10 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਕੇ ਹੋਰ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਪਿੰਡ ਕਾਲੇਵਾਲ ਦਾ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ

ਹੈਪੀ ਸੀਡਰ ਦੀ ਮਦਦ ਨਾਲ ਝੋਨੇ ਦੀ ਕਟਾਈ ਕਰਕੇ ਖੜ੍ਹੀ ਪਰਾਲੀ ’ਚ ਹੀ ਕਰ ਦਿੰਦਾ ਹੈ ਕਣਕ ਦੀ ਬਿਜਾਈ

ਪਿੰਡ ਦੇ ਹੋਰ ਕਿਸਾਨਾਂ ਨੇ ਵੀ ਪ੍ਰੇਰਿਤ ਹੋ ਕੇ ਹੈਪੀ ਸੀਡਰ ਤਕਨੀਕ ਨੂੰ ਅਪਣਾਇਆ

ਹੁਸ਼ਿਆਰਪੁਰ, 20 ਅਕਤੂਬਰ (ਚੌਧਰੀ) :ਜ਼ਿਲ੍ਹੇ ਦੇ ਬਲਾਕ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਕਾਲੇਵਾਲ ਦਾ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਆਪਣੀ ਅਗਾਂਹਵਧੂ ਸੋਚ ਦੇ ਕਾਰਨ ਜ਼ਿਲ੍ਹੇ ਦੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਆਧੁਨਿਕ ਤਰੀਕੇ ਨਾਲ ਕੀਤੀ ਗਈ ਖੇਤੀ ਵਿੱਚ ਜਿਥੇ ਉਹ ਮੁਨਾਫਾ ਕਮਾ ਰਿਹਾ ਹੈ ਉਥੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵੀ ਆਪਣਾ ਪੂਰਾ ਯੋਗਦਾਨ ਦੇ ਰਿਹਾ ਹੈ। ਜਸਵਿੰਦਰ ਸਿੰਘ ਪਿਛਲੇ 10 ਸਾਲਾਂ ਤੋਂ ਖੇਤੀਬਾੜੀ ਵਿਭਾਗ ਨਾਲ ਜੁੜਿਆ ਹੈ ਅਤੇ ਇਸਨੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ। ਉਹ ਪਿਛਲੇ 4 ਸਾਲਾਂ ਤੋਂ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਫ਼ਸਲ ਦੀ ਬਿਜਾਈ ਕਰ ਰਿਹਾ ਹੈ ਅਤੇ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ ਆਪਣੀ ਕਣਕ ਦੀ ਫ਼ਸਲ ਦਾ ਪੂਰਾ ਝਾੜ ਪਾ ਰਿਹਾ ਹੈ।

ਕਿਸਾਨ ਜਸਵਿੰਦਰ ਜਿਥੇ ਇਸ ਤਕਨੀਕ ਦਾ ਪ੍ਰਯੋਗ ਕਰਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾ ਰਿਹਾ ਹੈ ਉਥੇ ਉਸਨੇ ਖੇਤ ਦੀ ਬਹਾਈ ਦਾ ਖਰਚਾ ਵੀ ਘੱਟ ਕੀਤਾ ਹੈ, ਕਿਉਂਕਿ ਹੈਪੀ ਸੀਡਰ ਤਕਨੀਕ ਨਾਲ ਝੋਨੇ ਦੀ ਪਰਾਲੀ ਦੀ ਕਟਾਈ ਤੋਂ ਬਾਅਦ ਝੋਨੇ ਦੀ ਖੜ੍ਹੀ ਪਰਾਲੀ ਵਿੱਚ ਹੀ ਕਣਕ ਦੀ ਫ਼ਸਲ ਦੀ ਬਿਜਾਈ ਹੋ ਜਾਂਦੀ ਹੈ। ਉਸਦੀ ਇਸ ਤਕਨੀਕ ਨਾਲ ਬਿਜੀ ਗਈ ਫ਼ਸਲ ਨੂੰ ਦੇਖਣ ਲਈ ਪਿੰਡਾਂ ਵਿੱਚ ਹੋਰ ਕਿਸਾਨ ਆਉਂਦੇ ਹਨ। ਕਾਫੀ ਕਿਸਾਨਾਂ ਨੇ ਪਿਛਲੇ ਸਾਲਾਂ ਵਿੱਚ ਜਸਵਿੰਦਰ ਤੋਂ ਪ੍ਰਭਾਵਿਤ ਹੋ ਕੇ ਹੈਪੀ ਸੀਡਰ ਤਕਨੀਕ ਨੂੰ ਅਪਣਾਇਆ ਹੈ। ਇਸ ਤੋਂ ਇਲਾਵਾ ਜਸਵਿੰਦਰ 10 ਤੋਂ 15 ਖੇਤ ਆਲੂ ਦੇ ਵੀ ਲਗਾਉਂਦਾ ਹੈ। ਇਨ੍ਹਾਂ ਖੇਤਾਂ ਨੂੰ ਉਹ ਮਲਚਰ, ਐਮ.ਬੀ.ਪਲਾਓ, ਰੋਟਾਵੇਟਰ ਅਤੇ ਤਵਿਆਂ ਦਾ ਪ੍ਰਯੋਗ ਕਰਕੇ ਤਿਆਰ ਕਰਦਾ ਹੈ। ਉਸਦਾ ਕਹਿਣਾ ਹੈ ਕਿ ਉਹ ਆਪਣੀ ਪਰਾਲੀ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕਰਕੇ ਨਦੀਨ ਨਾਸ਼ਕਾਂ, ਸਪਰੇਅ ਅਤੇ ਖਾਦ ਦੇ ਖਰਚੇ ਨੂੰ ਵੀ ਘੱਟ ਕੀਤਾ ਹੈ। ਜਸਵਿੰਦਰ ਦੇ ਅਨੁਸਾਰ ਮੌਜੂਦਾ ਕੋਵਿਡ-19 ਬੀਮਾਰੀ ਦੇ ਚੱਲਦੇ ਬਾਕੀ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹੇ ਭਰ ਦੇ ਸਮੂਹ ਪਿੰਡਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਵਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਇਨ੍ਹਾਂ ਯਤਨਾਂ ਨੂੰ ਕਿਸਾਨਾਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply