ਥਰਮਲ ਪਲਾਂਟ ਵੇਚਣ ਦੇ ਵਿਰੋਧ ‘ਚ ਗੜਦੀਵਾਲਾ ਦੇ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ


ਥਰਮਲ ਪਲਾਂਟ ਵੇਚਣ ਦਾ ਫੈਸਲਾ ਅਤੇ ਬਿਜਲੀ ਸੋਧ ਐਕਟ ਕੀਤਾ ਜਾਵੇ ਰੱਦ : ਮੁਲਾਜ਼ਮ ਆਗੂ

ਗੜਦੀਵਾਲਾ,10 ਸਤੰਬਰ(ਚੌਧਰੀ) : ਬੁੱਧਵਾਰ ਨੂੰ ਪੀਐਸਈਬੀ ਜੁਆਇੰਟ ਫੋਰਮ ਦੇ ਸੱਦੇ ‘ਤੇ ਪਾਵਰਕਾਮ ਵਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ,ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਥਰਮਲ ਪਲਾਂਟ ਰੋਪੜ ਅਤੇ ਗੁਰੂ ਹਰਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਵੇਚਣ ਲਈ ਕੀਤੇ ਕੀਤੇ ਜਾ ਰਹੇ ਯਤਨਾਂ ਦੇ ਵਿਰੋਧ ਅਤੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਲਾਪ੍ਰਵਾਹੀ ਵਾਲੇ ਰਵੱਈਏ ਖਿਲਾਫ਼ ਗੜਦੀਵਾਲਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਟੀਐਸਯੂ ਦੇ ਸਬ ਡਵੀਜ਼ਨ ਰੋਸ਼ਨ ਲਾਲ ਦੀ ਪ੍ਰਧਾਨਗੀ ਹੇਠ ਹੋਏ ਇਸ ਅਰਥੀ ਫੂਕ ਮੁਜਾਹਰੇ ਵਿੱਚ ਟੀਐਸਯੂ ਦੇ ਜ਼ੋਨ ਪ੍ਰਧਾਨ ਲਖਵਿੰਦਰ ਸਿੰਘ, ਮੰਡਲ ਪ੍ਰਧਾਨ ਅਵਤਾਰ ਸਿੰਘ ਤੇ ਬੀਐਮਐਸ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਰਾਹੀ ਨੇ ਵੀ ਸ਼ਿਰਕਤ ਕੀਤੀ।

 ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਥਰਮਲ ਪਲਾਂਟ ਵੇਚਣ ਦੇ ਫੈਸਲੇ ਦੀ ਤਿੱਖੀ ਨਿੰਦਿਆਂ ਕਰਦਿਆਂ ਇਸ ਨੂੰ ਮੁਲਾਜ਼ਮ ਤੇ ਪੰਜਾਬ ਵਿਰੋਧੀ ਫੈਸਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਰਵੱਈਆ ਮੁਲਾਜ਼ਮ ਵਿਰੋਧੀ ਹੈ ਅਤੇ ਆਹਲੂਵਾਲੀਆ ਕਮੇਟੀ ਦੀਆਂ ਮੁਲਾਜ਼ਮ ਮਾਰੂ ਸਿਫਾਰਿਸ਼ਾਂ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਮੁਲਾਜ਼ਮ ਦੀਆਂ ਤਨਖਾਹਾਂ ‘ਤੇ ਡਾਕੇ ਮਾਰਨ ਵਾਲੀ ਸਰਕਾਰ ਦੇ ਨੁਮਾਇੰਦੇ ਖੁਦ ਵੱਡੀਆਂ ਤਨਖਾਹਾਂ, ਪੈਨਸ਼ਨਾਂ ਤੇ ਹੋਰ ਭੱਤੇ ਲੈ ਰਹੇ। ਪ੍ਰੋਬੇਸ਼ਨਰ ਮੁਲਾਜ਼ਮਾਂ ‘ਤੇ ਬਣੀਆਂ ਘੱਟੋ ਘੱਟ ਉਜ਼ਰਤਾਂ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਅਤੇ ਨਵੇਂ ਭਰਤੀ ਮੁਲਾਜ਼ਮਾਂ ਦਾ ਵੱਡੇ ਪੱਧਰ ‘ਤੇ ਆਰਥਿਕ ਸ਼ੋਸਣ ਕੀਤਾ ਜਾ ਰਿਹਾ ਹੈ। ਸਰਕਾਰ ਤੇ ਪਾਵਰਕਾਮ ਮੈਨੇਜ਼ਮੈਂਟ ਵਲੋਂ ਲੰਬੇ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਦੇ ਲਟਕਦੇ ਮਸਲਿਆਂ ਨੂੰ ਹੱਲ ਨਾ ਕਰਨਾ ਅਤੇ ਕੀਤੇ ਸਮਝੌਤੇ ਲਾਗੂ ਨਾ ਕਰਨਾ ਸਰਕਾਰ ਦੀ ਨੀਅਤ ਨੂੰ ਸਪੱਸ਼ਟ ਕਰਦਾ ਹੈ।

ਉਨ੍ਹਾਂ ਮੰਗ ਕੀਤੀ ਕਿ ਥਰਮਲ ਪਲਾਂਟ ਵੇਚਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ, ਬਿਜਲੀ ਸੋਧ ਐਕਟ 2020 ਰੱਦ ਕੀਤਾ ਜਾਵੇ, ਖੇਤੀ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ, ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕੀਆਂ ਆ ਰਹੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਅਦਾਲਤੀ ਫੈਸਲਿਆਂ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈਸਲਾ ਲਾਗੂ ਕੀਤਾ ਜਾਵੇ, ਆਹਲੂਵਾਲੀਆ ਕਮੇਟੀਆਂ ਦੀਆਂ ਸਿਫਾਰਿਸ਼ਾਂ ਰੱਦ ਕਰਕੇ ਮੁਲਾਜ਼ਮਾਂ ਦਾ ਮੋਬਾਈਲ ਭੱਤਾ ਤੇ ਹੋਰ ਕਟੌਤੀਆਂ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ,ਸਹਾਇਕ ਲਾਈਨਮੈਨਾਂ ਨੂੰ ਪੂਰੇ ਸਕੇਲ ਦਿੱਤੇ ਜਾਣ ਅਤੇ ਪੇਅ ਬੈਂਡ ਸਮੇਤ ਹੋਰ ਮਸਲੇ ਤੁਰੰਤ ਹੱਲ ਕੀਤੇ ਜਾਣ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਬਿਜਲੀ ਮੁਲਾਜ਼ਮਾਂ ਵਿਰੋਧੀ ਥਰਮਲ ਪਲਾਂਟ ਵੇਚਣ ਦੇ ਫੈਸਲੇ ਰੱਦ ਨਾ ਕੀਤੇ ਤਾਂ ਜੁਆਇੰਟ ਫੋਰਮ ਤਿੱਖੇ ਸੰਘਰਸ਼ ਸ਼ੁਰੂ ਕਰ ਦੇਵੇਗਾ।ਇਸ ਮੌਕੇ ਕੁਲਬੀਰ ਸਿੰਘ ਜੇ.ਈ,ਰਾਮ ਲਾਲ ਜੇ.ਈ,ਕਹਰ ਸਿੰਘ ਸਹੋਤਾ, ਜਗਜੀਤ ਸਿੰਘ, ਪ੍ਰਦੀਪ ਸਿੰਘ,ਹਰਮੇਸ਼ ਮਸੀਹ,ਰਾਮ ਕੁਮਾਰ,ਦਲਜੀਤ ਸਿੰਘ,ਗੁਰਜੀਤ ਸਿੰਘ,ਗੁਲਸ਼ਨ ਠਾਕੁਰ,ਸੁਖਵਿੰਦਰ ਸਿੰਘ ਭਾਨਾ,ਠਾਕੁਰ ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply