ਮੁੱਖ ਮੰਤਰੀ ਵੱਲੋਂ ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਦੇ ਕਤਲ ਦੀ ਐਸ.ਆਈ.ਟੀ. ਜਾਂਚ ਕਰਵਾਉਣ ਦੇ ਹੁਕਮ
ਚੰਡੀਗੜ੍ਹ, 16 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਉਪਰ ਹੋਏ ਜਾਨਲੇਵਾ ਹਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰਨ ਲਈ ਫਿਰੋਜ਼ਪੁਰ ਦੇ ਡੀ.ਆਈ.ਜੀ. ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕਰਨ ਦੇ ਹੁਕਮ ਦਿੱਤੇ ਹਨ।
ਬਲਵਿੰਦਰ ਸਿੰਘ ਦੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਜਾਂਚ ਵਿੱਚ ਤੇਜੀ ਲਿਆਉਣ ਦੇ ਹੁਕਮ ਦਿੱਤੇ ਹਨ ਤਾਂ ਕਿ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ। ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਸ.ਆਈ.ਟੀ. ਵੱਲੋਂ ਕੀਤੀ ਜਾਣ ਵਾਲੀ ਜਾਂਚ ਵਿੱਚ ਸਾਰੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜੋ ਵੀ ਕਤਲ ਦਾ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇਗਾ।
ਐਸ.ਆਈ.ਟੀ. ਬਾਰੇ ਵੇਰਵੇ ਦਿੰਦਿਆਂ ਡੀ.ਜੀ.ਪੀ. ਨੇ ਦੱਸਿਆ ਫਿਰੋਜ਼ਪੁਰ ਦੇ ਡੀ.ਆਈ.ਜੀ. ਹਰਦਿਆਲ ਮਾਨ ਤੋਂ ਇਲਾਵਾ ਇਹ ਟੀਮ ਤਰਨ ਤਾਰਨ ਦੇ ਐਸ.ਐਸ.ਪੀ. ਧਰੁਮਨ ਨਿੰਬਲੇ ਅਤੇ ਭਿੱਖੀਵਿੰਡ ਦੇ ਡੀ.ਐਸ.ਪੀ. ਰਾਜਬੀਰ ਸਿੰਘ ਉਤੇ ਅਧਾਰਿਤ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਬਲਵਿੰਦਰ ਨੂੰ ਉਸ ਦੇ ਭਿੱਖੀਵਿੰਡ ਵਿੱਚ ਸਥਿਤ ਘਰ ਵਿੱਚ ਅੱਜ ਸਵੇਰੇ 7 ਵਜੇ ਦੇ ਕਰੀਬ ਅਣਪਛਾਤੇ ਹਮਲਾਵਰਾਂ ਨੇ ਹਲਾਕ ਕਰ ਦਿੱਤਾ। ਉਹਨਾਂ ਦੱਸਿਆ ਕਿ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਦਿਖਾਇਆ ਗਿਆ ਹੈ ਕਿ ਦੋ ਅਣਪਛਾਤੇ ਹਮਲਾਵਰ ਸਵੇਰੇ ਮਿਰਤਕ ਦੇ ਘਰ ਪਹੁੰਚੇ ਅਤੇ ਇਹਨਾਂ ਵਿੱਚੋਂ ਇਕ ਨੇ ਘਰ ਦੇ ਅਹਾਤੇ ਵਿੱਚ ਦਾਖਲ ਹੋ ਕੇ ਨੇੜਿਓਂ ਗੋਲੀ ਚਲਾਈ। ਡੀ.ਜੀ.ਪੀ. ਨੇ ਦੱਸਿਆ ਕਿ ਵਾਹਨ ਦੇ ਵੇਰਵਿਆਂ ਅਤੇ ਇਸ ਦੇ ਰਜਿਸਟ੍ਰੇਸ਼ਨ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ।
ਐਫ.ਆਈ.ਆਰ. ਨੰਬਰ 174/20 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਆਈ.ਪੀ.ਸੀ. ਦੀ ਧਾਰਾ 302, 34 ਅਤੇ ਆਰਮਜ਼ ਐਕਟ ਦੀ ਧਾਰਾ 25, 27 ਤਹਿਤ ਕੇਸ ਦਰਜ ਕੀਤਾ ਗਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp