ਡਿਪਟੀ ਕਮਿਸ਼ਨਰ ਵੱਲੋਂ ਘਰਾਂ ‘ਚ ਇਕਾਂਤਵਾਸ ਕੋਰੋਨਾ ਮਰੀਜ਼ਾਂ ਨੂੰ 104 ਹੈਲਪਲਾਈਨ ਤੋਂ ਆਉਂਦੀਆਂ ਕਾਲਾਂ ਦਾ ਜਵਾਬ ਦੇਣ ਦੀ ਅਪੀਲ
• ਸਰਕਾਰ ਵੱਲੋਂ ਮਰੀਜ਼ਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਮੋਬਾਇਲ ਹੈਲਪ ਲਾਈਨ 104, 90419-01590 ਅਤੇ 0172-4071400 ਤੋਂ ਕੀਤੇ ਜਾ ਰਹੇ ਨੇ ਰੋਜ਼ਾਨਾ ਫੋਨ: ਅਪਨੀਤ ਰਿਆਤ
• ਲੋੜ ਪੈਣ ‘ਤੇ ਇਕਾਂਤਵਾਸ ਮਰੀਜ਼ ਲੈ ਸਕਦੇ ਨੇ ਲੋੜੀਂਦੀ ਡਾਕਟਰੀ ਸਹਾਇਤਾ
ਹੁਸ਼ਿਆਰਪੁਰ, 20 ਸਤੰਬਰ (ਦੀਪਕ ਲਾਖਾ, ਵਿਜੇ ਵਰਮਾ ) : ਪੰਜਾਬ ਸਰਕਾਰ ਵੱਲੋਂ ਘਰਾਂ ਵਿੱਚ ਇਕਾਂਤਵਾਸ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਅਸਰਦਾਰ ਨਜ਼ਰਸਾਨੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਨ੍ਹਾਂ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਹੈਲਪਲਾਈਨ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਦਾ ਉਹ ਤੁਰੰਤ ਜਵਾਬ ਦੇਣ ਜਿਹੜੀਆਂ ਕਿ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਨਣ ਲਈ ਕੀਤੀਆਂ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਘਰਾਂ ਵਿੱਚ ਇਕਾਂਤਵਾਸ ਕੋਰੋਨਾ ਮਰੀਜ਼ਾਂ ਦੀ ਸਿਹਤ ‘ਚ ਸੁਧਾਰ ਦੇ ਪੱਧਰ ਨੂੰ ਜਾਨਣ ਲਈ ਮੋਬਾਇਲ ਹੈਲਪਲਾਈਨ ਨੰਬਰ 104, 90419-01590 ਅਤੇ 0172-4071400 ਤੋਂ ਇਨ੍ਹਾਂ ਮਰੀਜ਼ਾਂ ਨੂੰ ਫੋਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 40 ਸਾਲ ਤੋਂ ਜਿਆਦਾ ਉਮਰ ਦੇ ਮਰੀਜ਼ਾਂ ਨੂੰ ਇਹ ਕਾਲਾਂ ਲਾਜ਼ਮੀਂ ਤੌਰ ‘ਤੇ ਕੀਤੀਆਂ ਜਾ ਰਹੀਆਂ ਹਨ ਅਤੇ ਜੇਕਰ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਸਿਹਤ ਸੇਵਾਵਾਂ ਹਾਸਲ ਕਰ ਸਕਦਾ ਹੈ। ਉਨ੍ਹਾਂ ਨੇ ਇਕਾਂਤਵਾਸ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਹ ਕਾਲਾਂ ਦਾ ਜਵਾਬ ਜਰੂਰ ਦੇਣ ਕਿਉਂਕਿ ਇਹ ਦੇਖਣ ਵਿੱਚ ਆਇਆ ਹੈ ਕਿ ਕਈ ਲੋਕ ਇਹ ਕਾਲਾਂ ਲੈਣ ਤੋਂ ਕੰਨੀ ਕਤਰਾਉਂਦੇ ਹਨ ਜਾਂ ਫਿਰ ਕਾਲ ਡਿਸਕੁਨੈਕਟ ਕਰ ਦਿੰਦੇ ਹਨ ਜਾਂ ਉਨ੍ਹਾਂ ਦੇ ਫੋਨ ਨਹੀਂ ਲੱਗਦੇ। ਉਨ੍ਹਾਂ ਕਿਹਾ ਕਿ ਲੋਕ ਬਿਨਾਂ ਹਿਚਕਿਚਾਹਟ ਤੋਂ ਇਨ੍ਹਾਂ ਕਾਲਾਂ ਤੇ ਆਪਣੀ ਸਿਹਤ ਬਾਰੇ ਜਾਣਕਾਰੀ ਦੇਣ।
ਅਪਨੀਤ ਰਿਆਤ ਨੇ ਦੱਸਿਆ ਕਿ ਸਰਕਾਰ ਵੱਲੋਂ ਇਹ ਕਦਮ ਕੋਰੋਨਾ ਮਰੀਜ਼ਾਂ ਦੀ ਚੰਗੇ ਢੰਗ ਨਾਲ ਦੇਖਭਾਲ ਅਤੇ ਲੋੜ ਪੈਣ ‘ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਅਮਲ ਲਿਆਂਦਾ ਗਿਆ ਹੈ ਤਾਂ ਜੋ ਇਕਾਂਤਵਾਸ ਮਰੀਜ਼ ਮੈਡੀਕਲ ਟੀਮਾਂ ਤੋਂ ਲੋੜੀਂਦੀ ਜਾਣਕਾਰੀ ਹਾਸਲ ਅਤੇ ਸਿਹਤ ਸਲਾਹਕਾਰੀਆਂ ਦੀ ਪੂਰਨ ਤੌਰ ‘ਤੇ ਪਾਲਣਾ ਕਰਕੇ ਕੋਰੋਨਾ ‘ਤੇ ਫਤਿਹ ਪਾ ਸਕਣ। ਉਨ੍ਹਾਂ ਦੱਸਿਆ ਕਿ ਸਰਕਾਰੀ ਹੈਲਪਲਾਈਨਾਂ ਤੋਂ ਘਰੇਲੂ ਇਕਾਂਤਵਾਸ ‘ਚ ਰਹਿ ਰਹੇ ਮਰੀਜ਼ਾਂ ਨੂੰ ਰੋਜ਼ਾਨਾ ਫੋਨ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਦਿਨ ਪ੍ਰਤੀ ਦਿਨ ਸਿਹਤ ਦਾ ਹਾਲ ਜਾਣਿਆ ਜਾ ਸਕੇ।
ਸਿਵਲ ਸਰਜਨ ਨੂੰ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਜ਼ਿਲ੍ਹੇ ਅੰਦਰ ਘਰਾਂ ‘ਚ ਇਕਾਂਤਵਾਸ ਮਰੀਜ਼ਾਂ ਦੀ ਜਾਣਕਾਰੀ ਮੋਨੀਟਰਿੰਗ ਟੀਮਾਂ ਦੀ ਸਹੂਲਤ ਲਈ ਰੋਜ਼ਾਨਾ ਅਪਡੇਟ ਕਰਨ ਦੇ ਨਾਲ-ਨਾਲ ਹਦਾਇਤਾਂ ਮੁਤਾਬਿਕ ਇਨ੍ਹਾਂ ਮਰੀਜ਼ਾਂ ਦੀ ਰੈਗੁਲਰ ਨਜ਼ਰਸਾਨੀ ਨੂੰ ਵੀ ਯਕੀਨੀ ਬਣਾਉਣ। ਅਪਨੀਤ ਰਿਆਤ ਨੇ ਇਨ੍ਹਾਂ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਮੋਬਾਇਲ ਹੈਲਪਲਾਈਨਾਂ ਤੋ ਆਉਣ ਵਾਲੇ ਫੋਨ ਕਾਲਜ਼ ਨੂੰ ਨਾ ਕੱਟਣ ਸਗੋਂ ਮੈਡੀਕਲ ਟੀਮਾਂ ਨਾਲ ਗੱਲਬਾਤ ਕਰਨ ਤਾਂ ਜੋ ਕੋਰੋਨਾ ਨੂੰ ਹੋਰ ਫੈਲਣੋ ਰੋਕਿਆ ਜਾ ਸਕੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp