NEW POEM:: ਤੇਰੇ ਵਰਗਾ ਦੁਨੀਆਂ ‘ਤੇ ਇਨਸਾਨ ਨਹੀਂ, ਦੇਸ਼ ਦੇ ਅੰਨ-ਦਾਤਾ ਨੂੰ ਸਮਰਪਿਤ ਪ੍ਰਸਿੱਧ ਸ਼ਾਇਰ ਬਲਵਿੰਦਰ ਬਾਲਮ ਦੀ ਰੌਚਕ ਕਵਿਤਾ CLICK HERE::

ਉਦਮੀ ਮਜ਼ਦੂਰਾ ਸਿਰਜਕ ਕਿਰਸਾਨਾਂ ਸੁਣ


ਉਦਮੀ ਮਜ਼ਦੂਰਾ ਸਿਰਜਕ ਕਿਰਸਾਨਾਂ ਸੁਣ।
ਹਾਸੇ ਖੁਸ਼ੀਆਂ ਤੇਰੇ ਨਾਲ ਜਵਾਨਾਂ ਸੁਣ।
ਤੇਰੇ ਖੂਨ ਪਸੀਨੇ ਦੇ ਵਿੱਚ ਸੂਰਜ ਹੈ।
ਸੁੰਦਰ ਕਾਇਨਾਤ ਤੇਰੀ ਹੀ ਮੂਰਤ ਹੈ।
ਰੀਸ ਤੋਰੀ ਕਰ ਸਕਦਾ ਵੀ ਭਗਵਾਨ ਨਹੀਂ।
ਤੇਰੇ ਵਰਗਾ ਦੁਨੀਆਂ ‘ਤੇ ਇਨਸਾਨ ਨਹੀਂ।

ਦੇਸ਼ ਦੀਆਂ ਨੀਹਾਂ ਵਿੱਚ ਮੁੜਕਾ ਤੇਰਾ ਹੈ।
ਅੰਬਰ ਤੀਕਰ ਤੇਰੇ ਨਾਲ ਸਵੇਰਾ ਹੈ।
ਤੇਰੇ ਨੈਣਾਂ ਕਰਕੇ ਚੰਨ ਸਿਤਾਰੇ ਨੇ।
ਤੇਰੇ ਕਰਕੇ ਧਰਤੀ ਕੋਲ ਨਜ਼ਾਰੇ ਨੇ।
ਤੈਥੋਂ ਉਚੀ ਸੁੱਚੀ ਕੋਈ ਸ਼ਾਨ ਨਹੀਂ।
ਤੇਰੇ ਵਰਗਾ ਦੁਨੀਆਂ ‘ਤੇ ਇਨਸਾਨ ਨਹੀਂ।


ਧਰਮ ਤਿਰਾ ਹੈ ਧਰਤੀ, ਧਰਤੀ ਜਾਤ ਤਿਰੀ।
ਸਭਨਾਂ ਦੇ ਲਈ ਚੜਦੀ ਹੈ ਪ੍ਰਭਾਤ ਤਿਰੀ।
ਕਣ ਕਣ ਤੇਰਾ ਅਪਣਾ ਕੋਈ ਨਾ ਦੂਜਾ ਹੈ।
ਕਿਰਤ ਤਿਰੀ ਵਿੱਚ ਮੰਦਿਰ ਵਰਗੀ ਪੂਜਾ ਹੈ।
ਕਿਹੜਾ ਤੇਰੀ ਹਿੰਮਤ ਤੋਂ ਕੁਰਬਾਨ ਨਹੀਂ।
ਤੇਰੇ ਵਰਗਾ ਦੁਨੀਆਂ ‘ਤੇ ਇਨਸਾਨ ਨਹੀਂ।

ਤੇਰੇ ਕਰਕੇ ਔੜਾਂ ਵਿੱਚ ਖੁਸ਼ਹਾਲੀ ਹੈ।
ਮਹਿਕ ਰਹੀ ਗੁਲਸ਼ਨ ਦੀ ਡਾਲੀ ਡਾਲੀ ਹੈ।
ਪਰਬਤ ਚੀਰ ਵਿਖਾਵੇਂ ਨਹਿਰਾਂ ਕੱਢ ਦੇਵੇਂ।
ਧਰਤੀ ਦੀ ਹਿੱਕ ਚੀਰ ਸੁਨਹਿਰਾਂ ਕੱਢ ਦੇਵੇਂ।
ਹੋਰ ਕਿਸੇ ਦਾ ਏਦਾਂ ਦਾ ਈਮਾਨ ਨਹੀਂ।
ਤੇਰੇ ਵਰਗਾ ਦੁਨੀਆਂ ’ਤੇ ਇਨਸਾਨ ਨਹੀਂ।


ਖੋਜਾਂ ਦੇ ਸਿਰ ਉਤੇ ਤਾਜ ਰਖਾਏ ਤੂੰ।
ਚੰਨ ਦੇ ਉਤੇ ਚੜਕੇ ਚੰਨ ਸਜਾਏ ਤੂੰ।
ਯਾਰ ਤਰੱਕੀ ਦਾ ਤੂੰ ਸੂਤਰਧਾਰ ਰਿਆ।
ਤੇਰੇ ਵਿੱਚ ਅਲੌਕਿਕ ਇਕ ਭੰਡਾਰ ਰਿਆ।
ਤੂੰ ਅੰਨਦਾਤਾ ਏਂ ਤੇਰੀ ਪਹਿਚਾਨ ਨਹੀਂ।
ਤੇਰੇ ਵਰਗਾ ਦੁਨੀਆਂ ‘ਤੇ ਇਨਸਾਨ ਨਹੀਂ।

ਕਦਰ ਤਿਰੀ ਨਾ ਜਾਣਨ ਨੇਤਾ ਰਿਸ਼ਵਤ ਖੋਰ।
ਕਦਰ ਤੇਰੀ ਪੈਣੀ ਸੀ ਜੇਕਰ ਹੁੰਦੇ ਹੋਰ।
ਤੇਰਾ ਖੂਨ ਪਸੀਨਾ ਲੁੱਟ ਲਿਆ ਚੋਰਾਂ ਨੇ।
ਬਾਗ ‘ਚ ਸੁੰਦਰ ਪੈਲਾਂ ਪਾਂਦੇ ਮੋਰਾਂ ਨੇ।
ਤੂੰ ਨਈਂ ਕੋਈ ਭੋਲਾ ਤੂੰ ਨਾਦਾਨ ਨਹੀਂ।
ਤੇਰੇ ਵਰਗਾ ਦੁਨੀਆਂ ‘ਤੇ ਇਨਸਾਨ ਨਹੀਂ।


ਵੇਖ ਕਰਾਂਤੀ ਆਉਣੀ ਹਿੰਮਤ ਰੱਖ ਜ਼ਰਾ।
ਜ਼ਹਿਰ ਖੜੱਪੇ, ਬੀਸੀਅਰ ਦਾ ਵੀ ਚੱਖ ਜ਼ਰਾ।
ਸੱਪਾਂ ਦਾ ਕਬਜ਼ਾ ਹੈ ਵਰਮੀ ਉਤੇ ਅੱਜ।
ਕੱਢ ਕੱਢ ਮਾਰ ਮੁਕਾਣੇ, ਕਰ ਕਰ ਪੁੱਠੇ ਅਜ।
ਹੁਣ ਸੱਪਾਂ ਦਾ ਵਰਮੀ ਵਿੱਚ ਸਥਾਨ ਨਹੀਂ।
ਤੇਰੇ ਵਰਗਾ ਦੁਨੀਆਂ ‘ਤੇ ਇਨਸਾਨ ਨਹੀਂ।

ਭਾਗੋ ਬਣਕੇ ਹੱਕ ਹਲਾਲ ਕਮਾਵੇਂ ਤੂੰ।
ਬਾਲਮ’ ਨਾਨਕ ਦਾ ਸੇਵਕ ਕਹਿਲਾਵੇਂ ਤੂੰ।
ਮਿੱਟੀ ਤੇਰੀ ਪੂਜਾ ਮਿੱਟੀ ਭਗਤੀ ਹੈ।
ਤੇਰੇ ਸਿਰ ‘ਤੇ ਮਾਨਵਤਾ ਦੀ ਸ਼ਕਤੀ ਹੈ।
‘ਸੱਜਣ ਠੱਗਾਂ ਵਰਗਾ ਤੂੰ ਧਨਵਾਨ ਨਹੀਂ।
ਤੇਰੇ ਵਰਗਾ ਦੁਨੀਆਂ ‘ਤੇ ਇਨਸਾਨ ਨਹੀਂ।


ਬਲਵਿੰਦਰ ‘ਬਾਲਮ ਗੁਰਦਾਸਪੁਰ
ਉੱਕਾਰ ਨਗਰ, ਗੁਰਦਾਸਪੁਰ (ਪੰਜਾਬ) ਮੋ: 98156-25409
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply