ਐੱਫ.ਆਰ.ਆਈ. ਦਰਜ ਹੋਣ ਤੋਂ ਬਾਅਦ ਮਾਪਿਆਂ ਨੇ ਨਿੱਜੀ ਸਕੂਲ ਖਿਲਾਫ ਖੋਲਿਆ ਮੋਰਚਾ


ਪੰਜ ਗਰਾਈਆਂ ਦੇ ਨਿੱਜੀ ਸਕੂਲ ਵਲੋਂ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਮਾਪਿਆਂ ਦੀ ਅੰਨੀ ਲੁੱਟ

ਬਟਾਲਾ,13 ਸਤੰਬਰ ( ਸੰਜੀਵ ਨਈਅਰ /ਅਵਿਨਾਸ਼  ) : ਬਟਾਲਾ ਨੇੜਲੇ ਪਿੰਡ ਪੰਜ ਗਰਾਈਆਂ ਵਿਖੇ ਚੱਲ ਰਹੇ ਸ੍ਰੀ ਗੁਰੂ ਹਰਰਾਏ ਇੰਟੈਲੀਜੈਂਟ ਟਰੀਅਰ ਸਕੂਲ ਖਿਲਾਫ ਮਾਪਿਆਂ ਨੇ ਐੱਫ.ਆਰ.ਆਈ. ਦਰਜ ਹੋਣ ਤੋਂ ਬਾਅਦ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਬਟਾਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਨਿੱਜੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਹੱਕਾਂ ਲਈ ਹਮੇਸ਼ਾਂ ਅਵਾਜ਼ ਉਠਾਉਂਦੇ ਰਹਿਣਗੇ ਅਤੇ ਕੋਰੋਨਾ ਕਾਲ ਦੌਰਾਨ ਸਕੂਲ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪ੍ਰੈਸ ਕਾਨਫਰੰਸ ਦੌਰਾਨ ਪਿੰਡ ਹਰਪੁਰਾ ਦੇ ਵਸਨੀਕ ਲਾਲ ਸਿੰਘ, ਸਤਨਾਮ ਸਿੰਘ, ਬਲਜਿੰਦਰ ਸਿੰਘ, ਸਾਬਕਾ ਫੌਜੀ ਸਤਨਾਮ ਸਿੰਘ ਥਰੀਏਵਾਲ, ਅੰਜੂ ਬਾਲਾ ਹਰਪੁਰਾ, ਹਰਵਿੰਦਰ ਸਿੰਘ ਪੰਜ ਗਰਾਈਆਂ ਅਤੇ ਸਰਦੂਲ ਸਿੰਘ ਬਰਿਆਰ ਨੇ ਦੱਸਿਆ ਕਿ ਸ੍ਰੀ ਗੁਰੂ ਹਰਰਾਏ ਇੰਟੈਲੀਜੈਂਟ ਟਰੀਅਰ ਸਕੂਲ ਪੰਜਗਰਾਈਆਂ ਵਲੋਂ ਸਕੂਲ ਪੜ੍ਹਦੇ ਵਿਦਿਆਰੀਆਂ ਦੇ ਮਾਪਿਆਂ ਉੱਪਰ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਪੂਰੀ ਫੀਸ ਜਮ੍ਹਾ ਕਰਾਉਣ। ਮਾਪਿਆਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਕੰਮ-ਕਾਰ ਬੰਦ ਹੋਣ ਕਾਰਨ ਸਾਰੇ ਮਾਪਿਆਂ ਦੀ ਏਨੀ ਸਮਰੱਥਾ ਨਹੀਂ ਹੈ ਕਿ ਉਹ ਸਕੂਲ ਨੂੰ ਪੂਰੀ ਫੀਸ ਦੇ ਸਕਣ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੀਸ ਜਮ੍ਹਾਂ ਕਰਾਉਣ ਨੂੰ ਤਿਆਰ ਹਨ ਪਰ ਸਕੂਲ ਵਲੋਂ ਪੂਰੀ ਫੀਸ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਨ-ਲਾਈਨ ਪੜ੍ਹਾਈ ਤੋਂ ਬਾਹਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਨਾਮ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਮਾਪਿਆਂ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੇ ਕੁਝ ਦਿਨ ਪਹਿਲਾਂ ਇਹ ਲਗਾਤਾਰ ਮੈਜੇਸ ਭੇਜੇ ਸਨ ਕਿ 10 ਸਤੰਬਰ ਤੱਕ ਮਾਪੇ ਆਪਣੇ ਬੱਚਿਆਂ ਦੀ ਸਾਰੀ ਫੀਸ ਜਮ੍ਹਾਂ ਕਰਵਾਉਣ ਨਹੀਂ ਤਾਂ ਬੱਚਿਆਂ ਨੂੰ ਪੇਪਰ ਵਿੱਚ ਬੈਠਣ ਨਹੀਂ ਦਿੱਤਾ ਜਾਵੇਗਾ। ਇਹ ਮੈਸੇਜ ਪੜ੍ਹ ਕੇ 10 ਸਤੰਬਰ ਨੂੰ ਮਾਪੇ ਆਪੋ-ਆਪਣੇ ਪੱਧਰ ’ਤੇ ਸਕੂਲ ਪਹੁੰਚ ਗਏ ਕਿ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਜਾਵੇ ਕਿ ਬੱਚਿਆਂ ਦਾ ਨਾਮ ਨਾ ਕੱਟਿਆ ਜਾਵੇ। ਮਾਪਿਆਂ ਕਿਹਾ ਕਿ 10 ਸਤੰਬਰ ਨੂੰ ਜਦੋਂ ਉਹ ਪ੍ਰਿੰਸੀਪਲ ਨਾਲ ਗੱਲ ਕਰਨ ਲਈ ਗਏ ਤਾਂ ਸਕੂਲ ਪ੍ਰਬੰਧਕਾਂ ਨੇ ਅੰਦਰੋਂ ਗੇਟ ਬੰਦ ਕਰ ਲਿਆ, ਜਿਸ ਕਾਰਨ ਮਾਪੇ ਮਜ਼ਬੂਰਨ ਸਕੂਲ ਦੇ ਗੇਟ ਅੱਗੇ ਇਕੱਠੇ ਹੋ ਗਏ। ਸਕੂਲ ਪ੍ਰਬੰਧਕਾਂ ਤੇ ਪ੍ਰਿੰਸੀਪਲ ਨੇ ਮਾਪਿਆਂ ਨਾਲ ਗੱਲ ਕਰਨ ਤੋਂ ਮਨਾ ਕਰ ਦਿੱਤਾ ਅਤੇ ਪੁਲਿਸ ਨੂੰ ਬੁਲਾ ਲਿਆ। ਮਾਪਿਆਂ ਨੇ ਕਿਹਾ ਕਿ ਪੁਲਿਸ ਨੇ ਸਕੂਲ ਨਾਲ ਕੋਈ ਗੱਲ ਕਰਨ ਦੀ ਬਜਾਏ ਸਕੂਲ ਪ੍ਰਬੰਧਕਾਂ ਨਾਲ ਰਲ ਕੇ ਉਲਟਾ ਮਾਪਿਆਂ ਉੱਪਰ ਹੀ 188 ਧਾਰਾ ਤਹਿਤ ਪਰਚਾ ਦਰਜ ਕਰ ਦਿੱਤਾ।

ਮਾਪਿਆਂ ਨੇ ਕਿਹਾ ਹੈ ਕਿ ਸਕੂਲ ਪਰਚੇ ਦਰਜ ਕਰਾ ਕੇ ਉਨ੍ਹਾਂ ਦੀ ਅਵਾਜ਼ ਨੂੰ ਦਬਾ ਨਹੀਂ ਸਕਦਾ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਬਹੁਤ ਸਾਰੀਆਂ ਬੇਨਿਯਮੀਆਂ ਚੱਲ ਰਹੀਆਂ ਹਨ ਅਤੇ ਸਿੱਖਿਆ ਕਾਨੂੰਨਾਂ ਦੇ ਨਾਲ ਕ੍ਰਿਤ ਕਾਨੂੰਨਾਂ ਦੀ ਵੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਟਰਾਂਸਪੋਰਟ ਵਿੱਚ ਬਹੁਤ ਬੇਨਿਯਮੀਆਂ ਹਨ ਅਤੇ ਹੋਰ ਵੀ ਕਈ ਤਰਾਂ ਦੀਆਂ ਊਣਤਾਈਆਂ ਹਨ। ਮਾਪਿਆਂ ਨੇ ਸਕੂਲ ਉੱਪਰ ਦੋਸ਼ ਲਗਾਉਂਦਿਆਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕੋਈ ਰਾਹਤ ਤਾਂ ਕੀ ਦੇਣੀ ਸੀ ਬਲਕਿ ਹਰ ਬੱਚੇ ਨੂੰ ਕਿਤਾਬਾਂ ਦੇਣ ਸਮੇਂ 1000-1000 ਰੁਪਿਆ ਵੱਧ ਵਸੂਲ ਕੀਤਾ ਹੈ।

ਪ੍ਰੈਸ ਕਾਨਫਰੰਸ ਦੌਰਾਨ ਮਾਪਿਆਂ ਨੇ ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਇਹ ਮੰਗ ਕੀਤੀ ਹੈ ਕਿ ਗੁਰੂ ਹਰਰਾਏ ਇੰਟੈਲੀਜੈਂਟ ਟਰੀਅਰ ਸਕੂਲ, ਪੰਜ ਗਰਾਈਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਨ੍ਹਾਂ ਦੀ ਲੁੱਟ ਤੋਂ ਗਰੀਬ ਮਾਪਿਆਂ ਨੂੰ ਬਚਾਇਆ ਜਾ ਸਕੇ। ਮਾਪਿਆਂ ਨੇ ਨਾਲ ਐੱਸ.ਐੱਸ.ਪੀ. ਬਟਾਲਾ ਨੂੰ ਵੀ ਕਿਹਾ ਹੈ ਕਿ ਮਾਪਿਆਂ ਦੀ ਹੱਕ-ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਦਰਜ ਕੀਤੇ ਗਏ 188 ਦੇ ਪਰਚੇ ਨੂੰ ਰੱਦ ਕੀਤਾ ਜਾਵੇ। ਮਾਪਿਆਂ ਨੇ ਕਿਹਾ ਕਿ ਉਹ ਸਕੂਲ ਦੀ ਲੁੱਟ-ਖਸੁੱਟ ਨੂੰ ਰੋਕਣ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply