ਸਰਕਾਰੀ ਕਾਲਜ ’ਚ ਗਰਲਜ਼ ਹੋਸਟਲ ਅਤੇ ਲਾਇਬ੍ਰੇਰੀ ਦਾ ਕੰਮ ਜਲਦ ਹੋਵੇਗਾ ਮੁਕੰਮਲ : ਸੁੰਦਰ ਸ਼ਾਮ ਅਰੋੜਾ

ਪ੍ਰਾਜੈਕਟਾਂ ਲਈ ਤੀਜੀ ਕਿਸ਼ਤ ਵਜੋਂ 2 ਕਰੋੜ 37 ਲੱਖ 50 ਹਜਾਰ ਰੁਪਏ ਦਾ ਚੈਕ ਸੌਂਪਿਆ

6.60 ਕਰੋੜ ਰੁਪਏ ਦੀ ਲਾਗਤ ਨਾਲ ਨੇਪਰੇ ਚੜਨਗੇ ਦੋਵੇਂ ਪ੍ਰਾਜੈਕਟ

(ਗੌਰਮਿੰਟ ਕਾਲਜ ਹੁਸ਼ਿਆਰਪੁਰ ’ਚ ਬਣ ਰਹੇ ਗਰਲਜ਼ ਹੋਸਟਲ ਅਤੇ ਲਾਇਬ੍ਰੇਰੀ ਲਈ 2,37,50000 ਰੁਪਏ ਦਾ ਚੈੱਕ ਸੌਂਪਦੇ ਹੋਏ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ )

ਹੁਸ਼ਿਆਰਪੁਰ, 09 ਜਨਵਰੀ(ਚੌਧਰੀ) : ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਸਰਕਾਰੀ ਕਾਲਜ ਵਿੱਚ ਉਸਾਰੀ ਅਧੀਨ ਗਰਲਜ਼ ਹੋਸਟਲ ਅਤੇ ਲਾਇਬ੍ਰੇਰੀ ਦੇ ਕੰਮ ਲਈ 2,37,50,000 ਰੁਪਏ ਦਾ ਚੈੱਕ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨਾਂ ਦੋਵਾਂ ਅਹਿਮ ਪ੍ਰਾਜੈਕਟਾਂ ਦਾ ਕੰਮ ਜਲਦ ਮੁਕੰਮਲ ਕਰਵਾ ਕੇ ਉਚੇਰੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਕਾਲਜ ਦੇ ਪਿ੍ਰੰਸੀਪਲ ਅਤੇ ਹੋਰ ਸਟਾਫ ਮੈਂਬਰਾਂ ਦੀ ਮੌਜੂਦਗੀ ’ਚ ਚੈੱਕ ਸੌਂਪਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਦੋਵਾਂ ਪ੍ਰਾਜੈਕਟਾਂ ਨੂੰ 31 ਮਾਰਚ 2021 ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਪ੍ਰਾਜੈਕਟਾਂ, ਜਿਨ੍ਹਾਂ ਦੀ ਕੁੱਲ ਲਾਗਤ 6.60 ਕਰੋੜ ਦੇ ਕਰੀਬ ਹੈ, ਲਈ ਲੋੜੀਂਦੇ ਫੰਡ ਸਮੇਂ-ਸਮੇਂ ਸਿਰ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਇਨਾਂ ਪ੍ਰਾਜੈਕਟਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ 4.19 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਗਰਲਜ਼ ਹੋਸਟਲ ਦੀ ਉਸਾਰੀ ਉਪਰੰਤ 100 ਤੋਂ ਵੱਧ ਲੜਕੀਆਂ ਦੇ ਹੋਸਟਲ ਵਿਚ ਰਹਿਣ ਦੀ ਸਹੂਲਤ ਹੋ ਜਾਵੇਗੀ ਅਤੇ 2.41 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਅਤਿ-ਆਧੁਨਿਕ ਸਹੂਲਤਾਂ ਵਾਲੀ ਲਾਇਬ੍ਰੇਰੀ ਉਚੇਰੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਲਈ ਮੀਲ ਪੱਥਰ ਸਾਬਿਤ ਹੋਵੇਗੀ।

ਪ੍ਰਾਜੈਕਟਾਂ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਵੱਡੇ ਪੱਧਰ ’ਤੇ ਕਾਰਜ ਉਲੀਕੇ ਗਏ ਹਨ ਜਿਨ੍ਹਾਂ ਵਿਚ 12 ਨਵੇਂ ਸਰਕਾਰੀ ਕਾਲਜਾਂ ਦੀ ਸਥਾਪਤੀ ਅਤੇ 8 ਕਾਲਜਾਂ ਦੀਆਂ ਇਮਰਤਾਂ ਉਸਾਰੀ ਅਧੀਨ ਹਨ। ਸੁੰਦਰ ਸ਼ਾਮ ਅਰੋੜਾ ਨੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਲੋੜੀਂਦੇ ਬੁਨਿਆਦੀ ਢਾਂਚੇ ਦੀ ਸਥਾਪਤੀ ਸੰਬੰਧੀ ਵਚਨਬੱਧਤਾ ਨੂੰ ਦੁਹਰਾਉਂ ਦਿਆਂ ਕਿਹਾ ਕਿ ਪਹਿਲੀਆਂ 2 ਕਿਸ਼ਤਾਂ ਵਿੱਚ 1 ਕਰੋੜ ਰੁਪਏ ਅਤੇ 50 ਲੱਖ ਰੁਪਏ ਉਕਤ ਦੋਵਾਂ ਪ੍ਰਾਜੈਕਟਾਂ ਲਈ ਦਿੱਤੇ ਜਾ ਚੁੱਕੇ ਹਨ ਅਤੇ ਬਕਾਇਆ ਫੰਡ ਵੀ ਸਮੇਂ ਸਿਰ ਮੁਹੱਈਆ ਕਰਵਾਏ ਜਾਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇ ਇੰਚਾਰਜ ਪਿ੍ਰੰਸੀਪਲ ਡਾ. ਅਵਿਨਾਸ਼ ਕੌਰ, ਰਿਟਾਇਰਡ ਪਿ੍ਰੰਸੀਪਲ ਡਾ. ਪਰਮਜੀਤ ਸਿੰਘ, ਰਿਟਾਇਰਡ ਪਿ੍ਰੰਸੀਪਲ ਸਤਨਾਮ ਸਿੰਘ, ਭਾਰਤੀ ਸੇਠੀ, ਡਾ. ਰਾਜੇਸ਼ ਕੁਮਾਰ ਡੋਗਰਾ, ਡਾ. ਜਸਵਿੰਦਰ ਕੌਰ, ਡਾ. ਜਸਵੀਰਾ ਮਿਨਹਾਸ, ਪਰਵਿੰਦਰ ਕੌਰ ਆਦਿ ਮੌਜੂਦ ਸਨ।
 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply