ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਛਿੜਕਾਅ ਸਾਫ ਮੌਸਮ ਵਾਲੇ ਦਿਨ ਕੀਤੀ ਜਾਵੇ : ਡਾ. ਅਮਰੀਕ ਸਿੰਘ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਪਿੰਡ ਛੰਨੀ ਮੁਕੀਮਪੁਰ ਵਿੱਚ ਕਿਸਾਨਾਂ ਨੂੰ ਨਦੀਨਨਾਸ਼ਕ ਛਿੜਕਾਅ ਤਕਨੀਕਾਂ ਬਾਰੇ ਕੀਤਾ ਜਾਗਰੁਕ

ਪਠਾਨਕੋਟ 18 ਦਸੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕਣਕ ਦੀ ਫਸਲ ਵਿਚੋਂ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦਾ ਛਿੜਕਾਅ ਸਾਫ ਮੌਸਮ ਵਾਲੇ ਦਿਨ ਹੀ ਕੀਤੀ ਜਾਵੇ ਕਿਉਂਕਿ ਬੱਦਲਵਾਈ ਜਾਂ ਧੂੰਦ ਵਾਲੇ ਦਿਨ ਕੀਤੇ ਛਿੜਕਾਅ ਕਰਨ ਨਾਲ ਨਦੀਨਨਾਸ਼ਕ ਦੀ ਕਾਰਜਕੁਸ਼ਲਤਾ ਤੇ ਬੁਰਾ ਪ੍ਰਭਾਵ ਪੈਂਦਾ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਬਲਾਕ ਪਠਾਨਕੋਟ ਨੇ ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਦੀਨਾਂ ਦੀ ਰੋਕਥਾਮ ਲਈ ਸਹੀ ਛਿੜਕਾਅ ਤਕਨੀਕਾਂ ਦੀ ਵਰਤੋਂ ਬਾਰੇ ਚਲਾਈ ਜਾ ਰਹੀ ਮੁਹਿੰਮ ਤਹਿਤ  ਪਿੰਡ ਛੰਨੀ ਮੁਕੀਮਪੁਰ  ਵਿਖੇ ਕਿਸਾਨਾਂ ਨੂੰ ਨਦੀਨਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਹੇ। ਇਸ ਮੌਕੇ ਸ੍ਰੀ ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ,ਸ਼੍ਰੀ ਨਿਰਪਜੀਤ ਕੁਮਾਰ ਖੇਤੀ ਉਪ ਨਿਰੀਖਕ,ਸਰਪੰਚ ਵਿਨੋਦ ਕੁਮਾਰ,ਬਲਜਿੰਦਰ ਸਿੰਘ ,ਜਸਵੰਤ ਸਿੰਘ,ਸ਼ੇਰ ਸਿੰਘ,ਰਘਬੀਰ ਸਿੰਘ,ਅਮਨਦੀਪ ਸਿੰਘ ਸਹਾਇਕ ਤਕਨੀਕੀ ਪ੍ਰਬੰਧਕ ( ਆਤਮਾ ), ਰਾਮ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।
         
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਨਦੀਨਨਾਸ਼ਕਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਛਿੜਕਾਅ ਦਾ ਤਰੀਕਾ,ਸਮਾਂ ਅਤੇ ਮਾਤਰਾ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ।ਉਨਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ਸ਼ੁਦਾ ਨਦੀਨਨਾਸ਼ਕਾਂ ਦਾ ਹੀ ਛਿੜਕਾਅ ਕੀਤਾ ਜਾਵੇ ਅਤੇ ਨਦੀਨਾਸ਼ਕ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਿਆ ਜਾਵੇ।ਉਨਾਂ ਕਿਹਾ ਕਿ ਦੋ ਜਾਂ ਵੱਧ ਨਦੀਨਨਾਸ਼ਕਾਂ ਦੇ ਮਿਸ਼ਰਣ ਬਣਾ ਕੇ ਛਿੜਕਾਅ ਨਾਂ ਕੀਤਾ ਜਾਵੇ। ਉਨਾਂ ਕਿਹਾ ਕਿ ਛਿੜਕਾਅ ਸਾਫ ਮੌਸਮ ਵਿੱਚ ਅਤੇ ਇਕਸਾਰ ਕਰਨਾ ਚਾਹੀਦਾ।ਉਨਾਂ ਕਿਹਾ ਕਿ ਛਿੜਕਾਅ ਕਰਨ ਸਮੇਂ ਨੋਜ਼ਲ ਦੀ ਉਚਾਈ ਫਸਲ ਤੋਂ ਤਕਰੀਬਨ 1.5 (ਡੇਢ ਫੁੱਟ) ਦੀ ਉਚਾਈ ਤੇ ਰੱਖੋ ਅਤੇ ਨੋਜ਼ਲ ਦਾ ਕੱਟ ਜ਼ਮੀਨ ਵੱਲ ਨੂੰ ਕਰਕੇ ਛਿੜਕਾਅ ਸਿੱਧੀਆਂ ਪੱਟੀਆਂ ਵਿੱਚ ਆਰਾਮ ਨਾਲ ਇਕਸਾਰ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ  ਛਿੜਕਾਅ ਕਰਦੇ ਸਮੇਂ ਨੋਜ਼ਲ ਨੂੰ ਇਧਰ ਉਧਰ ਨਾਂ ਘੁਮਾਉ ।ਉਨਾਂ ਕਿਹਾ ਕਿ ਨਦੀਨ ਨਾਸ਼ਕ ਦੀ ਵਰਤੋਂ ਚੰਗੇ ਵਤਰ ਵਿੱਚ ਕਰੋ।ਉਨਾਂ ਕਿਹਾ ਕਿ ਖੇਤ ਨਾਂ ਤਾਂ ਬਹੁਤ ਖੁਸ਼ਕ ਹੋਵੇ ਅਤੇ ਨਾਂ ਹੀ ਜ਼ਿਆਦਾ ਗਿੱਲਾ ਕਿਉਂਕਿ ਖੁਸ਼ਕ ਖੇਤ ਵਿੱਚ ਚੰਗੇ ਨਤੀਜੇ ਨਹੀਂ ਮਿਲਦੇ ਅਤੇ ਜ਼ਿਆਦਾ ਗਿੱਲੇ ਖੇਤ ਵਿੱਚ ਨਦੀਨਾਸ਼ਕ ਫਸਲ ਦਾ ਨੁਕਸਾਨ ਕਰ ਸਕਦੀ।

ਉਨਾਂ ਕਿਹਾ ਕਿ ਜਿੰਨਾਂ ਖੇਤਾਂ ਵਿੱਚ ਬਟਨ ਬੂਟੀ ਨਾਮਕ ਨਦੀਨ ਹੋਵੇ ਤਾਂ 20 ਗ੍ਰਾਮ ਕਾਰਫੈਨਟਰਾਜੋਨ-ਈਥਾਈਲ 40 ਡੀ ਐਫ(ਅਫਿਨਟੀ/ਏਮ) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਉਨਾਂ ਕਿਹਾ ਕਿ ਜੇਕਰ ਚੌੜੇ ਪੱਤਿਆਂ ਵਾਲੇ ਨਦੀਨ ਖਾਸ ਕਰਕੇ ਮਕੋਹ,ਕੰਡਿਆਲੀ ਪਾਲਕ,ਰਿਵਾੜੀ/ਰਾਰੀ,ਹਿਰਨ ਖੁਰੀ ਹੋਵੇ ਤਾਂ ਲਾਂਫਿਡਾ 50 ਡੀ ਐਫ (ਮੈਟਸਲਫੂਰਾਨ+ਕਾਰਫੈਨਟਰਾਜ਼ੋਨ) ਪ੍ਰਤੀ ਏਕੜ ਬਿਜਾਈ ਤੋਂ 25-30 ਦਿਨਾਂ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ। ਉਨਾਂ ਕਿਹਾ ਕਿ ਜੇਕਰ ਖੇਤ ਵਿੱਚ ਚੌੜੇ ਪੱਤੀ ਅਤੇ ਘਾਹ ਪੱਤੀ ਵਾਲੇ ਨਦੀਨ ਹੋਣ ਤਾਂ 160 ਗ੍ਰਾਮ ਮਿਜੋਸਲਫੂਰਾਨ +ਆਇਉਡੋਸਲਫੂਰਾਨ 3.6 ਡਬਲਿਯੂ ਡੀ ਜੀ(ਅਟਲਾਂਟਿਸ) ਜਾਂ 16 ਗ੍ਰਾਮ ਸਲਫੋਸਲਫੂਰਾਨ +ਮੈਟਸਲਫੂਰਾਨ 75 ਡਬਲਿਯੂ ਜੀ(ਟੋਟਲ) ਜਾਂ ਫਿਨੌਕਸਾਪ੍ਰੋਪ+ਮੈਟਰੀਬਿਊਜ਼ਿਨ 22 ਈ ਸੀ(ਅੋਕਾਰਡ ਪਲੱਸ) 500 ਮਿਲੀ ਲਿਟਰ ਜਾਂ 200 ਗ੍ਰਾਮ ਸ਼ਗਨ 21-11(ਕਲੋਡਿਨੋਫਾਪ + ਮੈਟਰੀਬਿਊਜਿਨ ) ਪ੍ਰਤੀ ਏਕੜ ਨੂੰ ਬਿਜਾਈ ਤੋਂ 30-35 ਦਿਨਾਂ ਅੰਦਰ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਸ਼੍ਰੀ ਗੁਰਦਿੱਤ ਸਿੰਘ ਨੇ ਦੱਸਿਆ ਕਿ ਛਿੜਕਾਅ ਕਰਨ ਸਮੇਂ ਕਿਸਾਨ/ਖੇਤ ਮਜ਼ਦੂਰ ਵੱਲੋਂ  ਦਸਤਾਨੇ, ਮਾਸਕ, ਪੂਰੀ ਬਾਂਹ ਦੀ ਕਮੀਜ਼ ਅਤੇ ਪਜ਼ਾਮਾ/ਪੈਂਟ ਜ਼ਰੂਰ ਪਾਇਆ ਹੋਣਾ ਚਾਹੀਦਾ।

 ਉਨਾਂ ਨੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਣਕ ਦੀ ਫਸਲ ਨੂੰ ਯੂਰੀਆ ਦੀ ਪਹਿਲੀ ਕਿਸ਼ਤ ਪਾਣੀ ਲਾਉਣ ਤੋਂ ਇੱਕ ਹਫਤਾ ਪਹਿਲਾਂ ਜਾਂ ਪਾਣੀ ਲਾਉਣ ਤੋਂ ਇੱਕ ਹਫਤਾ ਬਾਅਦ ਪਾਉਣੌ ਚਾਹੀਦੀ ਹੈ। ਉਨਾਂ ਕਿਹਾ ਕਿ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਦੇਸੀ ਖਾਦਾਂ ਦੀ ਵਰਤੋਂ ਦੇ ਨਾਲ ਨਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਜਲਾਇਆਂ ਜ਼ਮੀਨ ਵਿੱਚ ਵਾਹੁਣ ਨੂੰ ਉਤਸ਼ਾਹਿਤ ਕਰਨਾ ਹੋਵੇਗਾ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply