ਗਣਤੰਤਰਤਾ ਦਿਵਸ ਮੌਕੇ ਚਰਨਜੀਤ ਸਿੰਘ ਚੰਨੀ ਲਹਿਰਾਉਣਗੇ ਕੌਮੀ ਝੰਡਾ
ਪੁਲਿਸ ਲਾਈਨ ਗਰਾਊਂਡ ’ਚ ਹੋਈ ਫੁੱਲ ਡਰੈਸ ਰਿਹਰਸਲ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਲਈ ਮਾਰਚ ਪਾਸਟ ਤੋਂ ਸਲਾਮੀ
ਹੁਸ਼ਿਆਰਪੁਰ, 24 ਜਨਵਰੀ (Adesh , Karan) 72ਵੇਂ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਸਥਾਨਕ ਪੁਲਿਸ ਲਾਈਨ ਗਰਾਊਂਡ ਵਿੱਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਕੌਮੀ ਝੰਡਾ ਲਹਿਰਾਉਣਗੇ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਣਤੰਤਰਤਾ ਦਿਵਸ ਸਮਾਗਮ ਦੇ ਮੱਦੇਨਜ਼ਰ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ।
ਅੱਜ ਇਥੇ ਪੁਲਿਸ ਲਾਈਨ ਗਰਾਊਂਡ ਵਿੱਚ ਗਣਤੰਤਰਤਾ ਦਿਵਸ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦੌਰਾਨ ਤਿਰੰਗਾ ਲਹਿਰਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਰੱਖਿਆ ਅਤੇ ਹੋਰ ਲੋੜੀਂਦੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ ਅਤੇ ਗਣਤੰਤਰਤਾ ਦਿਵਸ ਸਮਾਗਮ ਕੋਵਿਡ-19 ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਸਲਾਹਕਾਰੀਆਂ ਦੇ ਅਨੁਸਾਰ ਸੁਚੱਜੇ ਢੰਗ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਸਮਾਗਮ ਦੌਰਾਨ ਚਾਰ ਟੁਕੜੀਆਂ, ਜਿਨ੍ਹਾਂ ਵਿੱਚ ਪੰਜਾਬ ਪੁਲਿਸ ਅਤੇ ਐਨ.ਸੀ.ਸੀ. ਦੇ ਕੈਡਿਟ ਸ਼ਾਮਲ ਹੋਣਗੇ, ਮਾਰਚ ਪਾਸਟ ਕਰਨਗੀਆਂ ਅਤੇ 5 ਝਾਕੀਆਂ ਵੱਖ-ਵੱਖ ਖੇਤਰਾਂ ਦੀ ਪੇਸ਼ਕਾਰੀ ਕਰਨਗੀਆਂ।
ਫੁੱਲ ਡਰੈਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਨੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਅਤੇ ਪਰੇਡ ਕਮਾਂਡਰ ਗੁਰਪ੍ਰੀਤ ਸਿੰਘ ਗਿੱਲ ਸਮੇਤ ਪਰੇਡ ਦਾ ਨਿਰੀਖਣ ਕਰਨ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਮਾਰਚ ਪਾਸਟ ਸ਼ਾਮਲ ਪੰਜਾਬ ਪੁਲਿਸ ਹੁਸ਼ਿਆਰਪੁਰ ਦੀ ਟੁਕੜੀ ਦੀ ਅਗਵਾਈ ਸਬ-ਇੰਸਪੈਕਟਰ ਰਣਜੀਤ ਕੁਮਾਰ, ਪੀ.ਆਰ.ਟੀ.ਸੀ. ਜਹਾਨਖੇਲਾਂ ਦੀ ਟੁਕੜੀ ਦੀ ਅਗਵਾਈ ਏ.ਐਸ.ਆਈ. ਜੌਹਰ ਸਿੰਘ, ਪੰਜਾਬ ਪੁਲਿਸ (ਮਹਿਲਾ) ਹੁਸ਼ਿਆਰਪੁਰ ਦੀ ਟੁਕੜੀ ਦੀ ਅਗਵਾਈ ਸਬ-ਇੰਸਪੈਕਟਰ ਜਸਵੀਰ ਕੌਰ ਅਤੇ ਐਨ.ਸੀ.ਸੀ. ਕੈਡਿਟਾਂ ਦੀ ਟੁਕੜੀ ਦੀ ਅਗਵਾਈ ਰਾਜਵਿੰਦਰ ਕੌਰ ਵਲੋਂ ਕੀਤੀ ਗਈ। ਫੁੱਲ ਡਰੈਸ ਰਿਹਰਸਲ ਮੌਕੇ ਜਿਥੇ ਪੰਜਾਬ ਪੁਲਿਸ ਹੁਸ਼ਿਆਰਪੁਰ ਦੀ ਬਰਾਸ ਬੈਂਡ ਟੀਮ ਵਲੋਂ ਮਨਮੋਹਕ ਧੁਨਾਂ ਵਜਾਈਆਂ ਗਈਆਂ ਉਥੇ ਮੈਰੀ ਗੋਲਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਨ ਪੇਸ਼ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਅਮਿਤ ਮਹਾਜਨ, ਸਹਾਇਕ ਕਮਿਸ਼ਨਰ ਕਿਰਪਾਲ ਵੀਰ ਸਿੰਘ, ਐਸ.ਪੀ. (ਹੈਡਕੁਆਰਟਰ) ਰਮਿੰਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਅਮਨ ਪਾਲ ਸਿੰਘ, ਤਹਿਸੀਲਦਾਰ ਹਰਮਿੰਦਰ ਸਿੰਘ ਆਦਿ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp