ਦੋ ਦਿਨਾਂ ਦੇ ਲੋਕ ਦਰਬਾਰ ‘ਚ ਕੁਲ 1627 ਦਰਖ਼ਾਸਤਾਂ ਦਾ ਕੀਤਾ ਨਿਬੇੜਾ
ਹੁਸ਼ਿਆਰਪੁਰ, 26 ਦਸੰਬਰ(ਚੌਧਰੀ) : ਜਿਲ੍ਹਾ ਪੁਲਿਸ ਵੱਲੋਂ ਲੋਕ ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਲਾਏ ਲੋਕ ਦਰਬਾਰ ਦੇ ਦੂਜੇ ਦਿਨ ਅੱਜ ਸਬ ਡਵੀਜਨ ਪੱਧਰ ’ਤੇ ਵੱਖ-ਵੱਖ ਥਾਈਂ ਸੰਬੰਧਤ ਧਿਰਾਂ ਦੇ ਪੱਖ ਸੁਣਨ ਉਪਰੰਤ 441 ਦਰਖਾਸਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ।
ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਇਸਸੰਬੰਧੀ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ ਦਿੱਤੀਆਂ ਦਰਖਾਸਤਾਂ ’ਤੇ ਸੁਣਵਾਈ ਦੇ ਨਾਲ-ਨਾਲ ਤੁਰੰਤ ਨਬੇੜੇ ਲਈ ਲੋਕ ਦਰਬਾਰ ਲਗਾਏ ਗਏ ਸਨ ਜਿੱਥੇ ਸੰਬੰਧਤ ਧਿਰਾਂ ਨੂੰ ਬੁਲਾ ਕੇ ਉਨ੍ਹਾਂ ਦਾ ਪੱਖ ਸੁਣਨ ਉਪਰੰਤ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕ ਦਰਬਾਰ ਵਿੱਚ ਨਬੇੜੀਆਂ ਗਈਆਂ ਕੁੱਲ 441 ਦਰਖਾਸਤਾਂ ’ਚੋਂ ਸਬ-ਡਵੀਜ਼ਨ ਮੁਕੇਰੀਆਂ ਵਿੱਚ 75, ਸਬ-ਡਵੀਜ਼ਨ ਦਸੂਹਾ ਵਿੱਚ 66, ਸਬ-ਡਵੀਜ਼ਨ ਟਾਂਡਾ ਵਿੱਚ 95,ਸਬ-ਡਵੀਜ਼ਨ ਸਿਟੀ 82, ਸਬਡਵੀਜ਼ਨ ਦਿਹਾਤੀ ਵਿੱਚ 54 ਅਤੇ ਸਬ- ਡਵੀਜ਼ਨ ਗੜ੍ਹਸ਼ੰਕਰ ਵਿਖੇ 69 ਨਾਲ ਸੰਬੰਧਤ ਸਨ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦਰਖਾਸਤਾਂ ਵਿੱਚੋਂ ਦੋਵਾਂ ਧਿਰਾਂ ਵੱਲੋਂ ਆਏ ਮੋਹਤਵਰਾਂ ਦੀ ਹਾਜਰੀ ਵਿੱਚ 275 ਦਰਖਾਸਤਾਂ ’ਚ ਰਾਜੀਨਾਮੇ ਕਰਵਾਏ ਗਏ ਅਤੇ 62 ਦਰਖਾਸਤਾਂ ਸਿਵਲ ਨੇਚਰ ਦੀਆਂ ਅਤੇ 37 ਦਰਖਾਸਤਾਂ ਝੂਠੀਆਂ ਪਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 67 ਦਰਖਾਸਤਾਂ ਵੱਖ-ਵੱਖ ਕਾਰਨਾਂ ਕਰਕੇ ਦਾਖਲ ਦਫ਼ਤਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੋ ਦਿਨ ਦੇ ਲੋਕ ਦਰਬਾਰ ਦੌਰਾਨ ਕੁੱਲ 1627 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ|
ਐਸ.ਐਸ.ਪੀ. ਨੇ ਹਲਕਾ ਨਿਗਰਾਨ ਅਫ਼ਸਰ ਅਤੇ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਪਹਿਲ ਦੇ ਆਧਾਰ ’ਤੇ ਸੁਣਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦੇਣਾ ਯਕੀਨੀ ਬਣਾਉਣ।ਜਿਕਰਯੋਗ ਹੈ ਕਿ ਕੱਲ ਲੱਗੇ ਲੋਕ ਦਰਬਾਰ ਵਿੱਚ ਕੁਲ 1186 ਦਰਖ਼ਾਸਤਾਂ ਦਾ ਨਿਬੇੜਾ ਕੀਤਾ ਗਿਆ ਸੀ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp