LATEST NEWS: ਜ਼ਿਲ੍ਹੇ ’ਚ ਗੜ੍ਹਸ਼ੰਕਰ, ਦਸੂਹਾ ਤੇ ਮੁਕੇਰੀਆਂ ’ਚ ਕੋਵਿਡ ਟੀਕਾਕਰਨ ਦੀ ਸ਼ੁਰੂਆਤ : ਸੁੰਦਰ ਸ਼ਾਮ ਅਰੋੜਾ, ਅਪਨੀਤ ਰਿਆਤ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਜਾ ਕੇ ਕੋਵਿਡ ਵੈਕਸੀਨ ਦੀ ਸ਼ੁਰੂਆਤ ਕਰਵਾਈ

ਜ਼ਿਲ੍ਹੇ ’ਚ ਗੜ੍ਹਸ਼ੰਕਰ, ਦਸੂਹਾ ਤੇ ਮੁਕੇਰੀਆਂ ’ਚ ਕੋਵਿਡ ਟੀਕਾਕਰਨ ਦੀ ਸ਼ੁਰੂਆਤ : ਸੁੰਦਰ ਸ਼ਾਮ ਅਰੋੜਾ
ਕਿਹਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਕੀ ਥਾਵਾਂ ’ਤੇ ਵੀ ਜਲਦ ਸ਼ੁਰੂ ਹੋਵੇਗਾ ਟੀਕਾਕਰਨ
ਪਹਿਲੇ ਦਿਨ ਗੜ੍ਹਸ਼ੰਕਰ ’ਚ 81, ਦਸੂਹਾ ’ਚ 100 ਅਤੇ ਮੁਕੇਰੀਆਂ ’ਚ 95 ਹੈਲਥ ਕੇਅਰ ਵਰਕਰਾਂ ਨੂੰ ਲੱਗੇਗੀ ਵੈਕਸੀਨ
ਡਿਪਟੀ ਕਮਿਸ਼ਨਰ ਨੇ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ’ਚ ਕਰਾਈ ਟੀਕਾਕਰਨ ਦੀ ਸ਼ੁਰੂਆਤ

ਹੁਸ਼ਿਆਰਪੁਰ, 16 ਜਨਵਰੀ (ਆਦੇਸ਼, ਕਰਨ ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੋਹਾਲੀ ਤੋਂ ਕੋਵਿਡ ਟੀਕਾਕਰਨ ਦੀ ਸੂਬਾ ਪੱਧਰੀ ਸ਼ੁਰੂਆਤ ਉਪਰੰਤ ਜ਼ਿਲ੍ਹੇ ਅੰਦਰ ਤਿੰਨ ਸੈਸ਼ਨ ਸਾਈਟਾਂ ਗੜ੍ਹਸ਼ੰਕਰ, ਦਸੂਹਾ ਅਤੇ ਮੁਕੇਰੀਆਂ ਵਿਖੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਦੇਣ ਦਾ ਆਗਾਜ਼ ਕੀਤਾ ਗਿਆ।
ਵੀਡੀਓ ਕਾਨਫਰਸਿੰਗ ਰਾਹੀਂ ਰਾਜ ਪੱਧਰੀ ਕੋਵਿਡ ਟੀਕਾਕਰਨ ਸ਼ੁਰੂ ਕਰਨ ਦੇ ਸਮਾਗਮ ਵਿੱਚ ਹਿੱਸਾ ਲੈਣ ਉਪਰੰਤ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੋਵਿਡ ਟੀਕਾਕਰਨ ਸਬੰਧੀ ਪੂਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਪਹਿਲੇ ਦਿਨ 3 ਥਾਵਾਂ ’ਤੇ ਵੈਕਸੀਨ ਦੀ ਸ਼ੁਰੂਆਤ ਨਾਲ ਗੜ੍ਹਸ਼ੰਕਰ ’ਚ 81, ਦਸੂਹਾ ’ਚ 100 ਅਤੇ ਮੁਕੇਰੀਆਂ ’ਚ 95 ਹੈਲਥ ਕੇਅਰ ਵਰਕਰਾਂ ਨੂੰ ਕੋਵਿਡ ਵੈਕਸੀਨ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਵੈਕਸੀਨ ਦੀਆਂ 9570 ਡੋਜ਼ ਉਪਲਬੱਧ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 9540 ਪੰਜਾਬ ਸਰਕਾਰ ਦੇ ਸਿਹਤ ਕਰਮਚਾਰੀਆਂ ਅਤੇ 30 ਕੇਂਦਰ ਸਰਕਾਰ ਦੇ ਹੈਲਥ ਕੇਅਰ ਵਰਕਰਾਂ ਲਈ ਹਨ। ਉਦਯੋਗ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕਰੀਬ 9000 ਹੈਲਥ ਕੇਅਰ ਵਰਕਰਾਂ ਵਲੋਂ ਵੈਕਸੀਨ ਲਈ ਰਜਿਸਟਰੇਸ਼ਨ ਕਰਵਾਈ ਜਾ ਚੁੱਕੀ ਹੈ ਅਤੇ ਜਿਵੇਂ-ਜਿਵੇਂ ਇਹ ਰਜਿਸਟਰੇਸ਼ਨ ਹੁੰਦੀ ਜਾਵੇਗੀ ਤਿਵੇਂ-ਤਿਵੇਂ ਸਰਕਾਰੀ ਹਦਾਇਤਾਂ ਅਨੁਸਾਰ ਕੋਵਿਡ ਵੈਕਸੀਨ ਦੀ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾਵੇਗਾ।
ਕੋਵਿਡ ਟੀਕਾਕਰਨ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਸ ਮਨੋਰਥ ਲਈ ਜ਼ਿਲ੍ਹੇ ਵਿੱਚ 32 ਟੀਮਾਂ ਅਤੇ 20 ਸੈਸ਼ਨ ਸਾਈਟਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਜੋ ਕਿ ਹਦਾਇਤਾਂ ਅਨੁਸਾਰ ਟੀਕਾਕਰਨ ਲਈ ਵਰਤੋਂ ਵਿੱਚ ਲਿਆਂਦੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਰਿਜਨਲ ਵੈਕਸੀਨ ਸਟੋਰ ਵੀ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਹੈ ਜਿਥੇ ਲੋੜ ਪੈਣ ’ਤੇ ਹੋਰਨਾਂ ਜ਼ਿਲਿ੍ਹਆਂ ਲਈ ਵੀ ਵੈਕਸੀਨ ਸਟੋਰ ਕੀਤੀ ਜਾ ਸਕੇਗੀ। ਅੱਜ ਕੋਵਿਡ ਸਬੰਧੀ ਟੀਕਾ ਲਗਵਾਉਣ ਵਾਲੇ ਹੈਲਥ ਕੇਅਰ ਵਰਕਰਾਂ ਦੀ ਸਲਾਹੁਤਾ ਕਰਦਿਆਂ ਉਦਯੋਗ ਮੰਤਰੀ ਨੇ ਦੱਸਿਆ ਕਿ ਵੈਕਸੀਨ ਦੀ ਦੂਜੀ ਡੋਜ 28 ਦਿਨ ਬਾਅਦ ਦਿੱਤੀ ਜਾਵੇਗੀ ਅਤੇ ਕੋਵਿਡ ਟੀਕਾਕਰਨ ਸਬੰਧੀ ਰਜਿਸਟਰਡ ਹੈਲਥ ਕੇਅਰ ਵਰਕਰਾਂ ਨੂੰ ਉਨ੍ਹਾਂ ਦੇ ਮੋਬਾਇਲਾਂ ’ਤੇ ਐਸ.ਐਮ.ਐਸ. ਰਾਹੀਂ ਸੂਚਿਤ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ ਅਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੀ ਮੌਜੂਦ ਸਨ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਜਾ ਕੇ ਕੋਵਿਡ ਵੈਕਸੀਨ ਦੀ ਸ਼ੁਰੂਆਤ ਕਰਵਾਈ ਜਿਥੇ ਪਹਿਲੇ ਦਿਨ ਲਈ 81 ਸਿਹਤ ਸੰਭਾਲ ਕਰਮਚਾਰੀ ਰਜਿਸਟਰਡ ਹੋਏ ਸਨ। ਅਪਨੀਤ ਰਿਆਤ ਨੇ ਦੱਸਿਆ ਕਿ ਸਾਰੀਆਂ ਸੈਸ਼ਨ ਸਾਈਟਾਂ ’ਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲੋੜੀਂਦੇ ਪ੍ਰਬੰਧ ਅਮਲ ਵਿੱਚ ਲਿਆਂਦੇ ਗਏ ਹਨ ਅਤੇ ਤਿੰਨਾਂ ਥਾਵਾਂ ’ਤੇ ਟੀਕਾਕਰਨ ਦਾ ਕੰਮ ਸੁਚੱਜੇ ਢੰਗ ਨਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਹੈਲਥ ਵਰਕਰਾਂ ਨੂੰ ਵੈਕਸੀਨ ਦਿੰਦਿਆਂ ਉਨ੍ਹਾਂ ਨੂੰ ਅੱਧੇ ਘੰਟੇ ਲਈ ਆਬਜ਼ਰਵੇਸ਼ਨ ਰੂਮ ਵਿੱਚ ਰੱਖਿਆ ਜਾ ਰਿਹਾ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਸੈਸ਼ਨ ਸਾਈਟਾਂ ’ਤੇ ਵੀ ਕੋਵਿਡ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ।
ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਕੋਵਿਡ-19 ਦੇ ਨੋਡਲ ਅਫ਼ਸਰ ਅਤੇ ਐਮ.ਡੀ. ਮੈਡੀਸਨ ਡਾ. ਜਸਵੰਤ ਸਿੰਘ, ਨੇ ਕੋਵਿਡ ਦਾ ਟੀਕਾ ਲਗਵਾਉਣ ਉਪਰੰਤ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਸਰਕਾਰ ਦਾ ਧੰਨਵਾਦ ਕਰਨ ਦੇ ਨਾਲ-ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਵੈਕਸੀਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਵਹਿਮ-ਭਰਮ ਦਾ ਸ਼ਿਕਾਰ ਨਾ ਹੁੰਦਿਆਂ ਇਸ ਟੀਕਾਕਰਨ ਯੋਜਨਾ ਨੂੰ ਵੱਧ ਚੜ੍ਹ ਕੇ ਕਾਮਯਾਬ ਕਰਨ ਜੋ ਕਿ ਦੇਸ਼, ਰਾਜ ਅਤੇ ਲੋਕ ਹਿੱਤ ਵਿੱਚ ਅਤਿਅੰਤ ਜ਼ਰੂਰੀ ਹੈ।
ਸੂਚਨਾ ਸਹਾਇਕ ਵਜੋਂ ਸਿਵਲ ਹਸਪਤਾਲ ਗੜ੍ਹਸ਼ੰਕਰ ’ਚ ਤਾਇਨਾਤ ਅਰੁਣ ਮਿਨਹਾਸ ਨੇ ਕੋਵਿਡ ਵੈਕਸੀਨ ਲਗਵਾਉਣ ਤੋਂ ਬਾਅਦ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਦੂਸਰੇ ਨੰਬਰ ’ਤੇ ਕੋਵਿਡ ਟੀਕਾਕਰਨ ਕਰਵਾਇਆ ਹੈ ਅਤੇ ਉਹ ਸਿਹਤ ਪੱਖੋਂ ਪੂਰੀ ਤਰ੍ਹਾਂ ਬਲ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾਕਰਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹਿਚਕਿਚਾਹਟ ’ਚ ਨਹੀਂ ਪੈਣਾ ਚਾਹੀਦਾ ਸਗੋਂ ਜਨਤਕ ਹਿੱਤਾਂ ਦੇ ਮੱਦੇਨਜ਼ਰ ਟੀਕਾਕਰਨ ਕਰਵਾਉਣਾ ਲਾਜ਼ਮੀ ਹੈ।
ਇਸੇ ਤਰ੍ਹਾਂ ਸਿਵਲ ਹਸਪਤਾਲ ਦਸੂਹਾ ਤੋਂ ਲਾਭਪਾਤਰੀ ਹਰਿੰਦਰ ਕੌਰ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਕੋਵਿਡ ਵੈਕਸੀਨ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਕਾਰਗਰ ਰਹੇਗੀ। ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾਉਣ ਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਕੋਵਿਡ-19 ਸਬੰਧੀ ਸਿਹਤ ਸਲਾਹਕਾਰੀਆਂ ਦੀ ਮੁਕੰਮਲ ਪਾਲਣਾ ਨੂੰ ਯਕੀਨੀ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਖਿਲਾਫ਼ ਜਿੱਤ ਹਾਸਲ ਕੀਤੀ ਜਾ ਸਕੇ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply