ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਹੀਰਾ ਮੇਹਟੀਆਣਾ)
ਮੋਗਾ ਵਿੱਚ ਜੰਮੀ ਅਨਮੋਲਜੀਤ ਕੌਰ (18) ਨਿਊਜ਼ੀਲੈਂਡ ਵਿੱਚ ‘ਯੂਥ ਸੰਸਦ ਮੈਂਬਰ‘ ਚੁਣੀ ਗਈ ਹੈ। ਅਨਮੋਲਜੀਤ ਕੌਰ ਦਾ ਪਰਿਵਾਰ 17 ਸਾਲ ਪਹਿਲਾਂ ਨਿਊਜ਼ੀਲੈਂਡ ਜਾ ਵੱਸਿਆ ਸੀ। ਉਸ ਦੇ ਪਿਤਾ ਗੁਰਿੰਦਰਜੀਤ ਸਿੰਘ ਤੇ ਮਾਤਾ ਕੁਲਜੀਤ ਕੌਰ ਦੋਵੇਂ ਅਧਿਆਪਕ ਰਹਿ ਚੁੱਕੇ ਹਨ।
ਪਿਤਾ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਹਰ ਸਾਂਸਦ ਆਪਣੇ ਖੇਤਰ ਵਿੱਚੋਂ ਇੱਕ ਯੂਥ ਸਾਂਸਦ ਵੀ ਚੁਣਦੇ ਹਨ ਜੋ ਸੰਸਦ ਵਿੱਚ ਆਪਣੇ ਵਿਚਾਰ ਰੱਖਦੇ ਹਨ। ਇਸੇ ਕੜੀ ਵਿੱਚ ਪਾਪਾਕੁਰਾ ਖੇਤਰ ਦੀ ਮੌਜੂਦਾ ਸਾਂਸਦ ਯੂਡਿਤ ਕੌਲਨ ਨੇ ਅਨਮੋਲਜੀਤ ਕੌਰ ਨੂੰ ਆਪਣੇ ਪ੍ਰਤੀਨਿਧੀ ਵਜੋਂ ਚੁਣਿਆ ਹੈ ਜਿਸ ਨੂੰ ਯੂਥ ਐਮਪੀ ਕਹਿੰਦੇ ਹਨ।
ਅਨਮੋਲਜੀਤ ਕੌਰ ਪਹਿਲੀ ਮਾਰਚ 2019 ਤੋਂ 31 ਅਗਸਤ, 2019 ਤਕ ਇਹ ਅਹੁਦਾ ਸੰਭਾਲੇਗੀ। ਹੁਣ ਉਹ ਮੌਜੂਦਾ ਐਮਪੀ ਦੇ ਪ੍ਰਤੀਨਿਧੀ ਵਜੋਂ ਸੰਸਦ ਵਿੱਚ ਜੁਲਾਈ, 2019 ਵਿੱਚ ਹੋਣ ਵਾਲੇ ਸੈਸ਼ਨ ਵਿੱਚ ਸੰਬੋਧਨ ਕਰੇਗੀ। ਉਸ ਦੇ ਪਿਤਾ ਨੇ ਦੱਸਿਆ ਕਿ 17 ਸਾਲਾਂ ਦੀ ਉਮਰ ਵਿੱਚ ਉਹ ਯੂਨਾਈਟਿਡ ਨੇਸ਼ਨ ਲਈ ਹਾਈ ਸਕੂਲ ਦੀ ਅੰਬੈਸੇਡਰ ਵੀ ਰਹਿ ਚੁੱਕੀ ਹੈ। ਹੁਣ ਯੂਥ ਐਮਪੀ ਵਜੋਂ ਉਹ ਯੂਥ ਕੌਂਸਲ ਤੇ ਯੂਨਾਈਟਿਡ ਨੇਸ਼ਨ ਯੂਥ ਮਾਮਲਿਆਂ ਬਾਰੇ ਆਪਣੇ ਵਿਚਾਰ ਰੱਖੇਗੀ।
ਅਨਮੋਲਜੀਤ ਨੇ ਦੱਸਿਆ ਕਿ ਪੜ੍ਹਨ ਦੀ ਇਲਾਵਾ ਉਸ ਨੂੰ ਚਲੰਤ ਮਾਮਲਿਆਂ ’ਤੇ ਨਜ਼ਰ ਰੱਖਣਾ ਪਸੰਦ ਹੈ। ਹਾਈ ਸਕੂਲ ਵਿੱਚ ਉਸ ਨੇ ਹਾਕੀ ਤੇ ਜਿਮਨਾਸਟਿਕ ਵਿੱਚ ਮੈਡਲ ਵੀ ਹਾਸਲ ਕੀਤੇ। ਉਹ ਕਾਨੂੰਨ ਤੇ ਆਰਥਕ ਮਾਮਲਿਆਂ ਦੀ ਮਾਹਰ ਬਣ ਕੇ ਨਿਊਜ਼ੀਲੈਂਡ ਦੇ ਨਾਗਰਿਕਾਂ ਤੇ ਪੰਜਾਬੀ ਭਾਈਚਾਰੇ ਦੀ ਸੇਵਾ ਕਰਨਾ ਚਾਹੁੰਦੀ ਹੈ। ਇਸ ਮਕਸਦ ਲਈ ਅਗਲੇ ਸਾਲ ਉਹ ਲਾਅ ਤੇ ਕਾਮਰਸ ਦੀ ਡਿਗਰੀ ਦੀ ਪੜ੍ਹਾਈ ਸ਼ੁਰੂ ਕਰੇਗੀ। ਉਸ ਨੇ ਦੱਸਿਆ ਕਿ ਜੁਲਾਈ, 2019 ਨੂੰ ਉਹ ਦੇਸ਼ ਭਰ ਵਿੱਚੋਂ ਚੁਣੇ ਗਏ 119 ਯੂਥ ਸਾਂਸਦਾਂ ਨਾਲ ਸੰਸਦ ਵਿੱਚ ਬੈਠੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp