ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਦਾ ਖੇਤੀ ਅਤੇ ਕਿਸਾਨੀ ਤੇ ਪਵੇਗਾ ਮਾੜਾ ਪ੍ਰਭਾਵ
ਇੰਨਾਂ ਕਾਲੇ ਕਾਨੂੰਨਾਂ ਨਾਲ ਸਿਰਫ ਕਿਸਾਨ ਹੀ ਨਹੀਂ ਬਲਕਿ ਆੜਤੀਆਂ ਵਰਗ, ਮੰਡੀਆਂ ਵਿਚ ਕੰਮ ਕਰਨ ਵਾਲੇ ਮਜਦੂਰ, ਛੋਟੇ ਵਪਾਰੀ, ਟਰਾਂਸਪੋਰਟਰ ਆਦਿ ਸਾਰੇ ਵਰਗਾਂ ਤਬਾਹੀ ਦਾ ਖੁੱਲੇਗਾ ਦਰਵਾਜਾ
ਪਠਾਨਕੋਟ, 21 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਅਤੇ ਕਿਸਾਨੀ ਨੂੰ ਤਬਾਹ ਕਰਨ ਲਈ ਪਹਿਲਾਂ ਤਿੰਨ ਆਰਡੀਨੈਂਸ ਲਿਆਂਦੇ ਸੀ ਅਤੇ ਹੁਣ ਦੇਸ਼ ਭਰ ਦੇ ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਸਭ ਤੋਂ ਪਹਿਲਾਂ ਇਹੀ ਤਿੰਨ ਕਾਨੂੰਨਾਂ ਨੂੰ ਪਾਸ ਕਰਕੇ ਮੋਦੀ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਲਈ ਕਿਸਾਨਾਂ ਦੇ ਹਿੱਤ ਕੋਈ ਮਾਇਨੇ ਨਹੀਂ ਰੱਖਦੇ ਬਲਕਿ ਭਾਜਪਾ ਦੀ ਸਰਕਾਰ ਤਾਂ ਪੂਰੀ ਤਰਾਂ ਵੱਡੀਆਂ ਕੰਪਨੀਆਂ ਦੀ ਹੱਥ ਠੋਕਾ ਬਣਕੇ ਉਨਾਂ ਦੇ ਹਿੱਤ ਪੂਰ ਰਹੀ ਹੈ, ਜੇਕਰ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਰੱਤਾ ਜਿੰਨੀ ਵੀ ਪ੍ਰਵਾਹ ਹੁੰਦੀ ਤਾਂ ਇਹ ਕਾਨੂੰਨ ਪਾਸ ਕਰਨ ਵਿਚ ਐਨੀ ਕਾਹਲੀ ਨਾ ਕਰਦੀ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ।
ਉਨਾਂ ਕਿਹਾ ਕਿ ਹੁਣ ਤੱਕ ਪੰਜਾਬ ਹਰਿਆਣਾ ਦੇ ਕਿਸਾਨ ਕੋਲ ਕਣਕ ਝੋਨੇ ਦੀ ਪੈਦਾਵਾਰ ਦੀ ਕੀਮਤ ਸਬੰਧੀ ਸਰਕਾਰ ਦੀ ਗਰੰਟੀ ਸੀ। ਕਿਸਾਨ ਨੂੰ ਫਸਲ ਬੀਜਣ ਵੇਲੇ ਪਤਾ ਹੁੰਦਾ ਸੀ ਕਿ ਉਸ ਨੂੰ ਇਸ ਸਾਲ ਫਸਲ ਦਾ ਕੀ ਮੁੱਲ ਮਿਲੇਗਾ। ਇਸੇ ਗਰੰਟੀ ਦਾ ਹੀ ਅਸਰ ਸੀ ਕਿ ਪੰਜਾਬ ਨੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ ਹੀ ਨਹੀਂ ਕੀਤਾ ਸਗੋਂ ਅੱਜ ਅਸੀਂ ਮੁਲਕ ਵਿਚ ਜਰੂਰਤ ਤੋਂ ਵੀ ਵੱਧ ਅਨਾਜ ਪੈਦਾ ਕਰ ਰਹੇ ਹਾਂ। ਪਰ ਦੇਸ਼ ਦਾ ਢਿੱਡ ਭਰਨ ਦਾ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਬੜਾ ਮਾੜਾ ਸਿਲਾ ਦਿੱਤਾ ਹੈ। ਹੁਣ ਸਰਕਾਰ ਜੋ ਕਾਲਾ ਕਾਨੂੰੂਨ ਲੈ ਕੇ ਆਈ ਹੈ, ਇਸ ਨਾਲ ਫਸਲਾਂ ਦੇ ਐਮਐਸਪੀ ਦੀ ਗਰੰਟੀ ਜਾਂਦੀ ਰਹੇਗੀ। ਫਸਲ ਦਾ ਮੁੱਲ ਪੂਰੀ ਤਰਾਂ ਵੱਡੇ ਵਪਾਰੀਆਂ ਤੇ ਨਿਰਭਰ ਹੋਵੇਗਾ। ਉਨਾਂ ਕਿਹਾ ਕਿ ਇਹ ਵਪਾਰੀ ਜਦੋਂ ਕਿਸਾਨਾਂ ਵੱਲੋਂ ਫਸਲਾਂ ਦੀ ਵਿਕਰੀ ਦਾ ਸਮਾਂ ਆਇਆ ਕਰੇਗਾ ਤਾਂ ਕੀਮਤਾਂ ਇੱਕਦਮ ਡੇਗ ਦਿਆ ਕਰਨਗੇ ਅਤੇ ਜਦੋਂ ਕਿਸਾਨ ਫਸਲ ਵੇਚ ਲਵੇਗਾ ਅਤੇ ਗ੍ਰਾਹਕ ਤੱਕ ਪੈਦਾਵਾਰ ਜਾਣ ਦਾ ਵੇਲਾ ਆਵੇਗਾ ਤਾਂ ਕੀਮਤਾਂ ਵਧਾ ਦਿਆਂ ਕਰਣਗੇ। ਇਸ ਤਰਾਂ ਇਹ ਕਿਸਾਨ ਨੂੰ ਵੀ ਲੁੱਟਣਗੇ ਅਤੇ ਗ੍ਰਾਹਕ ਨੂੰ ਵੀ ਲੁੱਟਣਗੇ।
ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਇੰਨਾਂ ਕਾਲੇ ਕਾਨੂੰਨਾਂ ਨਾਲ ਸਿਰਫ ਕਿਸਾਨ ਹੀ ਨਹੀਂ ਪ੍ਰਭਾਵਿਤ ਹੋਵੇਗਾ ਬਲਕਿ ਆੜਤੀਆਂ ਵਰਗ, ਮੰਡੀਆਂ ਵਿਚ ਕੰਮ ਕਰਨ ਵਾਲੇ ਮਜਦੂਰ, ਛੋਟੇ ਵਪਾਰੀ, ਟਰਾਂਸਪੋਰਟਰ ਆਦਿ ਸਾਰੇ ਵਰਗਾਂ ਲਈ ਵੀ ਇਹ ਕਾਨੂੰਨ ਤਬਾਹੀ ਲੈ ਕੇ ਆਵੇਗਾ। ਅਸਲ ਵਿਚ ਮੋਦੀ ਸਰਕਾਰ ਨੇ ਇਹ ਸਾਰਾ ਕੁਝ ਸੋਝੀ ਸਮਝੀ ਨੀਤੀ ਨਾਲ ਕਿਸਾਨਾਂ ਨੂੰ ਤਬਾਹ ਕਰਨ ਲਈ ਕੀਤਾ ਹੈ। ਇਸੇ ਲਈ ਇਕੋ ਉਦੇਸ਼ ਦੀ ਪੂਰਤੀ ਲਈ ਤਿੰਨ ਕਾਨੂੰਨ ਲਿਆਂਦੇ ਹਨ ਜਿਹੜੇ ਆਪਸ ਵਿਚ ਇਕਦੂਜੇ ਨਾਲ ਜੁੜੇ ਹੋਏ ਹਨ।
ਉਨਾਂ ਕਿਹਾ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਫਸਲਾਂ ਦੀ ਸਰਕਾਰੀ ਖਰੀਦ ਬੰਦ ਕਰਕੇ ਸਰਕਾਰ ਕਿਸਾਨਾਂ ਨੂੰ ਵਪਾਰੀਆਂ ਦੇ ਰਹਿਮੋਕਰਮ ਤੇ ਛੱਡਣ ਜਾ ਰਹੀ ਹੈ। ਇਸੇ ਲਈ ਵੱਡੇ ਸ਼ਾਹੂਕਾਰਾਂ ਨੂੰ ਜਰੂਰੀ ਵਸਤਾਂ ਦੀ ਭੰਡਾਰਨ ਸੀਮਾ ਖਤਮ ਕਰਕੇ ਉਨਾਂ ਨੂੰ ਅਸੀਮਤ ਸਟਾਕ ਕਰਨ ਦੀ ਆਗਿਆ ਦਿੱਤੀ ਗਈ ਹੈ ਜਿਸ ਸਹਾਰੇ ਉਹ ਕਿਸੇ ਵੇਲੇ ਵੀ ਕੀਮਤਾਂ ਨੂੰ ਘਟਾਉਣ ਵਧਾਉਣ ਦੀ ਤਾਕਤ ਰੱਖ ਸਕਣਗੇ। ਜਦੋਂ ਫਸਲ ਕਿਸਾਨ ਨੇ ਵੇਚਣੀ ਹੋਵੇਗੀ ਇਹ ਕੀਮਤ ਘਟਾ ਦੇਣਗੇ ਅਤੇ ਕਿਸਾਨ ਤੋਂ ਸਸਤੇ ਮੁੱਲ ਤੇ ਅਨਾਜ ਦੀ ਲੁੱਟ ਕਰਕੇ ਗੋਦਾਮ ਭਰ ਲੈਣਗੇ। ਜਦੋਂ ਗਰੀਬ ਨੇ ਇਹ ਅਨਾਜ ਲੈਣਾ ਹੋਵੇਗਾ ਤਾਂ ਕੀਮਤਾਂ ਵਧਾ ਦੇਣਗੇ ਅਤੇ ਗਰੀਬ ਦਾ ਖੂਨ ਚੁਸਣਗੇ। ਇਸ ਤਰਾਂ ਇੰਨਾਂ ਦੋਹਾਂ ਕਾਨੂੰਨਾਂ ਨਾਲ ਕਿਸਾਨ ਆਰਥਿਕ ਤੌਰ ਤੇ ਤਬਾਹ ਹੋ ਜਾਣਗੇ ਅਤੇ ਮਜਬੂਰਨ ਆਪਣੀਆਂ ਜਮੀਨਾਂ ਵੱਡੀਆਂ ਕੰਪਨੀਆਂ ਨੂੰ ਵੇਚਣ ਲਈ ਮਜਬੂਰ ਹੋ ਜਾਣਗੇ। ਇਸੇ ਲਈ ਤੀਜਾ ਕਾਨੂੰਨ ਲਿਆਂਦਾ ਹੈ ਜਿਸ ਤਹਿਤ ਵੱਡੀਆਂ ਕੰਪਨੀਆਂ ਕਿਸਾਨਾਂ ਦੀਆਂ ਜਮੀਨਾਂ ਲੈ ਸਕਣਗੀਆਂ।
ਉਨਾਂ ਕਿਹਾ ਕਿ ਇਸ ਤਰਾਂ ਜਮੀਨਾਂ ਦੇ ਮਾਲਕ ਕਿਸਾਨ ਦਿਹਾੜੀਆਂ ਕਰਨ ਲਈ ਮਜਬੂਰ ਹੋ ਜਾਣਗੇ। ਜਦ ਕਿਸਾਨ ਆਪ ਹੀ ਦਿਹਾੜੀਆਂ ਕਰਨ ਲਈ ਮਜਬੂਰ ਹੋ ਗਿਆ ਤਾਂ ਉਸ ਕਿਸਾਨ ਤੇ ਨਿਰਭਰ ਪਿੰਡ ਦੇ ਖੇਤ ਮਜਦੂਰ, ਨੇੜਲੇ ਸ਼ਹਿਰਾਂ ਦੇ ਦੁਕਾਨਦਾਰ ਆਦਿ ਦੀ ਆਰਥਿਕਤਾ ਵੀ ਤਬਾਹ ਹੋ ਜਾਵੇਗੀ। ਇਸ ਲਈ ਇਹ ਕਾਨੂੰਨ ਸਿਰਫ ਕਿਸਾਨ ਹੀ ਨਹੀਂ ਸਮਾਜ ਦੇ ਹਰ ਵਰਗ ਦੀ ਆਰਥਿਕਤਾ ਤਬਾਹ ਕਰ ਦੇਣਗੇ ਅਤੇ ਇੰਨਾਂ ਦਾ ਫਾਇਦਾ ਹੋਵੇਗਾ ਤਾਂ ਸਿਰਫ ਅੰਬਾਨੀਆਂ ਅਤੇ ਅੰਡਾਨੀਆਂ ਨੂੰ ਹੋਵੇਗਾ।ਉਨਾ ਕਿਹਾ ਕਿ ਸਾਡੀਆਂ ਮੰਡੀਆਂ ਜੇਕਰ ਬੰਦ ਹੋ ਗਈਆਂ ਤਾਂ ਸਾਡੇ ਵੱਲੋਂ ਵੇਚੀ ਫਸਲ ਦੀ ਰਕਮ ਮਿਲਣ ਦੀ ਗਾਰੰਟੀ ਵੀ ਖਤਮ ਹੋ ਜਾਵੇਗੀ। ਮੰਡੀ ਵਿਚ ਫਸਲ ਦੀ ਖਰੀਦ ਵੇਚ ਸਰਕਾਰ ਰਿਕਾਰਡ ਵਿਚ ਚੜਦੀ ਹੈ ਅਤੇ ਖਰੀਦਦਾਰ ਕਿਸਾਨ ਦੇ ਪੈਸੇ ਮਾਰ ਕੇ ਭੱਜ ਨਹੀਂ ਸਕਦਾ ਹੈ। ਜੇਕਰ ਇਹ ਮੰਡੀਆਂ ਨਾ ਰਹੀਆਂ ਤੇ ਫਸਲ ਜੁਬਾਨੀ ਵਿਕਨ ਲੱਗ ਗਈ, ਵਪਾਰੀ ਨੇ ਕਹਿਣਾ ਹੈ ਕਿ ਪੈਸੇ 7 ਦਿਨਾਂ ਬਾਅਦ ਮਿਲਣਗੇ, ਜਦ ਵਪਾਰੀ ਫਸਲ ਤੋਲ ਕੇ ਲੈ ਗਿਆ, ਕੋਈ ਰਿਕਾਰਡ ਨਹੀਂ ਫਿਰ ਸੱਤ ਦਿਨਾਂ ਬਾਅਦ ਦੇਵੇ ਜਾਂ ਸੱਤਰ ਦਿਨਾਂ ਬਾਅਦ ਕਿਸਾਨ ਕੋਲ ਕੋਈ ਚਾਰਾ ਨਹੀਂ ਰਹੇਗਾ।
ਇਸੇ ਤਰਾਂ ਮੰਡੀਆਂ ਵਿਚ ਅੱਜ ਖਰੀਦਦਾਰ ਤੋਂ ਜੋ ਮੰਡੀ ਫੀਸ ਲਈ ਜਾਂਦੀ ਹੈ ਉਸੇ ਸਹਾਰੇ ਪਿੰਡਾਂ ਵਿਚ ਸੜਕਾਂ ਦਾ ਜਾਲ ਵਿਛਿਆ ਹੈ। ਕਲਪਨਾ ਕਰੋ ਇਹ ਸੜਕਾਂ ਨਾ ਹੋਣ, ਇੱਥੇ ਕੱਚੇ ਪਹੇ ਹੋਣ ਤਾਂ ਕਿਸ ਤਰਾਂ ਦੀ ਜਿੰਦਗੀ ਹੋਵੇਗੀ ਸਾਡੀ। ਇਹ ਕਾਲੇ ਕਾਨੂੰਨਾਂ ਦਾ ਅਸਰ ਇਸ ਪੱਖ ਤੋਂ ਵੀ ਸਾਡੇ ਜੀਵਨ ਤੇ ਪੈਣਾ ਹੈ।ਉਨਾਂ ਕਿਹਾ ਕਿ ਆਓ ਸਾਰੇ ਰਲ ਮਿਲ ਕੇ ਜਿਸ ਵੀ ਤਰੀਕੇ ਨਾਲ ਆਪਾਂ ਇੰਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਸਕਦੇ ਹੋਈਏ ਇੰਨਾਂ ਦਾ ਵਿਰੋਧ ਕਰੀਏ। ਕਾਂਗਰਸ ਪਾਰਟੀ ਇਸ ਔਖੀ ਘੜੀ ਵਿਚ ਦੇਸ਼ ਦੇ ਕਿਸਾਨਾਂ ਨਾਲ ਖੜੀ ਹੈ। ਸਾਡੇ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ, ਸ੍ਰੀ ਰਾਹੂਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਕਾਂਗਰਸ ਪ੍ਰਧਾਨ ਸੀ੍ਰ ਸੁਨੀਲ ਜਾਖੜ ਹਰ ਸੰਭਵ ਤਰੀਕੇ ਨਾਲ ਇੰਨਾਂ ਕਾਨੂੰਨਾਂ ਖਿਲਾਫ ਮੋਰਚਾ ਚਲਾ ਰਹੇ ਹਨ ਅਤੇ ਆਓ ਆਪਾਂ ਸਾਰੇ ਉਨਾਂ ਦਾ ਸਾਥ ਦੇਈਏ ਅਤੇ ਪ੍ਰਣ ਕਰੀਏ ਕਿ ਇੰਨਾਂ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਆਪਾਂ ਦਮ ਨਹੀਂ ਲਵਾਂਗੇ।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
EDITOR
CANADIAN DOABA TIMES
Email: editor@doabatimes.com
Mob:. 98146-40032 whtsapp