ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ CBI ਤੋਂ ਕੇਸ ਵਾਪਸ ਆਉਣ ਬਾਅਦ ਐਸਆਈਟੀ ਦੀ ਰਿਪੋਰਟ ਵਿੱਚ ਜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਸੂਰਵਾਰ ਨਿਕਲੇ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਦੇ ਨਾਲ ਹੀ ਉਨ੍ਹਾਂ ਚੋਣਾਂ ਬਾਰੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਨਾਲ ਮੁਕਾਬਲਾ ਕਰਨ ਵਾਲੀ ਹੋਰ ਕੋਈ ਪਾਰਟੀ ਨਹੀਂ। ਇੱਕ ਪਾਰਟੀ ਅੰਦਰ ਘਮਸਾਣ ਚੱਲ ਰਿਹਾ ਹੈ ਤੇ ਦੂਜੀ ਪਾਰਟੀ ਪੰਜਾਬ ਅੰਦਰ ਆਪਣਾ ਵਜੂਦ ਬਚਾਉਣ ਲਈ ਜੂਝ ਰਹੀ ਹੈ।
ਬਰਗਾੜੀ ਕਾਂਡ ਬਾਰੇ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਸਬੰਧੀ ਉਨ੍ਹਾਂ ਕਿਹਾ ਕਿ ਇਹ ਤਾਂ ਐਸਆਈਟੀ ਹੀ ਤੈਅ ਕਰੇਗੀ। ਇਸ ਵਿੱਚ ਬਾਦਲ ਕਸੂਰਵਾਰ ਨਿਕਲੇ ਤਾਂ ਉਹ ਬਚਣਗੇ ਨਹੀਂ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਲਈ ਕੁਝ ਨਹੀਂ ਬਚਿਆ, ਇਸ ਲਈ ਉਹ ਉੱਥੇ ਸਿਰਫ ਉਮੀਦਵਾਰ ਖੜ੍ਹੇ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਮੀਡੀਆ ਨੂੰ ਕਿਹਾ ਕਿ ਪਾਰਟੀ ਦੀ ਕੋਸ਼ਿਸ਼ ਹੈ ਕਿ ਚੋਣਾਂ ਵਿੱਚ ਚੰਗੇ ਪਾਰਟੀ ਵਰਕਰਾਂ ਨੂੰ ਹੀ ਪਹਿਲ ਦਿੱਤੀ ਜਾਏਗੀ ਤੇ ਕਿਸੇ ਵੀ ਵਰਕਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਏਗਾ। ਇਸ ਵਾਰ ਪੰਚਾਇਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦਾ ਮੁਕਾਬਲਾ ਕਰਨ ਵਾਲੀ ਹੋਰ ਕੋਈ ਪਾਰਟੀ ਮੈਦਾਨ ਵਿੱਚ ਨਹੀਂ। ਜਿੱਥੋਂ ਤਕ ਮੁੱਦਿਆਂ ਦੀ ਗੱਲ ਹੈ ਤਾਂ ਇਸ ਵਾਰ ਕਾਂਗਰਸ ਕਿਸਾਨਾਂ ਦੀ ਕਰਜ਼ਾ ਮੁਆਫੀ, ਨਸ਼ਾਖੋਰੀ ਖ਼ਤਮ ਕਰਨ ਤੇ ਕਾਨੂੰਨ ਵਿਵਸਥਾ ਬਿਹਤਰ ਕਰਨ ਦੇ ਮੁੱਦੇ ਲੈ ਤੇ ਚੋਣਾਂ ਲਈ ਉੱਤਰੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp