ਚੰਡੀਗੜ੍ਹ: ਸ਼ਨੀਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆ ‘ਚੋਂ ਕਿਸਾਨਾਂ ਨੇ ਸੂਬੇ ‘ਚ ਅਫੀਮ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇਣ ਲਈ ਨਾਰਕੋਟਿਕ ਡਰੱਗਜ਼ ਐਂਡ ਸਾਇਕੋਟ੍ਰੋਫਿਕ ਸਬਸਟਾਨਸਸ ਬਿੱਲ ‘ਚ ਸੋਧ ਦੀ ਮੰਗ ਕਰਦਿਆਂ ਰੈਲੀ ਕੱਢੀ। ਦੋ ਸਾਲ ਪਹਿਲਾਂ ਸਦਨ ‘ਚ ਇਸ ਮੁੱਦੇ ‘ਤੇ ਬਿੱਲ ਪੇਸ਼ ਕਰਨ ਵਾਲੇ ਡਾ. ਧਰਮਵੀਰ ਗਾਂਧੀ ਨੇ ਇਸ ਰੈਲੀ ਦੀ ਅਗਵਾਈ ਕੀਤੀ। ਰੈਲੀ ‘ਚ ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਲੱਖੋਵਾਲ, ਤੇ ਬੀਕੇਯੂ ਮਾਨ ਦੇ ਲਗਪਗ 3000 ਕਿਸਾਨਾਂ ਨੇ ਹਿੱਸਾ ਲਿਆ।
ਡਾ. ਗਾਂਧੀ ਨੇ ਦਾਅਵਾ ਕੀਤਾ ਕਿ ਸੂਬੇ ‘ਚ ਨੌਜਵਾਨ ਸਿੰਥੈਟਿਕ ਨਸ਼ਾ ਲੈਂਦੇ ਹਨ ਜੋ ਜਾਨਲੇਵਾ ਹੈ। ਉਨ੍ਹਾਂ ਕਿਹਾ ਕਿ ਅਫੀਮ ਦੀ ਖੇਤੀ ‘ਤੇ ਵਿਕਰੀ ਨੂੰ ਕਾਨੂੰਨੀ ਮਾਨਤਾ ਮਿਲਣ ਨਾਲ ਨਾ ਸਿਰਫ ਉਨ੍ਹਾਂ ਦੀਆਂ ਜਾਨਾਂ ਬਚਣਗੀਆਂ ਸਗੋਂ ਅਪਰਾਧਕ ਗਤੀਵਿਧੀਆਂ ‘ਚ ਵੀ ਕਮੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਾਲ 1957 ਤੱਕ ਕਾਨੂੰਨੀ ਤੌਰ ‘ਤੇ ਅਫੀਮ ਦੀ ਖੇਤੀ ਹੁੰਦੀ ਸੀ। ਲੋਕ ਡੋਡੇ ਤੇ ਅਫੀਮ ਦਾ ਸੇਵਨ ਵੀ ਕਰਦੇ ਸਨ ਪਰ ਕਦੇ ਕੋਈ ਮੌਤ ਦੀ ਖ਼ਬਰ ਨਹੀਂ ਸੁਣੀ ਸੀ। ਜਦੋਂ ਤੋਂ ਇਨ੍ਹਾਂ ਰਵਾਇਤੀ ਨਸ਼ਿਆਂ ‘ਤੇ ਪਾਬੰਦੀ ਲਾਈ ਗਈ ਤੇ ਨੌਜਵਾਨ ਸਿੰਥੈਟਿਕ ਨਸ਼ਿਆਂ ਦੇ ਆਦੀ ਹੋ ਗਏ ਜੋ ਕਈ ਜਾਨਾਂ ਦਾ ਖੌਅ ਬਣਿਆ।
ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਸਨ। ਉਨ੍ਹਾਂ ਭਰੋਸਾ ਜਤਾਇਆ ਸੀ ਕਿ ਉਹ ਇਸ ਸੁਝਾਅ ‘ਤੇ ਗੌਰ ਕਰਨਗੇ। ਇਸ ਮਤੇ ‘ਚ ਐਨਡੀਪੀਐਸ ਐਕਟ ‘ਚ ਸੋਧ ਕਰਨਾ, ਅਫੀਮ ਦੀ ਖੇਤੀ ਤੇ ਵਿਕਰੀ ਨੂੰ ਕਾਨੂੰਨੀ ਮਾਨਤਾ, ਨਸ਼ੇ ਦੇ ਆਦੀਆਂ ਦਾ ਮਰੀਜ਼ਾਂ ਦੇ ਤੌਰ ‘ਤੇ ਇਲਾਜ, ਨਸ਼ੇ ਦੇ ਵਪਾਰ ‘ਚ ਲੱਗੇ ਸਿਆਸਤਦਾਨਾਂ, ਪੁਲਿਸ ਵਾਲਿਆਂ ਤੇ ਨਸ਼ਾ ਤਸਕਰਾਂ ਦੀ ਕਥਿਤ ਮਿਲੀਭੁਗਤ ਦੀ ਜਾਂਚ ਕਿਸੇ ਆਜ਼ਾਦ ਏਜੰਸੀ ਤੋਂ ਕਰਵਾਉਣ ਦੀ ਮੰਗ ਸ਼ਾਮਲ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp