ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਦੀ ਜਜ਼ਬਾਤੀ ਅਪੀਲ ਤੋਂ ਬਾਅਦ ਕਿਸਾਨ ਅੰਦੋਲਨ ਇਕ ਵਾਰ ਫੇਰ ਤਿੱਖਾ ਹੁੰਦਾ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਇੱਕ ਵਾਰ ਫਿਰ ਦਿੱਲੀ ਦੇ ਸਿੰਘੂ, ਗ਼ਾਜ਼ੀਪੁਰ ਤੇ ਟਿਕਰੀ ਬਾਰਡਰਾਂ ਵੱਲ ਚਾਲੇ ਪਾ ਦਿੱਤੇ ਹਨ।
ਜਿਕਰਜੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਮੌਕੇ ਦੇਸ਼ ਦੀ ਰਾਜਧਾਨੀ ਦਿੱਲੀ ’ਚ, ਖ਼ਾਸ ਕਰਕੇ ਲਾਲ ਕਿਲੇ ’ਤੇ ਵੱਡੇ ਪੱਧਰ ਉੱਤੇ ਹੰਗਾਮਾ ਹੋਣ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਉੱਤੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਕੱਲ੍ਹ ਦੇਰ ਰਾਤੀਂ ਰਾਕੇਸ਼ ਟਿਕੈਤ ਵੱਲੋਂ ‘ਕੇਂਦਰ ਸਰਕਾਰ ਵੱਲੋਂ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਨਾ ਲੈਣ ’ਤੇ ਖ਼ੁਦਕੁਸ਼ੀ ਕਰਨ’ ਦੀ ਧਮਕੀ ਤੋਂ ਬਾਅਦ ਹਾਲਾਤ ਤੇਜੀ ਨਾਲ ਬਦਲਣੇ ਸ਼ੁਰੂ ਹੋ ਗਏ।
ਹਜ਼ਾਰਾਂ ਦੀ ਗਿਣਤੀ ਵਿੱਚ ਹਰਿਆਣਾ ਦੇ ਹਿਸਾਰ, ਭਿਵਾਨੀ, ਕੈਥਲ, ਜੀਂਦ, ਸੋਨੀਪਤ ਤੇ ਪਾਨੀਪਤ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਆਪਣੇ ਘਰਾਂ ਤੋਂ ਚੱਲ ਪਏ ਹਨ। ਹੁਣ ਉਨ੍ਹਾਂ ਵਿੱਚ ਦਿੱਲੀ ਦੇ ਬਾਰਡਰਾਂ ਉੱਤੇ ਲੱਗੇ ਕਿਸਾਨਾਂ ਦੇ ਧਰਨਿਆਂ ਵਿੱਚ ਸ਼ਾਮਲ ਹੋਣ ਦਾ ਇੱਕ ਨਵਾਂ ਜੋਸ਼ ਵੇਖਿਆ ਜਾ ਰਿਹਾ ਹੈ।
ਰਾਸ਼ਟਰੀ ਰਾਜ ਮਾਰਗ-44 ਉੱਤੇ ਅਨੇਕਾਂ ਕਿਸਾਨਾਂ ਆਪਣੇ ਟ੍ਰੈਕਟਰਾਂ ਉੱਤੇ ਦਿੱਲੀ ਵੱਲ ਵਧਦੇ ਜਾ ਰਹੇ ਹਨ। ਉਹ ਰਾਤ ਨੂੰ ਹੀ ਰਵਾਨਾ ਹੋ ਗਏ ਸਨ। ਟਿੱਕਰੀ ਬਾਰਡਰ ਉੱਤੇ ਕਿਸਾਨ ਆਗੂ ਵੀਰੇਂਦਰ ਹੁੱਡਾ ਨੇ ਕਿਹਾ ਕਿ ‘ਭਾਜਪਾ ਦੇ ਸਮਰਥਕਾਂ ਨੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕਈ ਤਰ੍ਹਾਂ ਦੇ ਕੂੜ-ਪ੍ਰਚਾਰ ਕਰਨੇ ਤੇ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।’ ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਸ਼ਾਮ ਤੱਕ ਵੱਡੀ ਗਿਣਤੀ ’ਚ ਕਿਸਾਨ ਟਿਕਰੀ ਬਾਰਡਰ ’ਤੇ ਪੁੱਜ ਜਾਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp