ਸ਼ੁੱਧ ਤੇ ਸੁਰੱਖਿਅਤ ਖਾਣ-ਪੀਣ ਵਾਲੇ ਪਦਾਰਥ ਹੋਵੇਗੀ ਮੁੱਖ ਤਰਜੀਹ : ਡਾ. ਲਖਵੀਰ ਸਿੰਘ
ਜ਼ਿਲ੍ਹੇ ’ਚ ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ-2006 ਪੂਰੀ ਤਰ੍ਹਾਂ ਰਹੇਗਾ ਲਾਗੂ, ਖਾਣ-ਪੀਣ ਦੇ ਸਮਾਨ ਵਾਲੀਆਂ ਰੇਹੜ੍ਹੀਆਂ ਅਤੇ ਦੁਕਾਨਾਂ ਦੀ ਰਜਿਸਟਰੇਸ਼ਨ ਲਾਜ਼ਮੀ
ਸ਼ੁੱਧ ਤੇ ਮਿਆਰੀ ਖਾਣ-ਪੀਣ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ, ਮਿਲਾਵਟਖੋਰੀ ਦੇ ਮੁਕੰਮਲ ਖਾਤਮੇ ਲਈ ਲੋਕ-ਸਹਿਯੋਗ ਅਤਿ ਜ਼ਰੂਰੀ
ਜ਼ਿਲ੍ਹਾ ਸਿਹਤ ਅਫ਼ਸਰ ਨੇ ਮਠਿਆਈ ਦੀਆਂ ਦੁਕਾਨਾਂ ਦੇ ਮਾਲਕਾਂ ਨਾਲ ਕੀਤੀ ਪਲੇਠੀ ਮੀਟਿੰਗ
ਹੁਸ਼ਿਆਰਪੁਰ, 5 ਜਨਵਰੀ: ਜ਼ਿਲ੍ਹਾ ਸਿਹਤ ਅਫ਼ਸਰ ਵਜੋਂ ਚਾਰਜ ਸੰਭਾਲਣ ਪਿੱਛੋਂ ਅੱਜ ਇਥੇ ਸ਼ਹਿਰ ਅੰਦਰ ਮਠਿਆਈ ਦੀਆਂ ਦੁਕਾਨਾਂ ਦੇ ਮਾਲਕਾਂ ਨਾਲ ਪਹਿਲੀ ਮੀਟਿੰਗ ਕਰਦਿਆਂ ਡਾ. ਲਖਵੀਰ ਸਿੰਘ ਨੇ ਜ਼ਿਲ੍ਹੇ ਵਿੱਚ ਖਾਣ-ਪੀਣ ਵਾਲੇ ਪਦਾਰਥਾਂ/ਵਸਤਾਂ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਖਾਣਾ/ਪਦਾਰਥ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣ ਤਾਂ ਜੋ ਪੰਜਾਬ ਸਰਕਾਰ ਦੇ ਮਿਸ਼ਨ ‘ਤੰਦਰੁਸਤ ਪੰਜਾਬ’ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਇਆ ਜਾ ਸਕੇ।
ਆਪਣੀਆਂ ਦੁਕਾਨਾਂ, ਢਾਬਿਆਂ, ਰੇਹੜੀਆਂ ਆਦਿ ’ਤੇ ਲੋੜੀਂਦੀ ਸਾਫ਼-ਸਫ਼ਾਈ ਨੂੰ ਬਰਕਰਾਰ ਰੱਖਣ ਦੀ ਤਾਕੀਦ ਕਰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ.ਲਖਵੀਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਮੌਜੂਦਾ ਸਿਹਤ ਸੰਕਟ ਦੇ ਸੰਦਰਭ ਵਿੱਚ ਸਾਰਿਆਂ ਖਾਸਕਰ ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਨਾਲ ਜੁੜੇ ਲੋਕਾਂ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਕਿ ਉਹ ਆਪੋ-ਆਪਣੇ ਆਊਟਲੈਟਾਂ ’ਤੇ ਸ਼ੁੱਧਤਾ ਅਤੇ ਸਾਫ਼-ਸੁਥਰੇ ਮਾਹੌਲ ਦੀ ਸਥਾਪਤੀ ਯਕੀਨੀ ਬਨਾਉਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਖਾਣ-ਪੀਣ ਪ੍ਰਤੀ ਜਾਗਰੂਕ ਹੁੰਦਿਆਂ ਮਿਆਰੀ ਖਾਣੇ ਨੂੰ ਹੀ ਪਹਿਲ ਦੇਣ ਕਿਉਂਕਿ ਉਨ੍ਹਾਂ ਦੇ ਸਹਿਯੋਗ ਤੋਂ ਬਿਨ੍ਹਾਂ ਮਿਲਾਵਟਖੋਰੀ ਦਾ ਖਾਤਮਾ ਮੁਸ਼ਕਲ ਕਾਰਜ ਹੈ।
ਡਾ. ਲਖਵੀਰ ਸਿੰਘ ਨੇ ਕਿਹਾ ਕਿ ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ-2006 ਤਹਿਤ ਢਾਬੇ, ਹਲਵਾਈ ਦੀਆਂ ਦੁਕਾਨਾਂ, ਰੇਹੜੀਆਂ, ਕਰਿਆਨਾ ਅਤੇ ਉਹ ਸਾਰੀਆਂ ਦੁਕਾਨਾਂ, ਜਿਥੇ ਮਨੁੱਖੀ ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਕੀਤੀ ਜਾਂਦੀ ਹੈ, ਦਾ ਲਾਇਸੰਸ ਲੈਣਾ ਅਤੇ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ ਅਤੇ ਇਸ ਕੰਮ ਵਿੱਚ ਕਿਸੇ ਵਲੋਂ ਵੀ ਕਿਸੇ ਤਰ੍ਹਾਂ ਦੀ ਢਿੱਲਮੱਠ ਨਾ ਵਰਤੀ ਜਾਵੇ। ਜ਼ਿਲ੍ਹਾ ਸਿਹਤ ਅਫ਼ਸਰ ਨੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ਾਮ ਵੇਲੇ ਫਾਸਟ ਫੂਡ ਦੀਆਂ ਰੇਹੜੀਆਂ ਲਾਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੀ ਰਜਿਸਟਰੇਸ਼ਨ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਸ਼ੁੱਧ ਅਤੇ ਸਿਹਤਮੰਦ ਪਦਾਰਥ ਵੇਚਣ ਨੂੰ ਵੀ ਯਕੀਨੀ ਬਨਾਉਣ। ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਸਬੰਧੀ ਪ੍ਰਕ੍ਰਿਆ 7 ਦਿਨਾਂ ਵਿੱਚ ਅਤੇ ਲਾਇਸੰਸ ਸਬੰਧੀ ਇਕ ਮਹੀਨੇ ਵਿੱਚ ਲੋੜੀਂਦੇ ਨਿਰੀਖਣ ਉਪਰੰਤ ਮੁਕੰਮਲ ਕੀਤੀ ਜਾਂਦੀ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਸਵੀਟ ਸ਼ਾਪ ਮਾਲਕਾਂ ਨਾਲ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਰਸੋਈਆਂ ਦਾ ਸਿਹਤਮੰਦ ਵਾਤਾਵਰਣ ਲਾਜ਼ਮੀ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਵਰਕਰਾਂ ਵਲੋਂ ਵੀ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਦਿਆਂ ਮਿਆਰੀ ਪਦਾਰਥਾਂ ਦੀ ਵਰਤੋਂ ਹੀ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸਿਹਤਮੰਦ, ਪੌਸ਼ਟਿਕ ਅਤੇ ਸ਼ੁੱਧ ਖਾਣ-ਪੀਣ ਵਾਲੇ ਪਦਾਰਥ ਮਿਲ ਸਕਣ।
ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਸ਼ਾਮ ਨੂੰ ਹੋਵੇਗੀ ਚੈਕਿੰਗ :
ਸ਼ਾਮ ਸਮੇਂ ਲੋਕਾਂ ਵਲੋਂ ਖਾਣ-ਪੀਣ ਲਈ ਖਰੀਦੇ ਜਾਂਦੇ ਫਾਸਟ ਫੂਡ ਆਦਿ ਦਾ ਮਿਆਰੀ ਪੱਧਰ ਜਾਚਣ ਲਈ ਆਉਂਦੇ ਸਮੇਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਲੱਗਦੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਕਿਸੇ ਵੀ ਊਣਤਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਲ੍ਹਾ ਸਿਹਤ ਅਫ਼ਸਰ ਨੇ ਫਾਸਟ ਫੂਡ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਰੇਹੜੀਆਂ ਲਾਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਫੂਡ ਸੇਫਟੀ ਐਕਟ ਦੀ ਜਨਤਕ ਹਿੱਤਾਂ ਵਿੱਚ ਇਨਬਿਨ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਦੁੱਧ ਅਤੇ ਦੁੱਧ ਤੋਂ ਬਨਣ ਵਾਲੇ ਪਦਾਰਥਾਂ ਖਾਸਕਰ ਪਨੀਰ ਦੀ ਕੁਆਲਟੀ ’ਤੇ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ ਤਾਂ ਜੋ ਕਿਤੇ ਵੀ ਮਿਲਾਵਟਖੋਰੀ ਦਾ ਸਵਾਲ ਹੀ ਪੈਦਾ ਨਾ ਹੋਵੇ।
ਡਿਸਪੋਜ਼ੇਬਲ ਥਰਮੋਕੋਲ ਦੀ ਗਰਮ ਪਦਾਰਥਾਂ ਲਈ ਵਰਤੋਂ ਨਾ ਕੀਤੀ ਜਾਵੇ : ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਖਾਣ-ਪੀਣ ਵਾਲੇ ਪਦਾਰਥਾਂ ਨਾਲ ਜੁੜੇ ਸਾਰੇ ਢਾਬਿਆਂ, ਦੁਕਾਨਾਂ ਆਦਿ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਗਰਮ ਖਾਣ-ਪੀਣ ਵਾਲੇ ਪਦਾਰਥਾਂ ਲਈ ਡਿਸਪੋਜ਼ੇਬਲ ਥਰਮੋਕੋਲ ਗਲਾਸਾਂ, ਪਲੇਟਾਂ ਆਦਿ ਦੀ ਵਰਤੋਂ ਬਿਲਕੁੱਲ ਵੀ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਗੰਭੀਰ ਬੀਮਾਰੀਆਂ ਦਾ ਖਤਰਾ ਪੈਦਾ ਹੁੰਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp