ਕਿਸਾਨੀ ਅਤੇ ਪੰਜਾਬ ਬਚਾਉਣ ਲਈ ਸੁਖਬੀਰ ਬਾਦਲ ਨੇ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਦਿੱਤਾ ਸੱਦਾ

(ਸ.ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕਰਦੇ ਗੁਰਬਚਨ ਸਿੰਘ ਬੱਬੇਹਾਲੀ ਅਤੇ ਹੋਰ)

ਲੜਾਈ ਨੂੰ ਸਿਰੇ ਲਾਉਣ ਲਈ ਕੋਈ ਕਸਰ ਨਹੀਂ ਛੱਡਾਂਗੇ : ਸੁਖਬੀਰ ਬਾਦਲ 

ਸੁਖਬੀਰ ਸਿੰਘ ਬਾਦਲ ਨੇ ਮੋਦੀ ਤੇ ਕੈਪਟਨ ਸਰਕਾਰ ਤੇ ਕੀਤੇ ਸ਼ਬਦਾਂ ਦੇ ਤਿੱਖੇ ਹਮਲੇ

ਰੈਲੀ ਦੌਰਾਨ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਉੱਡੀਆਂ ਧੱਜੀਆਂ ,ਬਿਨਾਂ ਮਾਸਕ ਤੇ ਸੋਸ਼ਲ ਡਿਸਟੈਂਸ ਵੀ ਭੁੱਲੇੇ ਵਰਕਰ,ਸਟੇਜ ਤੇ ਵੀ ਬਿਨਾਂ ਮਾਸਕ ਤੋਂ ਦਿਖਾਈ ਦਿੱਤੇ ਨੇਤਾ,ਪੂਰਾ ਪ੍ਰਸਾਸਨ ਚੁੱਪੀ ਸਾਧੇ

ਗੁਰਦਾਸਪੁਰ,28 ਸਤੰਬਰ  (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਬੱਬੇਹਾਲੀ ਵਿਚ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਕਰਵਾਈ ਗਈ ਇੱਕ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਅਤੇ ਪੰਜਾਬ ਨੂੰ ਬਚਾਉਣ ਦੀ ਖ਼ਾਤਰ ਛੇੜੀ ਗਈ ਲੜਾਈ ਨੂੰ ਸਿਰੇ ਲਾਉਣ ਤੋਂ ਬਿਨਾਂ ਖ਼ਤਮ ਨਹੀਂ ਕੀਤਾ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ । 

ਹਜਾਰਾਂ ਦੀ ਗਿਣਤੀ ਵਿੱਚ ਮੌਜੂਦ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਧੱਕੇਸ਼ਾਹੀ ਕਰਕੇ ਆਰਡੀਨੈਂਸ ਪਾਸ ਕਰਵਾਇਆ ਤੇ ਬਾਅਦ ਵਿਚ ਇਸ ਸਰਕਾਰ ਨੇ ਰਾਸ਼ਟਰਪਤੀ ਕੋਲੋਂ ਵੀ ਧੱਕੇ ਨਾਲ ਇਸ ਬਿੱਲ ‘ਤੇ ਦਸਤਖ਼ਤ ਕਰਵਾ ਕੇ ਇਸ ਨੂੰ ਕਾਨੂੰਨ ਦਾ ਰੂਪ ਦਿੱਤਾ ਹੈ।ਸ.ਬਾਦਲ ਨੇ ਕੈਪਟਨ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਜਾਣ ਦੇ ਕੀਤੇ ਗਏ ਐਲਾਨ ਸਬੰਧੀ ਕਿਹਾ ਕਿ ਸੁਪਰੀਮ ਕੋਰਟ ਵਿਚ ਜਾਣ ਤੋਂ ਪਹਿਲਾਂ ਕੈਪਟਨ ਸਰਕਾਰ ਪੰਜਾਬ ਵਿਚ ਇਸ ਆਰਡੀਨੈਂਸ ਵਰਗੇ ਬਣਾਏ ਗਏ ਐਕਟ ਨੂੰ ਰੱਦ ਕਰਕੇ ਦਿਖਾਏ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਾਂਗਰਸ ਵੀ ਮੋਦੀ ਸਰਕਾਰ ਨਾਲ ਰਲੀ ਹੋਈ ਹੈ।

(ਰੈਲੀ ਦੌਰਾਨ ਹਾਜਰ ਅਕਾਲੀ ਵਰਕਰ)

ਆਮ ਆਦਮੀ ਪਾਰਟੀ ਦੀ ਭੂਮਿਕਾ ਵੀ ਕਿਸੇ ਤੋਂ ਗੁੱਝੀ ਨਹੀਂ।ਉਨ੍ਹਾਂ ਸਮੂਹ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਇਕ ਪਲੇਟ ਫਾਰਮ ‘ਤੇ ਇਕੱਠੇ ਹੋਣ ਅਤੇ ਅਕਾਲੀ ਦਲ ਉਨ੍ਹਾਂ ਦੇ ਪਿੱਛੇ ਲੱਗੇਗਾ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਤੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਸਮੇਤ ਹੋਰ ਬੁਲਾਰਿਆਂ ਨੇ ਵੀ ਕੇਂਦਰ ਸਰਕਾਰ ਖ਼ਿਲਾਫ਼ ਭੜਾਸ ਕੱਢੀ ਅਤੇ ਕਿਸਾਨਾਂ ਦੇ ਹੱਕ ਵਿਚ ਡਟਣ ਦਾ ਐਲਾਨ ਕੀਤਾ। ਇਸ ਮੀਟਿੰਗ ਦੇ ਮੁੱਖ ਪ੍ਰਬੰਧਕ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਬਾਦਲ ਨੂੰ ਵਿਸ਼ਵਾਸ ਦਵਾਇਆ ਕਿ ਇੱਕ ਅਕਤੂਬਰ ਨੂੰ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਇਸ ਜ਼ਿਲ੍ਹੇ ਦੇ ਆਗੂ,ਵਰਕਰ ਤੇ ਕਿਸਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਉਕਤ ਤੋਂ ਇਲਾਵਾ ਰਵੀਕਰਨ ਸਿੰਘ ਕਾਹਲੋਂ,ਇੰਦਰਜੀਤ ਸਿੰਘ ਰੰਧਾਵਾ,ਸੁਖਬੀਰ ਸਿੰਘ ਵਾਹਲਾ,ਇਕਬਾਲ ਸਿੰਘ ਮਾਹਲ, ਰਾਜਨਦੀਪ ਸਿੰਘ ਘੁਮਾਣ,ਮੰਗਲ ਸਿੰਘ,ਮਨਮੋਹਨ ਸਿੰਘ ਪੱਖੋਕੇ, ਸੁਖਬੀਰ ਸਿੰਘ ਵਾਹਲਾ,ਸਤੀਸ਼ ਕੁਮਾਰ ਡਿੰਪਲ,ਜਤਿੰਦਰ ਸਿੰਘ ਪੱਪਾ, ਹੈਪੀ ਪਾਹੜਾ,ਮਹਿੰਦਰ ਸਿੰਘ ਗੁਰਾਇਆ,ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਮੌਜੂਦ ਸਨ।ਇਸ ਦੌਰਾਨ ਗੁਰਦਾਸਪੁਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਮੇਤ ਚਾਰ ਕੌਂਸਲਰਾਂ ਨੇ ਭਾਜਪਾ ਛੱਡਕੇ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਿਲ ਹੋਣ ਕਰਨ ਦਾ ਐਲਾਨ ਕੀਤਾ।ਇਨ੍ਹਾਂ ਵਿੱਚ  ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੋਜ ਕੁਮਾਰ ਸ਼ੈਂਪੀ,ਜਗਜੀਤ ਸਿੰਘ ਜੱਗੀ,ਰਾਮ ਲਾਲ ਕਾਲਾ ਕੌਂਸਲਰ ਅਤੇ ਕਸ਼ਮੀਰ ਕੌਰ ਕੌਂਸਲਰ ਨੇ ਭਾਜਪਾ ਛੱਡ ਕੇ ਅਕਾਲੀ ਵਿਚ ਸ਼ਾਮਿਲ ਹੋਏ।ਉਕਤ ਚਾਰਾਂ ਕੌਂਸਲਰਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਚ ਸ਼ਾਮਿਲ ਕਰਵਾਇਆ ।
 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply