ਸੂਬਾ ਸਰਕਾਰ ਨੇ ਔਰਤਾਂ ਦੇ ਜੀਵਨ ਪੱਧਰ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੇ ਵਿਸ਼ੇਸ ਉਪਰਾਲੇ-ਕੈਬਨਿਟ ਮੰਤਰੀ ਰੰਧਾਵਾ
ਗੁਰਦਾਸਪੁਰ, 25 ਜਨਵਰੀ ( ਅਸ਼ਵਨੀ ) :- ਪੰਜਾਬ ਸਰਕਾਰ ਨੇ ਔਰਤਾਂ ਦੇ ਜੀਵਨ ਪੱਧਰ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਹਨ ਅਤੇ ਪੰਚਾਇਤੀ ਰਾਜ ਸੰਸਥਾਵਾਂ ਵਿਚ ਔਰਤਾਂ ਲਈ 50 ਫੀਸਦ ਰਾਖਵਾਂਕਰਨ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਪੰਜਾਬ ਨੇ ਸਥਾਨਕ ਸੁਖਜਿੰਦਰਾ ਕਾਲਜ ਆਫ ਇੰਜੀ. ਆਫ ਟੈਕਨਾਲੋਜੀ ਵਿਖੇ ਮਨਾਏ ਗਏ ‘ਰਾਸ਼ਟਰੀ ਕੰਨਿਆ ਬਾਲ ਦਿਵਸ’ ਮੌਕੇ ਕਰਵਾਏ ਸਮਾਗਮ ਦੌਰਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਪਰਸ਼ੋਤਮ ਸਿੰਘ ਜ਼ਿਲਾ ਰੋਜ਼ਗਾਰ ਅਫਸਰ, ਡਾ. ਵਰੁਣ ਜੋਸ਼ੀ ਪਲੇਸਮੈਂਟ ਅਫਸਰ, ਅਮਰਜੀਤ ਸਿੰਘ ਭੁੱਲਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਹਿਮਾਂਸੂ ਕੱਕੜ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਵੀ ਮੋਜੂਦ ਸਨ।ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਰੰਧਾਵਾ ਨੇ ਦੱਸਿਆ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਭਰ ਅੰਦਰ ‘ਰਾਸ਼ਟਰੀ ਕੰਨਿਆ ਬਾਲ ਦਿਵਸ’ ਸਬੰਧੀ ਵਰਚੂਅਲ ਸਮਾਗਮ ਕਰਵਾਇਆ ਗਿਆ। ਉਨਾਂ ਕਿਹਾ ਕਿ ਰਾਜ ਸਰਕਾਰ ਵਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ ਲੜਕੀਆਂ ਨੂੰ ਤਰੱਕੀ ਦੇ ਬਰਾਬਰ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ਵਿਚ ਲੜਕਿਆਂ ਦੇ ਮੁਕਾਬਲੇ ਅੱਗੇ ਵੱਧ ਰਹੀ ਹੈ ਅਤੇ ਸਾਨੂੰ ਲੜਕੀਆਂ ਨੂੰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਨਾ ਚਾਹੀਦੇ ਹਨ ਅਤੇ ਲੜਕੀਆਂ ਨੂੰ ਉੱਚ ਸਿੱਖਿਆ ਦਿਵਾਉਣੀ ਚਾਹੀਦੀ ਹੈ। ਇਥੇ ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹੇ ਅੰਦਰ ਲੜਕੀਆਂ/ ਔਰਤਾਂ ਨੂੰ ‘ਸੈਲਫ ਡਿਫੈਂਸ’ ਦੀ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਅੱਜ ਸੂਬੇ ਭਰ ਅੰਦਰ ਮੁੱਖ ਮੰਤਰੀ ਪੰਜਾਬ ਵਲੋਂ ਲੜਕੀਆਂ ਨੂੰ ‘ਸੈਲਫ ਡਿਫੈਂਸ’ ਦੀ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ।ਅੱਜ ਇਸ ਮੌਕੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ, ਸੈਲਫ ਡਿਫੈਂਸ ਸਿਖਲਾਈ, ਡਰਾਈਵਿੰਗ ਸਕੂਲ ਲਈ ਮੁਫਤ ਜਮਾਤ ਅਤੇ ਪ੍ਰੀ-ਸਕੂਲ ਸਿੱਖਿਆ ਵਿਚ ਔਰਤਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਸਵੈ ਰੋਜਗਾਰ ਲਈ ਪ੍ਰਾਰਥੀਆਂ ਨੂੰ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਵੀ ਕੀਤੀ ਗਈ, ਜਿਸ ਤਹਿਤ 50 ਪ੍ਰਾਰਥੀਆਂ ਨੂੰ ਰਾਸ਼ਨ ਅਲਾਟਮੈਂਟ ਦੇ ਲਾਇਸੰਸ ਵੰਡੇ ਗਏ ।ਕੈਬਨਿਟ ਮੰਤਰੀ ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਜਿਥੇ ਬਿਮਾਰੀ ਵਿਰੁੱਧ ਠੋਸ ਉਪਰਾਲੇ ਕੀਤੇ ਗਓ, ਓਥੇ ਲੋਕਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਗਿਆ। ਘਰ-ਘਰ ਰੁਜਗਾਰ ਮੁਹਿੰਮ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਵੈ-ਰੋਜ਼ਗਾਰ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਇਸ ਮੌਕੇ ਰਾਸ਼ਨ ਡਿਪੂ ਦੀ ਅਲਾਟਮੈਂਟ ਪ੍ਰਾਪਤ ਕਰਨ ਵਾਲੇ ਪ੍ਰਾਰਥੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਰੁਜ਼ਗਾਰ ਤੇ ਸਵੈ-ਰੋਜ਼ਗਾਰ ਲਈ ਨੋਜਵਾਨਾਂ ਨੂੰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ , ਜਿਸ ਨਾਲ ਲੋਕ ਪੰਜਾਬ ਸਰਕਾਰ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਤੇ ਸੇਵਾਵਾਂ ਤੋਂ ਖੁਸ਼ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp