ਡੀਸੀ ਨੇ ਪੰਜਾਬ ਰਾਈਟ ਟੂ ਬਿਜ਼ਨਸ ਐਕਟ-2020 ਤਹਿਤ ਪਹਿਲਾ ਸਰਟੀਫਿਕੇਟ ਸੌਂਪਿਆ
ਜਲੰਧਰ, 25 ਜਨਵਰੀ :- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸੋਮਵਾਰ ਨੂੰ ਪੰਜਾਬ ਰਾਈਟ ਟੂ ਬਿਜ਼ਨਸ ਐਕਟ -2020 ਤਹਿਤ ਕਾਰੋਬਾਰੀ ਤੁਸ਼ਾਰ ਜੈਨ ਨੂੰ ਆਟੋ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਪਹਿਲਾ ਸਰਟੀਫਿਕੇਟ ਜਾਰੀ ਕੀਤਾ।
ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਦੇ ਨਾਲ ਤੁਸ਼ਾਰ ਜੈਨ ਨੂੰ ਜੰਡੂ ਸਿੰਘਾ ਵਿਖੇ ਆਟੋ ਨਿਰਮਾਣ ਯੂਨਿਟ ਸ਼ੁਰੂ ਕਰਨ ਲਈ ਸਰਟੀਫਿਕੇਟ ਸੌਂਪਿਆ, ਜਿਸ ਵੱਲੋਂ ਪਹਿਲਾਂ ਬਿਜ਼ਨਸ ਫਸਟ ਪੋਰਟਲ ‘ਤੇ ਅਪਲਾਈ ਕੀਤਾ ਗਿਆ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਕਟ ਤਹਿਤ ‘ਬਿਜ਼ਨਸ ਫਸਟ ਪੋਰਟਲ’ ਤੇ ਅਪਲਾਈ ਕਰਨ ਤੋਂ ਬਾਅਦ ਨਵਾਂ ਕਾਰੋਬਾਰ ਸਥਾਪਤ ਕਰਨ ਨਾਲ ਸਬੰਧਤ ਸਾਰੇ ਐਨਓਸੀਜ਼ 15 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਨਵੇਂ ਕਾਰੋਬਾਰ/ਬਿਜ਼ਨਸ ਸਟਾਰਟ-ਅਪ ਦੀ ਸ਼ੁਰੂਆਤ ਨਾਲ ਜੁੜੀਆਂ ਸਾਰੀਆਂ ਫਾਰਮੈਲਟੀਜ਼ ਅਤੇ ਐਨਓਸੀਜ਼ ਨੂੰ ਇਸ ਇਕੋ-ਇਕ ਮਾਧਿਅਮ ਰਾਹੀਂ ਰਿਕਾਰਡ ਸਮੇਂ ਵਿਚ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਦਯੋਗ ਅਤੇ ਵਣਜ ਵਿਭਾਗ ਨੇ ਲੋੜੀਂਦੀਆਂ ਪ੍ਰਵਾਨਗੀਆਂ ਨਾਲ ਕਾਰੋਬਾਰ ਕਰਨ ਵਿੱਚ ਅਸਾਨੀ ਪ੍ਰਦਾਨ ਕਰਨ ਤੋਂ ਇਲਾਵਾ ਰਾਜ ਵਿੱਚ ਕਾਰੋਬਾਰ ਨੂੰ ਉਤਸ਼ਾਹਤ ਕਰਨ ਲਈ ਇਹ ਨਵੀਂ ਪਹਿਲ ਕੀਤੀ ਹੈ।
ਜਨਰਲ ਮੈਨੇਜਰ ਡੀਆਈਸੀ ਦੀਪ ਸਿੰਘ ਗਿੱਲ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਦੇ ਬਿਜ਼ਨਸ ਫਸਟ ਪੋਰਟਲ ਰਾਹੀਂ ਵੱਖ-ਵੱਖ ਰੈਗੂਲੇਟਰੀ ਪ੍ਰਵਾਨਗੀਆਂ ਅਤੇ ਵਿੱਤੀ ਪ੍ਰੋਤਸਾਹਨ ਲਈ ਕਾਰੋਬਾਰੀ ਪਹਿਲਕਦਮੀਆਂ ਦਾ ਲਾਭ ਲੈਣ।
ਸਿੰਗਲ ਵਿੰਡੋ ਸਿਸਟਮ ‘ਬਿਜ਼ਨਸ ਫਸਟ ਪੋਰਟਲ’ ਤਹਿਤ ਪ੍ਰਵਾਨਗੀ ਸਬੰਧੀ ਪ੍ਰਮਾਣ ਪੱਤਰ ਪ੍ਰਾਪਤ ਕਰਨ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਤੁਸ਼ਾਰ ਜੈਨ ਨੇ ਕਿਹਾ ਕਿ ਅਪਲਾਈ ਕਰਨ ਦੇ ਚੰਦ ਦਿਨਾਂ ਦੇ ਅੰਦਰ-ਅੰਦਰ ਬਿਨਾਂ ਕਿਸੇ ਮੁਸ਼ਕਿਲ ਦੇ ਇਹ ਪ੍ਰਾਪਤ ਕਰਨਾ ਇੱਕ ਸੁਪਨੇ ਦੇ ਸਾਕਾਰ ਹੋਣ ਵਾਂਗ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਲਾਲੀ, ਐਸਆਈਪੀਓ ਅਤੇ ਹੋਰ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp