂਆਣਾ, ਉਮਾ ਗੁਰਬਖ਼ਸ਼ ਸਿੰਘ, ਭੂਰਾ ਸਿੰਘ ਕਲੇਰ, ਪ੍ਰਿੰ. ਸੇਵਾ ਸਿੰਘ ਕੌੜਾ, ਡਾ. ਜਸਵੰਤ ਸਿੰਘ, ਮੁਖਤਿਆਰ ਸਿੰਘ ਚੋਹਲਾ, ਜੋਰਾ ਸਿੰਘ ਸੰਧੂ, ਜਗਜੀਤ ਸਿੰਘ ਗਿੱਲ, ਜਸਵੀਰ ਸਿਘ ਗਿੱਲ (ਮੋਗਾ), ਸਾਧੂ ਸਿੰਘ ‘ਕਿਸਾਨ’, ਸ. ਬਲੀ ਸਿੰਘ ਗੋਰਾਇਆ (ਹਰਿਆਣਾ), ਇੰਦਰਜੀਤ ਸਿੰਘ ਜੀਤ (ਯੂ.ਕੇ.), ਪ੍ਰੋ. ਰਕੇਸ਼ ਰਮਨ, ਮੱਖਣ ਲਾਲ ਸ਼ਰਮਾ, ਰਣਜੀਤ ਸਿੰਘ ਜਵੰਦਾ, ਹਰਭਜਨ ਸਿੰਘ ਜੱਖਲਾਂ, ਸ਼੍ਰੀਮਤੀ ਜਸਵੀਰ ਕੌਰ (ਭੈਣ ਸ਼ੇਲਿੰਦਰਜੀਤ ਸਿੰਘ ਰਾਜਨ), ਗੁਰਕੀਰਤਨ ਸਿੰਘ (ਸਪੁੱਤਰ ਤ੍ਰਿਪਤਾ ਕੇ. ਸਿੰਘ), ਨਰਿੰਦਰ ਡਾਨਸੀਵਾਲ, ਰਾਹਤ ਇੰਦੌਰੀ, ਭਾਈ ਸਾਹਿਬ ਭਾਈ ਨਿਰਮਲ ਸਿੰਘ ਖ਼ਾਲਸਾ (ਪਦਮਸ੍ਰੀ), ਕਾਮਰੇਡ ਹਰਪਾਲ ਸਿੰਘ ਮੁਹਾਲੀ, ਪੰਡਿਤ ਜਸਰਾਜ, ਇਰਫ਼ਾਨ (ਅਦਾਕਾਰ) ਅਤੇ ਰਿਸ਼ੀ ਕਪੂਰ ਦੇ ਨਾਂ ਸ਼ਾਮਲ ਹਨ।
ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੇ ਵੱਖ-ਵੱਖ ਪੱਖਾਂ ਉੱਪਰ ਰੌਸ਼ਨੀ ਪਾਈ। ਡਾ. ਕਰਮਜੀਤ ਸਿੰਘ, ਸ੍ਰੀ ਮੱਖਣ ਕੁਹਾੜ, ਡਾ. ਸਰਬਜੀਤ ਸਿੰਘ, ਡਾ. ਅਰਵਿੰਦਰ ਸਿੰਘ ਸਿਰਸਾ, ਡਾ. ਗੁਲਜ਼ਾਰ ਪੰਧੇਰ, ਡਾ. ਜਸਵੰਤ ਰਾਏ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਉਮਿੰਦਰ ਜੌਹਲ ਅਤੇ ਡਾ. ਕੁਲਦੀਪ ਸਿੰਘ ਦੀਪ ਨੇ ਨਵੀਂ ਸਿੱਖਿਆ ਨੀਤੀ ਦੇ ਲੋਕ-ਵਿਰੋਧੀ, ਗ਼ੈਰ-ਵਿਗਿਆਨਕ, ਲੋਕਤੰਤਰ ਵਿਰੋਧੀ ਅਤੇ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਸੱਟ ਮਾਰਨ ਵਾਲੇ ਖ਼ਾਸੇ ਉੱਪਰ ਨਿੱਠ ਕੇ ਚਰਚਾ ਕੀਤੀ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਹਾਸ਼ੀਏ ਦੇ ਸਮਾਜ ਤੇ ਦਲਿਤ ਵਿਰੋਧੀ ਹੈ। ਇਹ ਸੰਪ੍ਰਦਾਇਕਤਾ ਤੇ ਵਰਣ-ਪ੍ਰਥਾ ਨੂੰ ਮਜ਼ਬੂਤ ਕਰਨ ਵਾਲੀ ਹੈ। ਬਾਕੀ ਭਾਰਤੀ ਭਾਸ਼ਾਵਾਂ ਉੱਪਰ ਇਹ ਸੰਸਕ੍ਰਿਤ ਭਾਸ਼ਾ ਦੇ ਗ਼ਲਬੇ ਨੂੰ ਕਾਇਮ ਕਰਨ ਦੀ ਸਾਜ਼ਿਸ਼ ਹੈ। ਮੱਖਣ ਕੁਹਾੜ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਨਾਲ ਮੌਜੂਦਾ ਸਕੂਲੀ ਵਿਵਸਥਾ ਦਾ ਭੋਗ ਪੈ ਜਾਵੇਗਾ, ਅਧਿਆਪਕਾਂ ਦੀ ਭਰਤੀ ਨਹੀਂ ਹੋਵੇਗੀ, ਅਧਿਆਪਕਾਂ ਦੀ ਥਾਂ ਆਰ.ਐਸ.ਐਸ. ਦੇ ਵਲੰਟੀਅਰ ਸਿੱਖਿਆ ਦਾ ਭਗਵਾਂਕਰਨ ਕਰਨਗੇ, ਵਿਦੇਸ਼ੀ ਯੂਨੀਵਰਸਿਟੀਆਂ ਲਈ ਰਾਹ ਖੋਲ੍ਹ ਕੇ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਨੂੰ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਨੀਤੀ ਦੇ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਸਿੱਖਿਆ ਦਾ ਕੇਂਦਰੀਕਰਨ, ਨਿੱਜੀਕਰਨ ਅਤੇ ਭਗਵਾਂਕਰਨ ਹੋ ਰਿਹਾ ਹੈ। ਸੋਸ਼ਲ ਸਾਇੰਸਿਜ਼ ਅਤੇ ਭਾਸ਼ਾਵਾਂ ਦੀ ਪੜ੍ਹਾਈ ਖ਼ਤਮ ਕਰਕੇ ਤਕਨੀਕੀ ਤੇ ਕਿੱਤਾਮੁਖੀ ਸਿੱਖਿਆ ਉੱਪਰ ਬਲ ਦਿੱਤਾ ਜਾ ਰਿਹਾ ਹੈ। ਐਚ.ਆਰ.ਡੀ. ਮੰਤਰਾਲੇ ਦੀ ਥਾਂ ‘ਹਾਇਰ ਐਜੂਕੇਸ਼ਨ ਮਨਿਸਟਰੀ’ ਆਟੋਨੌਮਸ ਕਾਲਜਾਂ ਅਤੇ ਸੀ.ਬੀ.ਸੀ.ਐਸ. ਕਰੈਡਿਟ ਬੇਸਡ ਕੋਰਸ ਸਿਸਟਮ ਦਾ ਮਨੋਰਥ ਸਿੱਖਿਆ ਨੂੰ ਸਮਾਜਕ ਚੇਤਨਾ ਦੀ ਥਾਂ ਤਕਨੀਕੀ ਗਿਆਨ ਤੱਕ ਸੀਮਤ ਕਰਨਾ ਹੈ। ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚੋਂ ਪਬਲਿਕ ਫੰਡਿੰਗ ਖ਼ਤਮ ਕਰਕੇ ਸਿੱਖਿਆ ਨੂੰ ਆਰ.ਐਸ.ਐਸ. ਦੇ ਵਲੰਟੀਅਰਾਂ ਦੇ ਹਵਾਲੇ ਕਰਨ ਦੀ ਸਾਜ਼ਿਸ਼ ਹੋ ਰਹੀ ਹੈ। ਡਾ. ਗੁਲਜ਼ਾਰ ਸਿੰਘ ਪੰਧੇਰ ਦਾ ਵਿਚਾਰ ਹੈ ਕਿ ਨਵੀਂ ਸਿੱਖਿਆ ਨੀਤੀ ਬੀ.ਜੇ.ਪੀ. ਦੀ ਹਿੰਦੂਤਵਵਾਦੀ, ਸੰਪ੍ਰਦਾਇਕ ਰਾਸ਼ਟਰਵਾਦੀ ਰਾਜਨੀਤੀ ਦਾ ਹੀ ਏਜੰਡਾ ਹੈ, ਨਿੱਜੀਕਰਨ ਤੇ ਸਿੱਖਿਆ ਦੇ ਖੇਤਰ ‘ਚ ਵਿਦੇਸ਼ੀ ਨਿਵੇਸ਼ ਲਈ ਰਾਹ ਪੱਧਰਾ ਕਰਨ ਦਾ ਮਨੋਰਥ ਆਮ ਆਦਮੀ ਨੂੰ ਸਿੱਖਿਆ, ਗਿਆਨ ਤੇ ਸੱਤਾ ਤੋਂ ਦੂਰ ਰੱਖਣਾ ਹੈ। ਸਿੱਖਿਆ ਨੀਤੀ ਦੇ ਨਾਲ-ਨਾਲ ਸਾਨੂੰ ਦੂਜੇ ਸਾਰੇ ਲੋਕ-ਵਿਰੋਧੀ ਆਰਡੀਨੈਂਸਾਂ (ਜਿਵੇਂ ਖੇਤੀ ਆਰਡੀਨੈਂਸ) ਦਾ ਵੀ ਵਿਰੋਧ ਕਰਨਾ ਚਾਹੀਦਾ ਹੈ। ਪੰਧੇਰ ਅਤੇ ਦੀਪ ਦਵਿੰਦਰ ਨੇ ਕਿਹਾ ਕਿ ਇਸ ਸਮੇਂ ਸੋਸ਼ਲ ਮੀਡੀਆ ਨੂੰ ਵਿਰੋਧ ਦਰਜ ਕਰਵਾਉਣ ਲਈ ਵਰਤਣਾ ਚਾਹੀਦਾ ਹੈ। ਡਾ. ਜਸਵੰਤ ਰਾਇ ਅਤੇ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਅੰਗਰੇਜ਼ੀ ਦੇ ਹੱਕ ਵਿੱਚ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪਾਠ ਪੁਸਤਕਾਂ ਦੀ ਚੋਣ ਸਮੇਂ ਤੇ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਅੰਗਰੇਜ਼ੀ ਵਿੱਚ ਪ੍ਰਾਰਥਨਾ ਕਰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੰਨ 2014 ਤੋਂ ਹੀ ਵੋਕੇਸ਼ਨਲ ਸਿੱਖਿਆ ਲਈ ਅੰਗਰੇਜ਼ੀ ਪਾਠ ਪੁਸਤਕਾਂ ਨਿਰਧਾਰਤ ਕੀਤੀਆਂ ਜਾ ਰਹੀਆਂ ਹਨ। ਡਾ. ਉਮਿੰਦਰ ਜੌਹਲ ਨੇ ਕਿਹਾ ਕਿ ਸਾਨੂੰ ਸਰਕਾਰੀ ਸਿੱਖਿਆ ਨੀਤੀ ਬਾਰੇ ਪ੍ਰਤੀਕਰਮ ਦੇਣ ਦੀ ਥਾਂ ਸਿੱਖਿਆ ਨੀਤੀ ਦਾ ਸਿਧਾਂਤਕ ਬਦਲ ਦੇਣਾ ਚਾਹੀਦਾ ਹੈ। ਅੱਠਵੀਂ ਜਮਾਤ ਤੋਂ ਬਾਅਦ ਸਥਾਨਕ ਭਾਸ਼ਾਵਾਂ ਦੀ ਪੜ੍ਹਾਈ ਨਵੀਂ ਨੀਤੀ ਤਹਿਤ ਖ਼ਤਮ ਹੋ ਜਾਵੇਗੀ। ਡਾ. ਅਰਵਿੰਦਰ ਕੌਰ ਕਾਕੜਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਇਕੱਲੀ ਸਿੱਖਿਆ ਨੀਤੀ ਦਾ ਹੀ ਨਹੀਂ ਦੂਜੇ ਲੋਕ-ਵਿਰੋਧੀ ਆਰਡੀਨੈਂਸਾਂ ਦਾ ਵੀ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਇਸ ਦੀ ਅਗਵਾਈ ਕਰੇ। ਕਾਰਜਕਾਰਨੀ ਨੇ ਅਟਾਰੀ ਬਾਰਡਰ ਵਿਖੇ ਫੋਕਲੋਰ ਰਿਸਰਚ ਅਕਾਡਮੀ ਵੱਲੋਂ ਦੇਸ਼-ਵੰਡ ਸਮੇਂ ਮਾਰੇ ਗਏ 10 ਲੱਖ ਪੰਜਾਬੀਆਂ ਦੀ ਯਾਦ ਵਿੱਚ ਬਣੇ ਸਮਾਰਕ ਨੂੰ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਢਾਹੇ ਜਾਣ ‘ਤੇ ਤਿੱਖਾ ਵਿਰੋਧ ਦਰਜ ਕਰਾਇਆ ਅਤੇ ਨਿੰਦਾ ਮਤਾ ਪਾਸ ਕੀਤਾ।
ਭਰਵੀਂ ਹਾਜ਼ਰੀ ਵਾਲੀ ਇਸ ਮੀਟਿੰਗ ਵਿੱਚ ਸਰਵਸੰਮਤੀ ਨਾਲ ਕੁਝ ਮਹੱਤਵਪੂਰਨ ਫ਼ੈਸਲੇ ਲਏ ਗਏ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਅਤੇ ਪੰਜਾਬ ਸਰਕਾਰ ਦੇ ਪ੍ਰਾਇਮਰੀ ਜਮਾਤਾਂ ਵਿੱਚ ਹਿਸਾਬ ਵਰਗੇ ਵਿਸ਼ੇ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਏ ਜਾਣ ਦੇ ਫ਼ੈਸਲੇ ਦਾ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਪਬਲਿਕ ਮੰਚਾਂ ਉੱਪਰ ਵਿਰੋਧ ਕੀਤਾ ਜਾਵੇ। ਨਵੀਂ ਸਿੱਖਿਆ ਨੀਤੀ ਬਾਰੇ ਸਿੱਖਿਆ ਮਾਹਿਰਾਂ ਨਾਲ ਵੈਬੀਨਾਰ ਕੀਤੇ ਜਾਣ, ਸਥਿਤੀਆਂ ਠੀਕ ਹੋਣ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਨਾਲ ਸਿੱਖਿਆ ਮਾਹਿਰਾਂ ਦੀ ਵਰਕਸ਼ਾਪ ਕੀਤੀ ਜਾਵੇਗੀ ਅਤੇ ‘ਪੰਜਾਬੀ ਲੇਖਕ’ ਦਾ ਆਗਾਮੀ ਅੰਕ ਨਵੀਂ ਸਿੱਖਿਆ ਨੀਤੀ ਉੱਪਰ ਕੇਂਦਰਿਤ ਹੋਵੇਗਾ। ਸ਼ਤਾਬਦੀ ਸੈਮੀਨਾਰ ਕਮੇਟੀਆਂ ਦੇ ਕਨਵੀਨਰ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ਼ ਬਹਾਦਰ ਜੀ, ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ ਅਤੇ ਡਾ. ਹਰਿਭਜਨ ਸਿੰਘ ਜੀ ਦੀਆਂ ਸ਼ਤਾਬਦੀਆਂ ਸੰਬੰਧੀ ਔਨ-ਲਾਈਨ ਸੈਮੀਨਾਰ ਆਉਣ ਵਾਲੇ ਦਿਨਾਂ ਵਿੱਚ ਕਰਨਗੇ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇਨ੍ਹਾਂ ਲੇਖਕਾਂ ਦੇ ਜੀਵਨ ਤੇ ਸਾਹਿਤ ਬਾਰੇ ਪੁਸਤਕਾਂ ਸੰਪਾਦਿਤ ਕੀਤੀਆਂ ਜਾਣਗੀਆਂ। ਜਸਪਾਲ ਮਾਨਖੇੜਾ ਤੇ ਬਠਿੰਡਾ ਦੇ ਲੇਖਕ, ਕੁਲਦੀਪ ਸਿੰਘ ਬੇਦੀ ਤੇ ਜਲੰਧਰ ਦੇ ਲੇਖਕ, ਡਾ. ਸਰਬਜੀਤ ਸਿੰਘ ਅਤੇ ਡਾ. ਸਰਬਜੀਤ ਕੌਰ ਸੋਹਲ ਇੱਕ-ਇੱਕ ਪੁਸਤਕ ਦੀ ਛਪਾਈ ਦਾ ਖਰਚਾ ਓਟਣਗੇ। ਤੇਰਾ ਸਿੰਘ ਚੰਨ ਬਾਰੇ ਸੈਮੀਨਾਰ ਅਤੇ ਪੁਸਤਕ ਦਾ ਸੰਪਾਦਨ ਡਾ. ਕੁਲਦੀਪ ਸਿੰਘ ਦੀਪ ਕਰਨਗੇ। ਜਸਪਾਲ ਮਾਨਖੇੜਾ ਤੇ ਬਠਿੰਡਾ ਦੀ ਲੇਖਕ ਸਭਾ ਬਾਬਾ ਸੋਹਣ ਸਿੰਘ ਭਕਨਾ ਦੇ 150 ਸਾਲਾ ਜਨਮ-ਸਾਲ ਸਮੇਂ ਸੈਮੀਨਾਰ ਕਰਵਾਉਣਗੇ। ਸ਼ੈਲੇਂਦਰ ਸਿੰਘ ਰਾਜਨ ਅਤੇ ਬਾਬਾ ਬਕਾਲਾ ਦੇ ਲੇਖਕ ਬਾਬਾ ਬਕਾਲਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਸਮੇਂ ਸੈਮੀਨਾਰ ਕਰਨਗੇ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਵੀਂ ਛਪੀ ਪੁਸਤਕ ‘ਪੰਜਾਬ: ਦ੍ਰਿਸ਼ ਤੇ ਦ੍ਰਿਸ਼ਟੀ’ ਦੀਆਂ ਹਰ ਲੇਖਕ ਇਕਾਈ 10 ਪੁਸਤਕਾਂ ਖ਼ਰੀਦੇਗੀ।
ਮੀਟਿੰਗ ਦੀ ਸਮਾਪਤੀ ‘ਤੇ ਗੁਰਨਾਮ ਕੰਵਰ ਜੀ ਨੇ ਸਭ ਦਾ ਧੰਨਵਾਦ ਕੀਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp