ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਕੈਪਟਨ ਸਾਹਿਬ ਵਿਧਾਇਕਾਂ ਦੀ ਤਨਖਾਹ ਨਾ ਵਧਾੳ ਬਲਕਿ 15 ਹਜਾਰ ਰੁਪਏ ਹੋਰ ਘਟਾ ਦੇਣੇ ਚਾਹੀਦੇ ਹਨ। ਵਿਧਾਇਕਾਂ ਨੂੰ ਜਿਹੜਾ 15 ਹਜਾਰ ਟੈਲੀਫੋਨ ਭੱਤਾ ਮਿਲਦਾ ਹੈ ਉਹ ਜਨਤਾ ਤੇ ਵਾਧੂ ਬੋਝ ਹੈ ਕਿਉਂਕਿ ਹੁਣ ਮੋਬਾਈਲ ਫੋਨ ਅੰਬਾਨੀ ਭਰਾਵਾਂ ਨੇ ਬਹੁਤ ਸਸਤੇ ਕਰ ਦਿੱਤੇ ਹਨ। ਸਿਰਫ ਪ੍ਰਤੀ ਮਾਹ 125 ਰੁਪਏ ਚ ਅਨਲਿਮਟਡ ਡਾਟਾ ਮਿਲ ਰਿਹਾ ਹੈ। ਜਿੱਨੀ ਮਰਜੀ ਲੰਬੀ ਗੱਲ ਚਾਹੋ ਤਾਂ ਕੀਤੀ ਜਾ ਸਕਦੀ ਤੇ ਭਾਵੇਂ ਵਟਸ-ਅੱਪ ਤੇ ਮੈਸਜ ਵੀ ਭੇਜੀ ਜਾਵੋ ਤੇ ਫਿਰ ਵਿਧਾਇਕਾਂ ਨੂੰ ਵਾਧੂ 15 ਹਜਾਰ ਰੁਪਏ ਕਿਉਂ ਦੇ ਰਹੇ ਹੋ। ਇੱਕ ਗੱਲ ਹੋਰ, ਜਿਆਦਾਤਰ ਵਿਧਾਇਕ ਫੋਨ ਤੇ ਗੱਲਬਾਤ ਵੀ ਘੱਟ ਹੀ ਕਰਦੇ ਹਨ। ਤੁਸੀਂ ਆਪਣੇ ਕਿਸੇ ਸੱਜਣ ਮਿੱਤਰ ਦੇ ਫੋਨ ਤੋਂ ਵਿਧਾਇਕਾਂ ਨਾਲ ਗੱਲਬਾਤ ਕਰੋ ਤਾਂ ਤੁਸੀਂ ਵੀ ਹੈਰਾਨ ਹੋ ਜਾਉਗੇ ਕਿ ਜਿਆਦਾਤਰ ਵਿਧਾਇਕਾਂ ਦੇ ਫੋਨ ਕਾਲ ਡਿਵਰਟ ਤੇ ਲੱਗੇ ਹੁੰਦੇ ਹਨ। ਕੁਝ ਅਜਿਹੇ ਵੀ ਹਨ ਜਿਹੜੇ ਆਮ ਲੋਕਾਂ ਦਾ ਫੋਨ ਹੀ ਨਹੀਂ ਚੁੱਕਦੇ ਬਲਕਿ ਵਿਅਸਤ ਰਹਿੰਦੇ ਹਨ। ਇੱਕ ਗੱਲ ਹੋਰ ਵੀ ਹੈ ਕਿ ਵਿਧਾਇਕਾਂ ਦਾ ਕੋਈ ਖਾਸ ਖਰਚਾ ਵੀ ਨਹੀਂ ਹੁੰਦਾ, ਜਨਤਾ ਦੇ ਇਹ ਸੇਵਾਦਾਰ ਜਿੱਥੇ ਵੀ ਜਾਂਦੇ ਹਨ, ਚਾਹ-ਪਾਣੀ ਦੀ ਸੇਵਾ ਲੋਕ ਵੈਸੇ ਹੀ ਕਰ ਦਿੰਦੇ ਹਨ। ਕੈਪਟਨ ਸਾਹਿਬ ਜੇ ਤਨਖਾਹ ਵਧਾਉਣੀ ਹੈ ਤਾਂ ਅਧਿਆਪਕਾਂ ਦੀ ਵਧਾੳ ਕਿਉਂਕਿ ਸਮਾਜ ਦੇ ਅਸਲੀ ਸਿਰਜਕ ਤਾਂ ਅਧਿਆਪਕ ਹੀ ਹਨ। ਇਹ ਗੱਲ ਕੋਈ ਬਣਦੀ ਨਹੀਂ ਕਿ ਅਧਿਆਪਕਾਂ ਦੀ ਤਨਖਾਹ ਅੱਧੀ ਕਰ ਦਿੱਤੀ ਜਾਵੇ ਤੇ ਵਿਧਾਇਕਾਂ ਦੀ ਤਨਖਾਹ ਦੁਗਣੀ ਕਰਨ ਤੇ ਵਿਚਾਰਾਂ ਹੋਣ। 90 ਹਜਾਰ ਰੁਪਏ ਮਹੀਨਾ ਵਿਧਾਇਕਾਂ ਦੀ ਤਨਖਾਹ ਬਹੁਤ ਹੈ ਹੁਣ ਇਹ 2 ਲੱਖ ਕਿਉਂ ਮੰਗੀ ਜਾ ਰਹੇ ਹਨ।
ਵਿਧਾਨ ਸਭਾ ਦੀ ਸਬ ਕਮੇਟੀ ਵੱਲੋਂ ਤਿਆਰ ਤਜਵੀਜ਼ ਮੁਤਾਬਕ ਪਹਿਲਾਂ ਵਿਧਾਇਕਾਂ ਦੀ ਮਹੀਨਾਵਾਰ ਤਨਖ਼ਾਹ 93,500 ਰੁਪਏ ਬਣਦੀ ਸੀ ਅਤੇ ਹੁਣ ਉਹ ਚਾਹੁੰਦੇ ਹਨ ਕਿ ਹਰ ਮਹੀਨੇ 2,01,500 ਰੁਪਏ ਦਾ ਮਿਹਨਤਾਨਾ ਪਾਉਣ। ਇਸ ਵਾਧੇ ਵਿੱਚ ਹਾਲੇ ਐਮਐਲਏਜ਼ ਦਾ ‘ਦਿਹਾੜੀ ਭੱਤਾ’, 18 ਰੁਪਏ ਫ਼ੀ ਕਿਲੋਮੀਟਰ ਦੇ ਹਿਸਾਬ ਨਾਲ ਵਾਹਨ ਭੱਤਾ ਅਤੇ ਸਾਲਾਨਾ 3,00,000 ਮੁਫ਼ਤ ਆਵਾਜਾਈ ਭੱਤੇ ਜੋੜਨੇ ਬਾਕੀ ਹਨ। ਕਮੇਟੀ ਦੀਆਂ ਸਿਫ਼ਾਰਿਸ਼ਾਂ ਮੁਤਾਬਕ ਹਰ ਵਿਧਾਇਕ ਨੂੰ ਤਿੰਨ ਲੱਖ ਰੁਪਏ ਦੀ ਸਾਲਾਨਾ ਗ੍ਰਾਂਟ ਹਾਸਲ ਕਰਨ ਦਾ ਵੀ ਹੱਕ ਹੈ। ਇਸ ਤੋਂ ਇਲਾਵਾ ਵਿਧਾਇਕਾਂ ਦੀ ਸੁਰੱਖਿਆ ਵਾਹਨਾਂ ਲਈ ਵੀ ਪੈਟਰੋਲ-ਡੀਜ਼ਲ ਦਾ ਕੋਟਾ ਵਧਾਉਣ ਦੀ ਸਿਫ਼ਾਰਿਸ਼ ਹੈ ਅਤੇ ਵਿਧਾਇਕਾਂ ਨੂੰ ਆਪਣੇ ਹਲਕੇ ਵਿੱਚ ਦਫ਼ਤਰ ਵੀ ਸਰਕਾਰੀ ਖ਼ਰਚੇ ‘ਤੇ ਮਿਲਣ ਦੀ ਸੁਵਿਧਾ ਦੀ ਤਜਵੀਜ਼ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp