ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਸਕੱਤਰ ਜਨਰਲ ਮਨਜਿੰਦਰ ਸਿੰਘ ਸਿਰਸਾ ਸਮੇਤ ਸਾਰੇ 15 ਅਹੁਦੇਦਾਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਜੀਕੇ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਗੁਰਦੁਆਰਾ ਕਮੇਟੀ ਉੱਪਰ ਇਲਜ਼ਾਮ ਲੱਗਣ ਤੋਂ ਬਾਅਦ ਸਾਰੇ ਅਹੁਦੇਦਾਰਾਂ ਨੇ ਅਸਤੀਫ਼ੇ ਦੇਣ ਦਾ ਫੈਸਲਾ ਕੀਤਾ ਹੈ।
ਹੁਣ, ਆਉਣ ਵਾਲੀ 27-30 ਦਸੰਬਰ ਤਕ ਕਾਰਜਕਾਰਨੀ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਅਪੀਲ ਵੀ ਕਰ ਦਿੱਤੀ ਹੈ। ਇਹ ਚੋਣਾਂ ਅਗਲੇ ਸਾਲ ਕਰਵਾਈਆਂ ਜਾਣੀਆਂ ਸਨ ਪਰ ਹੁਣ ਤਿੰਨ ਮਹੀਨੇ ਅੱਗੇ ਕਰਵਾਉਣ ਦੀ ਅਪੀਲ ਕੀਤੀ ਹੈ। ਜੀਕੇ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਲਜ਼ਾਮਾਂ ਦੇ ਸਾਫ਼ ਹੋਣ ਤਕ ਉਹ ਕਿਸੇ ਵੀ ਅਹੁਦੇ ‘ਤੇ ਨਹੀਂ ਬੈਠਣਗੇ।
ਫਿਲਹਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਾਇਮ ਹੈ ਪਰ ਕਾਰਜਕਾਰਨੀ ਭੰਗ ਕਰ ਦਿੱਤੀ ਗਈ ਹੈ। ਕਾਰਜਕਾਰਨੀ ਦੇ ਮੈਂਬਰਾਂ ਨੇ ਕਾਨੂੰਨ ਮੁਤਾਬਕ 21 ਦਿਨਾਂ ਦਾ ਨੋਟਿਸ ਦੇ ਕੇ ਚੋਣ ਮੁੜ ਤੋਂ ਕਰਵਾਉਣ ਦੀ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਪੀਲ ਵੀ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਜੀਕੇ ਧੜੇ ਦੇ ਵਿਰੋਧੀ ਸਿੱਖ ਲੀਡਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਕਮੇਟੀ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਜਾਂਦੇ ਹਨ ਤੇ ਇਸ ਬਾਬਤ ਉਨ੍ਹਾਂ ਕੇਸ ਦਰਜ ਕਰਵਾਉਣ ਲਈ ਅਦਾਲਤ ਵਿੱਚ ਪਟੀਸ਼ਨ ਵੀ ਪਾਈ ਹੋਈ ਹੈ, ਜਿਸ ਦੀ ਸੁਣਵਾਈ ਭਲਕੇ ਹੈ। ਸੂਤਰਾਂ ਮੁਤਾਬਕ ਜੇਕਰ ਇਸ ਸਮੇਂ ਕਮੇਟੀ ਭੰਗ ਕਰ ਦਿੱਤੀ ਜਾਂਦੀ ਹੈ ਤੇ ਅਦਾਲਤ ਹੁਕਮ ਕਰਦੀ ਹੈ ਤਾਂ ਕੇਸ ਡੀਐਸਜੀਐਮਸੀ ਦੀ ਬਜਾਏ ਸਿਰਫ਼ ਜੀਕੇ ਦੇ ਨਾਂ ‘ਤੇ ਹੋਵੇਗਾ ਤੇ ਇਹੋ ਅਸਤੀਫ਼ਿਆਂ ਦੀ ਮੁੱਖ ਵਜ੍ਹਾ ਹੋ ਸਕਦੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp