ਗੁਰਮਤਿ ਸੰਗੀਤ ਵਿਭਾਗ ਨੇ ਕਰਵਾਇਆ ‘ਰਾਗ ਰਾਮਕਲੀ : ਗੁਰੂ ਤੇਗ਼ ਬਹਾਦਰ ਬਾਣੀ ਸੰਦਰਭ’ ਵਿਸ਼ੇ ‘ਤੇ ਕੌਮੀ ਸੈਮੀਨਾਰ
-ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਤੇਗ਼ ਬਹਾਦਰ ਬਾਣੀ ‘ਚ ਰਾਗ ਰਾਮਕਲੀ ਵਿਸ਼ੇ ‘ਤੇ ਰਾਸ਼ਟਰੀ ਸੈਮੀਨਾਰ
– ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਉਲੀਕੇ ਵਿਸ਼ੇਸ਼ ਪ੍ਰੋਗਰਾਮ ਸਾਰਾ ਸਾਲ ਚੱਲਣਗੇ-ਡਾ. ਘੁੰਮਣ
ਪਟਿਆਲਾ, 19 ਸਤੰਬਰ (ਪਰਮਿੰਦਰ ਸਿੰਘ ):
ਅੱਜ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ‘ਰਾਗ ਰਾਮਕਲੀ: ਗੁਰੂ ਤੇਗ਼ ਬਹਾਦਰ ਬਾਣੀ ਸੰਦਰਭ’ ਵਿਸ਼ ‘ਤੇ ਆਨ-ਲਾਈਨ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਰਾਹੀ ਗੁਰੂ ਸਾਹਿਬ ਦੀ ਮਨੁੱਖਤਾ ਦੀ ਰਾਖੀ ਲਈ ਕੀਤੀ ਕੁਰਬਾਨੀ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ਨੂੰ ਦ੍ਰਿੜ੍ਹ ਕਰਵਾਉਣ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਕਰਵਾਏ ਜਾ ਰਹੇ ਵਿਭਿੰਨ ਸਮਾਗਮਾਂ ਦੀ ਲੜੀ ਤਹਿਤ ਕਰਵਾਇਆ ਗਿਆ।
ਇਸ ਸਮਾਗਮ ਵਿਚ ਵਾਈਸ ਚਾਂਸਲਰ ਡਾ. ਬੀ ਐੱਸ ਘੁੰਮਣ ਵਾਈਸ ਚਾਂਸਲਰ, ਸਤਿਕਾਰਤ ਵਿਦਵਾਨ ਪੰਡਤ ਸੋਮ ਦੱਤ ਬੱਟੂ ਸ਼ਿਮਲਾ, ਪੰਡਤ ਦੇਵਿੰਦਰ ਵਰਮਾ ਦਿੱਲੀ, ਭਾਈ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਡਾ. ਅਰਸ਼ਪ੍ਰੀਤ ਸਿੰਘ ਰਿਦਮ ਪਟਿਆਲਾ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ।
ਸੈਮੀਨਾਰ ਦਾ ਸ਼ੁਭਾਰੰਭ ਗੁਰਮਤਿ ਸੰਗੀਤਾਚਾਰੀਆ ਪ੍ਰੋਫੈਸਰ ਤਾਰਾ ਜੀ ਦੁਆਰਾ ਰਾਗ ਰਾਮਕਲੀ ਵਿਚ ਸੁਰਲਿਪੀ ਬੱਧ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰਚਨਾ ਡਾ. ਰਵਿ ਸ਼ਰਮਾ ਰੋਹਤਕ, ਤੋਂ ਕੀਤਾ ਗਿਆ। ਇਸ ਪ੍ਰਸਤੁਤੀ ‘ਚ ਡਾ. ਅਰਸ਼ਪ੍ਰੀਤ ਸਿੰਘ ਰਿਦਮ ਦੁਆਰਾ ਆਪਣੇ ਵਿਦਿਆਰਥੀਆਂ ਨਾਲ ਮਿਲਕੇ ਤੰਤੀ ਸਾਜ਼ਾਂ ਰਬਾਬ, ਦਿਲਰੁਬਾ, ਤਾਊਸ ਅਤੇ ਜੋੜੀ ਸਹਿਤ ਗੁਰੂ ਸਾਹਿਬ ਦੀ ਬਾਣੀ ਦਾ ਰਾਗਾਤਮਿਕ ਕੀਰਤਨ ਕੀਤਾ।ਗੁਰਮਤਿ ਸੰਗੀਤ ਵਿਭਾਗ ਦੇ ਇੰਚਾਰਜ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਤੰਤੀ ਸਾਜ਼ਾਂ ਸਹਿਤ ਬਾਣੀ ਦੇ ਭਾਵਾਂ ਨੂੰ ਉਜਾਗਰ ਕਰਦਿਆਂ ਟਕਸਾਲੀ ਪਰੰਪਰਾ ਅਨੁਸਾਰੀ ਇਸ ਕੀਰਤਨ ਵਿੱਚ ਬਾਣੀ ਦੀ ਪ੍ਰਮੁੱਖਤਾ ਨੂੰ ਧਿਆਨ ਵਿਚ ਰੱਖਦਿਆਂ ਕੀਰਤਨ ਹਾਜ਼ਰੀ ਭਰੀ ਗਈ। ਇਸ ਉਪਰੰਤ ਉਖੇ ਸੰਗੀਤ ਸ਼ਾਸਤਰੀ ਅਤੇ ਸੰਗੀਤਕਾਰ ਪੰਡਤ ਦੇਵਿੰਦਰ ਵਰਮਾ ਨੇ ਰਾਗ ਰਾਮਕਲੀ ਸਬੰਧੀ ਖੋਜ ਭਰਪੂਰ ਜਾਣਕਾਰੀ ਨਾਲ ਸਰੋਤਿਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ।
ਪੰਡਤ ਸੋਮਦੱਤ ਬੱਟੂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰਾਗ ਰਾਮਕਲੀ ਵਿੱਚ ਨਿਬੱਧ ਬਾਣੀ ਦਾ ਰਾਗਾਤਮਿਕ ਸੌਂਦਰਯ ਅਤੇ ਭਾਵਾਂ ਨਾਲ ਓਤਪ੍ਰੌਤ ਗਾਇਨ ਪੇਸ਼ ਕੀਤਾ। ਸੈਮੀਨਾਰ ਦਾ ਸਮਾਪਨ ਪੰਥ ਪ੍ਰਸਿੱਧ ਕੀਰਤਨੀ ਜਥਾ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਵਖਿਆਨ ਨਾਲ ਹੋਇਆ। ਭਾਈ ਭਾਈ ਸਾਹਿਬ ਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਦਾ ਅਨੰਦਮਈ ਕੀਰਤਨ ਕੀਤਾ ਗਿਆ।
ਵਾਈਸ ਚਾਂਸਲਰ ਡਾ. ਬੀ.ਐੱਸ.ਘੁੰਮਣ ਨੇ ਸਮੂਹ ਵਿਦਵਾਨਾਂ ਕੀਰਤਨੀਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ ਜੋ ਸਾਰਾ ਸਾਲ ਚੱਲਣਗੇ।
ਵਾਈਸ ਚਾਂਸਲਰ ਡਾ. ਘੁੰਮਣ ਨੇ ਦੱਸਿਆ ਕਿ ਗੁਰਮਤਿ ਸੰਗੀਤ ਵਿਭਾਗ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ ਦੁਆਰਾ ਬਾਣੀ ਲਈ ਪ੍ਰਯੋਗ ਕੀਤੇ ਗਏ ਸਮੂਹ ਰਾਗਾਂ ਦਾ ਕੀਰਤਨ ਅੰਗ ਤੋਂ ਗਾਇਨ ਕਰਵਾਕੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਰੀਲੀਜ਼ ਕੀਤੇ ਜਾਣਗੇ ਜੋ ਕਿ ਸੰਗਤਾਂ ਅਤੇ ਗੁਰਮਤਿ ਸੰਗੀਤ ਪ੍ਰੇਮੀਆਂ ਲਈ ਇਕ ਵਿਸ਼ੇਸ਼ ਭੇਂਟ ਹੋਵੇਗੀ।
ਇਸ ਦੌਰਾਨ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਡਾ. ਬੀ.ਐੱਸ.ਘੁੰਮਣ, ਡਾ. ਯਸ਼ਪਾਲ ਸ਼ਰਮਾ, ਡਾ. ਪੰਕਜ ਮਾਲਾ ਸ਼ਰਮਾ, ਡਾ ਪਰਮਵੀਰ ਸਿੰਘ, ਪ੍ਰੋ. ਨਰਿੰਦਰ ਕੌਰ, ਪ੍ਰੋ. ਸਵਰਲੀਨ ਕੌਰ, ਡਾ. ਜੋਤੀ ਸ਼ਰਮਾ, ਪ੍ਰੋ. ਪੂਨਮ ਜਲੰਧਰ, ਪ੍ਰੋ. ਦਲੇਰ ਕੌਰ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp