ਮੋਗਾ: ਪੰਜਾਬ ਦੇ ਮੋਗਾ ਵਿੱਚ ਅਵਾਰਾ ਕੁੱਤੇ ਨੂੰ ਮਾਰਨ ਕਰਕੇ ਗੁਰਦੁਆਰੇ ਦੇ ਦੋ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋਈ। ਦੱਸ ਦਈਏ ਕਿ ਪੰਜਾਬ ਦੇ ਮੋਗਾ ਪੁਲਿਸ ਨੇ ਅਵਾਰਾ ਕੁੱਤੇ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਮਾਰਨ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ 24 ਸੈਕਿੰਡ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ਕਲਿੱਪ ਵਿੱਚ ਦਿਖਾਇਆ ਗਿਆ ਹੈ ਕਿ ਦੋਸ਼ੀ ਕੁੱਤੇ ਦੇ ਨੇੜੇ ਜਾ ਰਹੇ ਸੀ। ਦੋਵਾਂ ਨੇ ਕੁੱਤੇ ‘ਤੇ ਇੱਕ-ਇੱਕ ਕਰਕੇ ਵਾਰ ਕੀਤਾ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਕਲਿੱਪ ਵਿੱਚ ਅੱਗੇ ਨਜ਼ਰ ਆਇਆ ਕਿ ਦੋਸ਼ੀ ਇੱਥੇ ਹੀ ਨਹੀਂ ਰੁਕੇ ਇਨ੍ਹਾਂ ਵਿੱਚੋਂ ਇੱਕ ਮਰੇ ਹੋਏ ਕੁੱਤੇ ਨੂੰ ਪੂੰਛ ਤੋਂ ਖਿੱਚਦਾ ਹੈ, ਜਦੋਂਕਿ ਦੂਸਰਾ ਰਾਹਗੀਰਾਂ ਨੂੰ ਰੋਕਦਾ ਹੈ। ਮੁਲਜ਼ਮਾਂ ਦੀ ਪਛਾਣ ਪਰਵਿੰਦਰ ਸਿੰਘ ਤੇ ਕੁਲਦੀਪ ਸਿੰਘ ਉਰਫ ਲੱਖਾ ਵਜੋਂ ਹੋਈ ਹੈ। ਦੋਵੇਂ ਪੰਜਾਬ ਦੇ ਮੋਗਾ ਦੇ ਦਸਮੇਸ਼ ਨਗਰ ਖੇਤਰ ਵਿੱਚ ਸਥਿਤ ਗੁਰੂਦੁਆਰਾ ਕਲਗੀਧਰ ਸਾਹਿਬ ਵਿੱਚ ‘ਸੇਵਾਦਾਰ’ ਵਜੋਂ ਕੰਮ ਕਰ ਰਹੇ ਹਨ।
ਪਰਵਿੰਦਰ ਸਿੰਘ ਮੋਗਾ ਦੇ ਸ਼ਾਹਿਦ ਭਗਤ ਸਿੰਘ ਨਗਰ ਖੇਤਰ ਦਾ ਰਹਿਣ ਵਾਲਾ ਹੈ, ਕੁਲਦੀਪ ਸਿੰਘ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਹੈ। ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੁਲਿਸ ਹਰਕਤ ਵਿੱਚ ਆਈ। ਇਨ੍ਹਾਂ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰਾ 429 ਤੇ ਪ੍ਰੀਵੈਂਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼, ਐਕਟ 1960 ਦੀ ਧਾਰਾ 11 ਅਧੀਨ ਕੇਸ ਦਰਜ ਕੀਤਾ ਗਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp