LATEST : ਕੱਲ ਖੁੱਲ੍ਹਣਗੇ ਪੰਜਾਬ ‘ਚ ਸਕੂਲ, ਸਕੂਲ ਖੁੱਲ੍ਹਣ ਪ੍ਰਤੀ ਬੱਚਿਆਂ ‘ਚ ਚਾਅ, ਅਧਿਆਪਕਾਂ ਤੇ ਮਾਪਿਆਂ ‘ਚ ਉਤਸ਼ਾਹ

ਕੱਲ ਖੁੱਲ੍ਹਣਗੇ ਪੰਜਾਬ ‘ਚ ਸਕੂਲ
ਸਕੂਲ ਖੁੱਲ੍ਹਣ ਪ੍ਰਤੀ ਬੱਚਿਆਂ ‘ਚ ਚਾਅ, ਅਧਿਆਪਕਾਂ ਤੇ ਮਾਪਿਆਂ ‘ਚ ਉਤਸ਼ਾਹ
ਪਟਿਆਲਾ 18 ਅਕਤੂਬਰ:
ਭਲਕੇ 19 ਅਕਤੂਬਰ ਨੂੰ ਰਾਜ ਭਰ ‘ਚ 9ਵੀਂ ਤੋਂ 12ਵੀਂ ਜਮਾਤ ਤੱਕ ਖੁੱਲ੍ਹਣ ਜਾ ਰਹੇ ਸਰਕਾਰੀ ਸਕੂਲਾਂ ਦੇ ਬੱਚਿਆਂ ‘ਚ ਜਿੱਥੇ ਵਿਲੱਖਣ ਚਾਅ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਮਾਪਿਆਂ ਤੇ ਅਧਿਆਪਕਾਂ ‘ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਕੂਲ ਖੁੱਲ੍ਹਣ ਲਈ ਕੋਵਿਡ-19 ਤੋਂ ਬਚਾਅ ਸਬੰਧੀ ਸਰਕਾਰੀ ਸਕੂਲ ਮੁਖੀਆਂ ਵੱਲੋਂ ਸਫਾਈ, ਵਿਸ਼ਾਣੂ ਰਹਿਤ ਕਰਨ ਅਤੇ ਸਮਾਜਿਕ ਦੂਰੀ ਨੂੰ ਧਿਆਨ ‘ਚ ਰੱਖਣ ਸਬੰਧੀ ਪ੍ਰਕਿਰਿਆ ਸੁਚਾਰੂ ਰੂਪ ‘ਚ ਚਲਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਅਨੁਸਾਰ ਕੋਵਿਡ-19 ਸਬੰਧੀ ਸਾਵਧਾਨੀਆਂ ਦੇ ਪਾਲਣ ਹਿਤ ਜ਼ਿਲ੍ਹੇ ‘ਚ ਪੂਰੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਖੁੱਲ੍ਹਣ ਦੀਆਂ ਤਿਆਰੀਆਂ ਹੋ ਗਈਆਂ ਹਨ।
ਨੈਸ਼ਨਲ ਐਵਾਰਡੀ ਪ੍ਰਿੰ. ਸੁਖਦਰਸ਼ਨ ਸਿੰਘ ਬਹਿਰ ਜੰਸ ਤੇ ਪ੍ਰਿੰ. ਭਰਪੂਰ ਸਿੰਘ ਸੇਹਰਾ ਦਾ ਕਹਿਣਾ ਹੈ ਕਿ ਵਿਦਿਆਰਥੀ ਜੋ ਕੁਝ ਪ੍ਰਤੱਖ ਰੂਪ ‘ਚ ਆਪਣੇ ਅਧਿਆਪਕਾਂ ਨਾਲ ਰਾਬਤਾ ਬਣਾ ਕੇ ਸਿੱਖਦੇ ਹਨ, ਉਨ੍ਹਾਂ ਵਧੀਆ ਕਿਸੇ ਹੋਰ ਸਾਧਨ ਰਾਹੀਂ ਨਹੀਂ ਸਿੱਖ ਸਕਦੇ। ਇਸ ਕਰਕੇ ਸਕੂਲ ਲੱਗਣੇ ਜਰੂਰੀ ਹਨ ਪਰ ਕੋਵਿਡ-19 ਦੌਰਾਨ ਅਧਿਆਪਕਾਂ ਨੂੰ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਸਬੰਧੀ ਸਾਵਧਾਨੀਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਉਹ ਹਰ ਸੰਭਵ ਤੇ ਲੋੜੀਦੇ ਕਦਮ ਚੁੱਕਣਗੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੂ ਦੇ ਲੈਕਚਰਾਰ ਦਲਜੀਤ ਸਿੰਘ ਗੁਰਾਇਆ ਦਾ ਕਹਿਣਾ ਹੈ ਕਿ ਇਸ ਵੇਲੇ ਤਾਲਾਬੰਦੀ ਲਗਭਗ ਖੁੱਲ੍ਹ ਚੁੱਕੀ ਹੈ ਅਤੇ ਬਹੁਤ ਸਾਰੀਆਂ ਇਕੱਠਾਂ ਵਾਲੀਆਂ ਸਰਗਰਮੀਆਂ ਆਮ ਵਾਂਗ ਚੱਲ ਰਹੀਆਂ ਹਨ ਤਾਂ ਸਕੂਲ ਕਿਉਂ ਨਹੀਂ ਖੁੱਲ੍ਹਣੇ ਚਾਹੀਦੇ। ਜਿਸ ਤਰ੍ਹਾਂ ਹੋਰਨਾਂ ਸਰਗਰਮੀਆਂ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਸਕੂਲਾਂ ‘ਚ ਵੀ ਕੋਵਿਡ ਤੋਂ ਬਚਾਅ ਲਈ ਧਿਆਨ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੈਕੰਡਰੀ ਜਮਾਤਾਂ ਦੇ ਜਿਆਦਾਤਰ ਵਿਦਿਆਰਥੀ ਵੀ ਘਰਾਂ ‘ਚ ਨਹੀਂ ਬੈਠੇ ਹੋਏ ਉਹ ਆਮ ਵਾਂਗ ਆਪਣੇ ਮਾਪਿਆਂ ਦੇ ਕੰਮਾਂ-ਕਾਰਾਂ ‘ਚ ਹੱਥ ਵਟਾ ਰਹੇ ਹਨ। ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਤਕਰੀਬਨ 22 ਕਿਲੋਮੀਟਰ ਦੂਰ ਪਿੰਡ ਤਾਣਾ ਤੋਂ ਪੜ੍ਹਨ ਆਉਣ ਵਾਲੀਆਂ ਸਕੀਆਂ ਭੈਣਾਂ ਜਸ਼ਨਪ੍ਰੀਤ ਕੌਰ ਤੇ ਸਿਮਰਨਜੋਤ ਕੌਰ ਦਾ ਕਹਿਣਾ ਹੈ ਕਿ ਉਹ ਸਕੂਲ ਖੁੱਲ੍ਹਣ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ। ਭਾਵੇਂ ਉਨ੍ਹਾਂ ਨੇ ਤਾਲਾਬੰਦੀ ਦੌਰਾਨ ਆਨਲਾਈਨ ਪੜ੍ਹਾਈ ਜਾਰੀ ਰਹੀ ਪਰ ਜੋ ਕੁਝ ਸਕੂਲ ‘ਚ ਸਿੱਖਣ ਨੂੰ ਮਿਲਦਾ ਹੈ, ਉਹ ਉਸ ਦੀ ਘਾਟ ਬਹੁਤ ਮਹਿਸੂਸ ਕਰ ਰਹੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਵੀ ਉਘੜ-ਦੁਗੜੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾ ਦਾ ਪਾਲਣ ਕਰਕੇ ਆਪਣੇ ਅਧਿਆਪਕਾਂ ਨੂੰ ਸਹਿਯੋਗ ਦੇਣਗੀਆਂ।
ਇਸੇ ਤਰ੍ਹਾਂ ਦਾ ਸ੍ਰੀਮਤੀ ਬਲਵਿੰਦਰ ਕੌਰ ਅਤਾਪੁਰ ਦਾ ਕਹਿਣਾ ਹੈ ਕਿ ਮਾਪੇ ਬੱਚਿਆਂ ਨੂੰ ਸਕੂਲ ਪੜ੍ਹਨ ਸਿਰਫ ਅਕਾਦਮਿਕ ਗਿਆਨ ਲਈ ਹੀ ਨਹੀਂ ਲਗਾਉਂਦੇ ਸਗੋਂ ਬੱਚੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਉਜ਼ਾਗਰ ਕਰਨ ਲਈ ਵੀ ਲਗਾਉਂਦੇ ਹਨ। ਜਿਸ ਲਈ ਬੱਚਿਆਂ ਦਾ ਸਕੂਲ ਜਾਣਾ ਲਾਜ਼ਮੀ ਹੈ। ਜਿਸ ਤਰ੍ਹਾਂ ਪੰਜਾਬ ‘ਚ ਕੋਵਿਡ ‘ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਅਤੇ ਕਾਫੀ ਹੱਦ ਤੱਕ ਜਨਜੀਵਨ ਆਮ ਹੋ ਗਿਆ ਹੈ। ਵੈਸੇ ਵੀ ਸੈਕੰਡਰੀ ਜਮਾਤਾਂ ਦੇ ਬੱਚੇ ਕਾਫੀ ਸਿਆਣੇ ਹੋ ਜਾਂਦੇ ਹਨ, ਇਸ ਲਈ ਸਕੂਲ ਖੋਲ੍ਹਣ ‘ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ।


ਤਸਵੀਰ:- ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਸਕੂਲ ਖੁੱਲ੍ਹਣ ਦੇ ਮੱਦੇਨਜ਼ਰ ਚੱਲ ਰਹੀ ਸਫਾਈ ਮੁਹਿੰਮ ਦਾ ਦ੍ਰਿਸ਼।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply