ਪਟਿਆਲਾ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਦੋ ਕੁਇੰਟਲ ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
ਸਮਾਣਾ/ਪਟਿਆਲਾ :- ਟਿਆਲਾ ਦੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਦੋ ਕੁਇੰਟਲ ਭੁੱਕੀ, 710 ਨਸ਼ੀਲੀਆਂ ਗੋਲੀਆਂ ਅਤੇ ਇਕ ਵਰਨਾ ਗੱਡੀ ਸਮੇਤ ਕਾਬੂ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਐਸ.ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਟੀਮ ਵੱਲੋਂ ਸਵਰਨ ਸਿੰਘ ਪੁੱਤਰ ਜੈਲ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਸਦਰ ਨਾਭਾ ਜ਼ਿਲ੍ਹਾ ਪਟਿਆਲਾ ਅਤੇ ਇਸਦੀ ਮਹਿਲਾ ਸਾਥੀ ਕਰਮਜੀਤ ਕੌਰ ਉਰਫ਼ ਨਿੱਕੀ ਪੁੱਤਰੀ ਲੇਟ ਪਾਲ ਸਿੰਘ ਵਾਸੀ ਕਿਰਾਏਦਾਰ ਗੁਰੂ ਨਾਨਕ ਨਗਰ ਕਲੋਨੀ ਜਾਖਲ ਰੋਡ ਸੁਨਾਮ ਥਾਣਾ ਸਿਟੀ ਸੁਨਾਮ ਜ਼ਿਲ੍ਹਾ ਸੰਗਰੂਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਦੋ ਕੁਇੰਟਲ ਭੁੱਕੀ, 710 ਨਸ਼ੀਲੀਆਂ ਗੋਲੀਆਂ ਅਤੇ ਇੱਕ ਵਰਨਾ ਗੱਡੀ ਜਿਸ ਵਿੱਚ ਇਹ ਨਸ਼ੀਲੇ ਪਦਾਰਥ ਲਿਆ ਰਹੇ ਸਨ, ਬਰਾਮਦ ਕਰਕੇ ਮੁਕੱਦਮਾ ਨੰਬਰ 26 ਮਿਤੀ 29-01-2021 ਅ / ਧ 15, 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਸਮਾਣਾ ਵਿਖੇ ਦਰਜ ਕੀਤਾ ਗਿਆ।
ਸ੍ਰੀ ਦੁੱਗਲ ਨੇ ਦੱਸਿਆ ਕਿ ਏ.ਐਸ.ਆਈ ਬਲਜੀਤ ਸਿੰਘ, ਏ.ਐਸ.ਆਈ ਸੇਵਕ ਸਿੰਘ ਅਤੇ ਏ.ਐਸ.ਆਈ ਬੇਅੰਤ ਸਿੰਘ ਸਮੇਤ ਪੁਲਿਸ ਪਾਰਟੀ ਭਾਖੜਾ ਪੁੱਲ ਪਟਿਆਲਾ ਰੋਡ ਸਮਾਣਾ ਮੌਜੂਦ ਸੀ ਤਾਂ ਇੱਕ ਵਰਨਾ ਕਾਰ ਰੰਗ ਚਿੱਟਾ ਨੰਬਰ ਡੀ.ਐਲ. 01 ਸੀ.ਜੈਡ -0301 ਬੜੀ ਤੇਜ਼ ਰਫਤਾਰ ਨਾਲ ਆਈ ਅਤੇ ਪੁਲਿਸ ਪਾਰਟੀ ਵੱਲੋਂ ਰੁੱਕਣ ਦਾ ਇਸ਼ਾਰਾ ਕਰਨ ‘ਤੇ ਕਾਰ ਚਾਲਕ ਨੇ ਆਪਣੀ ਵਰਨਾ ਗੱਡੀ ਨੂੰ ਪਟਿਆਲਾ ਸਾਈਡ ਵੱਲ ਨੂੰ ਭਜਾ ਲਿਆ ਜਿਸਤੇ ਪੁਲਿਸ ਪਾਰਟੀ ਨੇ ਕਾਰ ਦਾ ਪਿੱਛਾ ਕੀਤਾ ਅਤੇ ਕਾਰ ਚਾਲਕ ਨੇ ਆਪਣੀ ਕਾਰ ਪਿੰਡ ਅਸਰਪੁਰ ਚੁੱਪਕੀ ਦੁਲੜ ਅਤੇ ਟੋਡਰਪੁਰ ਹੁੰਦੇ ਹੋਏ ਸਮਾਣਾ ਵੱਲ ਨੂੰ ਪਾ ਲਈ ਤਾਂ ਟੋਡਰਪੁਰ ਰੋਡ ਬਸਤੀ ਗੁਬਿੰਦ ਨਗਰ ਸਮਾਣਾ ਵਿਖੇ ਪੁਲਿਸ ਪਾਰਟੀ ਨੇ ਗੱਡੀ ਨੂੰ ਘੇਰ ਲਿਆ। ਉਪਰੰਤ ਪੁਲਿਸ ਪਾਰਟੀ ਨੇ ਗੱਡੀ ਨੂੰ ਤੇ ਉਸ ਵਿੱਚ ਬੈਠੇ ਦੋਸ਼ੀਆਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਪੁੱਛ ਗਿੱਛ ਦੌਰਾਨ ਸਵਰਨ ਸਿੰਘ ਪੁੱਤਰ ਜੈਲ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਸਦਰ ਨਾਭਾ ਜ਼ਿਲ੍ਹਾ ਪਟਿਆਲਾ ਅਤੇ ਕਰਮਜੀਤ ਕੌਰ ਉਰਫ਼ ਨਿੱਕੀ ਪੁੱਤਰੀ ਲੇਟ ਪਾਲ ਸਿੰਘ ਵਾਸੀ ਕਿਰਾਏਦਾਰ ਗੁਰੂ ਨਾਨਕ ਨਗਰ ਕਲੋਨੀ ਜਾਖਲ ਰੋਡ ਸੁਨਾਮ ਥਾਣਾ ਸਿਟੀ ਸੁਨਾਮ ਜ਼ਿਲ੍ਹਾ ਸੰਗਰੂਰ ਪਾਏ ਗਏ। ਪੁਲਿਸ ਪਾਰਟੀ ਵੱਲੋਂ ਵਰਨਾ ਗੱਡੀ ਦੀ ਜਾਂਚ ਕਰਨ ‘ਤੇ ਉਸ ਵਿੱਚੋਂ ਦੋ ਕੁਇੰਟਲ ਭੁੱਕੀ ਅਤੇ 710 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਪੁੱਛ ਗਿੱਛ ਦੌਰਾਨ ਪਤਾ ਚੱਲਿਆ ਕਿ ਉਹ ਕਾਫੀ ਸਮਾਂ ਤੋਂ ਬਾਹਰਲੀਆਂ ਸਟੇਟਾਂ ਤੋਂ ਭੁੱਕੀ, ਨਸ਼ੀਲੀਆਂ ਗੋਲੀਆਂ ਅਤੇ ਹੋਰ ਨਸ਼ੀਲੇ ਪਦਾਰਥ ਲਿਆਕੇ ਪਟਿਆਲਾ ਅਤੇ ਸੰਗਰੂਰ ਦੇ ਵੱਖ ਵੱਖ ਏਰੀਆ ਵਿੱਚ ਸਪਲਾਈ ਕਰ ਰਹੇ ਹਨ। ਦੋਸ਼ੀ ਸਵਰਨ ਸਿੰਘ ਦਾ ਪਿਤਾ ਜੈਲ ਸਿੰਘ ਉਰਫ਼ ਤਿੱਤਰ ਵਾਸੀ ਕਕਰਾਲਾ ਵੀ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਜੇਲ ਵਿੱਚ ਰਹਿ ਚੁੱਕਾ ਹੈ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਮੁਕੱਦਮੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp