ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮਦਿਨ ਮੌਕੇ ਵਿਦਿਆਰਥੀ-ਨੌਜਵਾਨਾਂ ਨਾਲ ਵਿਚਾਰ-ਵਟਾਂਦਰਾ


ਹਾਥਰਸ(ਯੂ.ਪੀ) ਵਿੱਚ ਦਲਿਤ ਲੜਕੀ ਨਾਲ ਹੋਏ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਕੀਤੀ ਮੰਗ

ਗੁਰਦਾਸਪੁਰ 4 ਅਕਤੂਬਰ ( ਅਸ਼ਵਨੀ ) : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਿੰਡ ਕਲੇਰ(ਛੋਟੇ) ਵਿਖੇ ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮਦਿਨ ਮੌਕੇ ਵਿਦਿਆਰਥੀ-ਨੌਜਵਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹਾਥਰਸ(ਯੂ.ਪੀ) ਵਿੱਚ ਦਲ਼ਿਤ ਔਰਤ ਨਾਲ ਹੋਏ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।

ਵਿਦਿਆਰਥੀ-ਨੌਜਵਾਨਾਂ ਦੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਅਮਰ ਕ੍ਰਾਂਤੀ ਨੇ ਕਿਹਾ ਕਿ ਦੇਸ਼ ਵਿੱਚ ਅੱਜ ਵੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਾਰਥਿਕ ਹੈ।ਜਿਸ ਸਾਮਰਾਜਵਾਦ ਨੂੰ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਮੁਰਦਾਬਾਦ ਕਿਹਾ ਸੀ, ਮੌਕੇ ਦੇ ਹਾਕਮ ਉਸ ਸਾਮਰਾਜ ਨੂੰ ਮੁਲਕ ਵਿੱਚ ਸੱਦਾ ਦੇ ਕੇ ਦੇਸ਼ ਦਾ ਜਲ ਜੰਗਲ ਜਮੀਨ ਵੇਚ ਰਹੇ ਹਨ।ਮੌਜੂਦਾ ਬੀਜੇਪੀ ਸਰਕਾਰ ਮੁਲਕ ਨੂੰ ਇੱਕ ਪਾਸੇ ਸਾਮਰਾਜ ਨੂੰ ਵੇਚ ਰਹੀ ਹੈ ਤਾਂ ਦੂਸਰੇ ਪਾਸੇ ਮੁਲਕ ਵਿੱਚ ਘੱਟ ਗਿਣਤੀਆਂ-ਦਲ਼ਿਤਾਂ-ਆਦਿਵਾਸੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ।ਬੀਜੇਪੀ ਸਰਕਾਰ ਨੇ ਕੋਰੋਨਾ ਕਾਲ ਵਿੱਚ ਦੇਸ਼ ਦੀ ਲੋਕਤੰਤਰੀ ਵਿਵਸਥਾ ਨੂੰ ਢਾਹ ਲਗਾ ਕੇ ਫਾਸ਼ੀਵਾਦੀ ਰਾਜ ਸਥਾਪਿਤ ਕਰ ਦਿੱਤਾ ਹੈ।ਜਿਸ ਦੀ ਸਭ ਤੋਂ ਵੱਡੀ ਉਦਾਹਰਨ ਯੂ.ਪੀ ਹੈ।

ਉੱਤਰਪ੍ਰਦੇਸ਼(ਯੂ.ਪੀ) ਦੇਸ਼ ਵਿੱਚ ਫਾਸ਼ੀਵਾਦੀ ਰਾਜ ਦੀ ਪ੍ਰਯੋਗਸ਼ਾਲਾ ਬਣਿਆ ਹੋਇਆ ਹੈ।ਬੀਤੇ ਦਿਨ੍ਹੀਂ ਯੂਪੀ ਦੇ ਹੀ ਹਾਥਰਸ ਤੇ ਬਲਰਾਮਪੁਰ ਵਿੱਚ ਦੋ ਔਰਤਾਂ ਨਾਲ ਬਲਾਤਕਾਰ ਕਰਨ ਤੋਂ ਬਾਦ ਬਹੁਤ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।ਪਰ ਮਿ੍ਰਤਕਾਂ ਦੇ ਪਰਿਵਾਰ ਨੂੰ ਇੰਨਸਾਫ ਦੇਣ ਦੀ ਬਜਾਇ ਡਰਾਇਆ ਧਮਕਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਅਗਰ ਇਸ ਸਮੇਂ ਕੋਈ ਉਸ ਪੀੜਿਤ ਪਰਿਵਾਰ ਦੀ ਧਿਰ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਡੰਡੇ ਦੇ ਜ਼ੋਰ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਬੀਜੇਪੀ ਲਗਾਤਾਰ ਆਪਣੇ ਆਰ.ਐੱਸ.ਐੱਸ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ ਤਾਂ ਦੂਸਰੇ ਪਾਸੇ ਕਿਸਾਨਾਂ ਮਜ਼ਦੂਰਾਂ ਖਿਲਾਫ ਕਾਨੂੰਨ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ।ਇਸ ਕਰਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਨੌਜਵਾਨਾਂ ਨੂੰ ਆਪਣੀ ਭੂਮਿਕਾ ਸਮਝਣੀ ਚਾਹੀਦੀ ਹੈ ਅਤੇ ਦੇਸ਼ ਵਿੱਚੋਂ ਸਾਮਰਾਜ ਅਤੇ ਫਾਸ਼ੀਵਾਦ ਦੀਆਂ ਜੜ੍ਹਾਂ ਉਖਾੜਨ ਲਈ ਜੱਥੇਬੰਦ ਹੋਣਾ ਚਾਹੀਦਾ ਹੈ।ਮੀਟਿੰਗ ਵਿੱਚ ਹਾਜ਼ਿਰ ਨੌਜਵਾਨ ਵਿਦਿਆਰਥੀਆਂ ਦਾ ਰਵੀ ਕਲੇਰ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਬੀਰ ਸਿੰਘ, ਸੰਨੀ, ਕਰਨ, ਗੋਰਾ, ਸੁਖਬੀਰ, ਸੋਨੂੰ, ਮਨਪ੍ਰੀਤ ਸਿੰਘ,ਅਜੈ ਆਦਿ ਹਾਜ਼ਿਰ ਹੋਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply