ਭਗਤ ਨਾਮਦੇਵ ਜੀ ਦੇ 750ਵੇਂ ਪ੍ਰਕਾਸ਼ ਦਿਹਾੜੇ ਮੌਕੇ ਕੈਬਨਿਟ ਮੰਤਰੀ ਰੰਧਾਵਾ ਤੇ ਵਿਧਾਇਕ ਲਾਡੀ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਹੋਏ ਨਤਮਸਤਕ

ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਪੰਜਾਬ ਸਰਕਾਰ ਵਲੋਂ ਦਿੱਤੀ ਵਧਾਈ


ਪੰਜਾਬ ਸਰਕਾਰ ਵਲੋਂ ਨਾਮਦੇਵ ਨਗਰ ਘੁਮਾਣ ਦੇ ਸਰਬਪੱਖੀ ਵਿਕਾਸ ਲਈ ਖਰਚੇ ਜਾ ਰਹੇ ਹਨ ਕਰੋੜਾਂ ਰੁਪਏ : ਵਿਧਾਇਕ ਲਾਡੀ


ਬਟਾਲਾ, 26 ਅਕਤੂਬਰ ( ਸੰਜੀਵ ਨਈਅਰ/ ਅਵਿਨਾਸ਼  ਸ਼ਰਮਾ) : ਸ਼ਰੋਮਣੀ ਭਗਤ ਸ੍ਰੀ ਨਾਮਦੇਵ ਜੀ ਦੇ 750ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅੱਜ ਵਿਸ਼ੇਸ਼ ਤੌਰ ’ਤੇ ਭਗਤ ਨਾਮਦੇਵ ਦਰਬਾਰ ਘੁਮਾਣ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ੍ਰੀ ਹਰਗੋਬਿੰਦਪੁਰ ਸ. ਬਲਵਿੰਦਰ ਸਿੰਘ ਲਾਡੀ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਅਤੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਵੀ ਮੌਜੂਦ ਸਨ।

ਘੁਮਾਣ ਵਿਖੇ ਭਗਤ ਸ੍ਰੀ ਨਾਮਦੇਵ ਜੀ ਦੀ ਅੰਤਿਮ ਸਮਾਧੀ ਵਿਖੇ ਮੱਥਾ ਟੇਕਣ ਉਪਰੰਤ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੇਸ਼-ਵਿਦੇਸ਼ ਦੀ ਸਮੂਹ ਸੰਗਤ ਨੂੰ ਭਗਤ ਸ੍ਰੀ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਤੀ ਲਹਿਰ ਦੇ ਰਹਿਨੁਮਾ ਸ਼੍ਰੋਮਣੀ ਭਗਤ ਸ੍ਰੀ ਨਾਮਦੇਵ ਜੀ ਨੇ ਕੁੱਲ ਮਨੁੱਖਤਾ ਨੂੰ ਪ੍ਰੇਮ, ਸ਼ਾਂਤੀ, ਦਇਆ ਤੇ ਧਾਰਮਿਕ ਸ਼ਹਿਣਸ਼ੀਲਤਾ ਦੇ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘੁਮਾਣ ਦੀ ਧਰਤੀ ਭਾਗਾਂਵਾਲੀ ਹੈ ਜਿਥੇ ਭਗਤ ਜੀ ਦੇ 18 ਸਾਲ ਤੋਂ ਵੱਧ ਦਾ ਸਮਾਂ ਬਤੀਤ ਕੀਤਾ ਅਤੇ ਇਥੇ ਹੀ ਉਹ ਪ੍ਰਲੋਕ ਸਿਧਾਰੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 18 ਰਾਗਾਂ ਵਿਚ ਭਗਤ ਨਾਮਦੇਵ ਜੀ ਦੇ 61 ਸਲੋਕ ਦਰਜ ਹਨ ਅਤੇ ਉਨ੍ਹਾਂ ਦੀ ਬਾਣੀ ਰਹਿੰਦੀ ਦੁਨੀਆਂ ਤੱਕ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੀ ਰਹੇਗੀ।

ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਭਗਤ ਨਾਮਦੇਵ ਜੀ ਦੇ ਵਰਸੋਏ ਨਗਰ ਘੁਮਾਣ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਰਾਜ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਤਹਿਤ ਘੁਮਾਣ ਦੀ 100 ਫੀਸਦੀ ਵਸੋਂ ਨੂੰ ਪੀਣ ਲਈ ਸਾਫ਼ ਤੇ ਸ਼ੁੱਧ ਪਾਣੀ ਅਤੇ ਹਰ ਘਰ ਨੂੰ ਸੀਵਰੇਜ ਸਪਲਾਈ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਮਹੱਤਤਾ ਵਾਲੇ ਨਗਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਤ ਨਾਮਦੇਵ ਦਰਬਾਰ ਕਮੇਟੀ ਵਲੋਂ ਭਗਤ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਅਗਲੇ ਮਹੀਨੇ ਜੋ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਉਸ ਵਿੱਚ ਵੀ ਸਰਕਾਰ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।

ਇਸ ਮੌਕੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਭਗਤ ਨਾਮਦੇਵ ਜੀ ਦੀ ਬਦੌਲਤ ਘੁਮਾਣ ਨਗਰ ਪੂਰੀ ਦੁਨੀਆਂ ਵਿੱਚ ਪੂਜਣ ਯੋਗ ਹੈ। ਵਿਧਾਇਕ ਲਾਡੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਵੱਡਾ ਸੁਭਾਗ ਹੈ ਕਿ ਉਨ੍ਹਾਂ ਨੂੰ ਇਸ ਪਾਵਨ ਨਗਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਘੁਮਾਣ ਨਗਰ ਵਿੱਚ ਸੀਵਰੇਜ ਦੇ ਪ੍ਰੋਜੈਕਟ ਉੱਪਰ 16.50 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘੁਮਾਣ ਦੀ 100 ਫੀਸਦੀ ਨੂੰ ਪੀਣ ਲਈ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਾਉਣ ਲਈ 2.50 ਕਰੋੜ ਰੁਪਏ ਦੀ ਲਾਗਤ ਨਾਲ ਜਲ-ਸਪਲਾਈ ਦੇ ਪ੍ਰੋਜੈਕਟ ਉੱਪਰ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ 50 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਘੁਮਾਣ ਦੀ ਨਵੀਂ ਇਮਾਰਤ ਬਣਾਈ ਗਈ ਹੈ। ਇਸ ਤੋਂ ਇਲਾਵਾ 2.15 ਕਰੋੜ ਰੁਪਏ ਦੀ ਲਾਗਤ ਨਾਲ ਘੁਮਾਣ ਵਿਖੇ ਨਵੇਂ ਥਾਣੇ ਦੀ ਇਮਾਰਤ ਉਸਾਰੀ ਅਧੀਨ ਹੈ। ਉਨ੍ਹਾਂ ਕਿਹਾ ਕਿ ਨਾਮਦੇਵ ਨਗਰ ਘੁਮਾਣ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਨਗਰ ਬਣਾਇਆ ਜਾਵੇਗਾ।

ਇਸ ਮੌਕੇ ਭਗਤ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਧਾਨ ਸ. ਤਰਸੇਮ ਸਿੰਘ ਬਾਵਾ, ਸਕੱਤਰ ਸੁਖਜਿੰਦਰ ਸਿੰਘ ਲਾਲੀ ਅਤੇ ਹੋਰ ਮੈਂਬਰਾਂ ਵਲੋਂ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply