ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਕਾਲਜਾਂ/ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਲਈ ਮੁੜ-ਖੁਲਵਾਉਣ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ

ਗੁਰਦਾਸਪੁਰ 2 ਨਵੰਬਰ ( ਅਸ਼ਵਨੀ ) : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਕਾਲਜਾਂ/ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਲਈ ਮੁੜ-ਖੁਲਵਾਉਣ ਦੀ ਮੰਗ ਨੂੰ ਲੈ ਕੇ ਲਗਾਏ ਜਾ ਰਹੇ ਲਗਾਤਾਰ ਧਰਨਿਆਂ ਦੇ ਸੱਦੇ ਤਹਿਤ ਸਰਕਾਰੀ ਕਾਲਜ ਗੁਰਦਾਸਪੁਰ ਦੇ ਗੇਟ ਮੂਹਰੇ ਧਰਨਾ ਲਗਾਇਆ ਗਿਆ।ਇਸ ਮੌਕੇ ਜਿੱਥੇ ਵਿਦਿਆਰਥੀਆਂ ਵੱਲੋਂ ਕਾਲਜਾਂ ਨੂੰ ਮੁੜ ਖੁਲਵਾਉਣ ਦੀ ਮੰਗ ਕੀਤੀ ਗਈ, ਉੱਥੇ ਨਾਲ ਹੀ 1984 ਦੇ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ।ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਮਨੀ ਭੱਟੀ ਵੱਲੋਂ ਧਰਨੇ ਵਿੱਚ ਹਾਜ਼ਿਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦ ਹੁਣ ਪੂਰੀ ਦੁਨੀਆਂ ਵਿੱਚ ਲਾੱਕਡਾਊਨ ਖੁੱਲ੍ਹ ਗਿਆ ਹੈ,ਅਤੇ ਵੱਖ-ਵੱਖ ਵਿਗਿਆਨਿਕਾਂ ਵੱਲੋਂ ਇਹ ਵੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਦੁਨੀਆਂ ਨੂੰ ਹੁਣ ਕਰੋਨਾ ਦੇ ਨਾਲ ਹੀ ਜਿਉਣਾ ਪਵੇਗਾ।ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਾਲਜਾਂ/ਯੂਨੀਵਰਸਿਟੀਆਂ ਨੂੰ ਖੋਲ੍ਹ ਦਿੱਤਾ ਜਾਵੇ।

ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਵਿਦਿਆਰਥੀਆਂ ਦੇ ਕਾਲਜ ਬੰਦ ਕਰਕੇ ਕੋਰੋਨਾ ਦਾ ਡਰ ਬਣਾਈ ਰੱਖਣਾ ਚਾਹੁੰਦੀ ਹੈ ਤਾਂ ਦੂਸਰੇ ਪਾਸੇ ਆਪਣੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਵੱਖਰੇ-ਵੱਖਰੇ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ।ਉਹਨਾਂ ਕਿਹਾ ਕਿ ਇਸ ਵਿੱਚ ਦੋਹਾਂ ਸਰਕਾਰਾਂ ਦਾ ਪੂਰਾ ਰੋਲ ਹੈ।ਬੀਜੇਪੀ ਬਿਹਾਰ ਚੋਣਾਂ ਵਿੱਚ ਸਾਰੇ ‘ਸਟੈਂਡਰਡ ਆੱਫ ਪ੍ਰੋਸਿਜ਼ਿਰ’ ਦੀ ਧੱਜੀਆਂ ਉਡਾ ਰਹੀ ਹੈ ਤਾਂ ਪੰਜਾਬ ਵਿੱਚ ਕਿਸਾਨਾਂ ਪ੍ਰਤੀ ਹੇਜ ਦਿਖਾ ਰਹੀ ਕਾਂਗਰਸ ਸਰਕਾਰ ਨੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕਰਕੇ ਕੋਰੋਨਾ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ।ਉਹਨਾਂ ਕਿਹਾ ਕਿ ਜਦ ਸੂਬੇ ਵਿੱਚ ਬੱਸਾਂ ਫੁੱਲ ਭਰ ਕੇ ਜਾ ਰਹੀਆਂ ਹਨ,ਪੰਜਾਬ ਵਿੱਚ ਕਈ ਥਾਵਾਂ ਤੇ ਆਈਲੈੱਟਸ ਸੈਂਟਰ ਖੁੱਲ੍ਹ ਗਏ ਹਨ, ਸਿਨੇਮਾ ਹਾਲ ਖੋਲ੍ਹਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਹੈ ਤਾਂ ਪੰਜਾਬ ਦੇ ਕਾਲਜ ਬੰਦ ਕਿਉਂ ਹਨ?ਉਹਨਾਂ ਮੰਗ ਕਰਦਿਆਂ ਕਿਹਾ ਕਿ ਕਾਲਜਾਂ ਨੂੰ ਤੁਰੰਤ ਖੋਲਿ੍ਹਆ ਜਾਣਾ ਚਾਹੀਦਾ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਅਮਰ ਕ੍ਰਾਂਤੀ ਨੇ ਕਿਹਾ ਕਿ ਜਿੱਥੇ ਅੱਜ ਉਹ ਕਾਲਜਾਂ ਨੂੰ ਖੁਲਵਾਉਣ ਦੀ ਮੰਗ ਕਰ ਰਹੇ ਹਨ ਤਾਂ ਦੂਸਰੇ ਪਾਸੇ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਅੱਜ 36 ਸਾਲਾਂ ਬਾਅਦ ਵੀ ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰ ਇਨਸਾਫ ਉਡੀਕ ਰਹੇ ਹਨ।ਕੇਂਦਰ ਸਰਕਾਰ ਉਹਨਾਂ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਇ ਘੱਟ-ਗਿਣਤੀਆਂ ਨੂੰ ਹੋਰ ਜ਼ਿਆਦਾ ਨਿਸ਼ਾਨਾ ਬਣਾ ਰਹੀ ਹੈ।ਧਰਨਾਕਾਰੀਆਂ ਨੇ ਮੰਗ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਇਸ ਸੱਦੇ ਤਹਿਤ ਕਾਲਜ/ਯੂਨੀਵਰਸਿਟੀਆਂ ਦੇ ਖੁੱਲ੍ਹਣ ਤੱਕ ਇਹ ਧਰਨਾ ਲਗਾਤਾਰ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਸੁਖਜਿੰਦਰ ਪੰਨੂੰ,ਅਰਸ਼ਦੀਪ ਸਿੰਘ, ਰਿਚਾ, ਸਮੀਰ, ਹਰਵਿੰਦਰ ਸਿੰਘ ਆਦਿ ਹਾਜ਼ਰ ਹੋਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply