ਕਿਸਾਨਾਂ ਨੂੰ ਪੀਲੀ ਕੂੰਗੀ ਦੇ ਹਮਲੇ ਤੋਂ ਚੌਕਸ ਰਹਿਣ ਦੀ ਅਪੀਲ
ਕਣਕ ਦੀ ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਕਿਸਾਨ : ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ
ਹੁਸ਼ਿਆਰਪੁਰ, 1 ਫਰਵਰੀ (ਆਦੇਸ਼, ਕਰਨ ਲਾਖਾ) :- ਧੁੰਦ ਦੇ ਮੌਸਮ ਦੇ ਮੱਦੇਨਜ਼ਰ ਕਿਸਾਨਾਂ ਨੂੰ ਪੀਲੀ ਕੂੰਗੀ ਤੋਂ ਚੌਕਸ ਰਹਿਣ ਦੀ ਅਪੀਲ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਕਿਹਾ ਕਿ ਪੀਲੀ ਕੂੰਗੀ ਤੋਂ ਸਮੇਂ ਸਿਰ ਬਚਾਅ ਲਈ ਕਿਸਾਨ ਆਪਣੀ ਫਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ।ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਕਣਕ ਦਾ ਪੀਲਾਪਨ ਖੁਰਾਕੀ ਤੱਤਾਂ ਦੀ ਘਾਟ ਕਾਰਨ ਵੀ ਹੋ ਸਕਦਾ ਹੈ ਜਿਸ ਪ੍ਰਤੀ ਕਿਸਾਨਾਂ ਨੂੰ ਪੂਰੀ ਤਰ੍ਹਾ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪੀਲੀ ਕੂੰਗੀ ਤੋਂ ਪ੍ਰਭਾਵਿਤ ਕਣਕ ਦੇ ਬੂਟੇ ਨੂੰ ਹੱਥ ਲਾਉਣ ’ਤੇ ਹੱਥਾਂ ਨੂੰ ਪੀਲਾ ਪਾਊਡਰ ਲਗਦਾ ਹੈ ਜਾਂ ਕਣਕ ’ਚੋਂ ਲੰਘਣ ਵੇਲੇ ਪੀਲਾ ਧੂੜਾ ਕੱਪੜਿਆਂ ਨੂੰ ਲਗਦਾ ਹੈ ਤਾਂ ਖੇਤ ਵਿੱਚ ਪੀਲੀ ਕੂੰਗੀ ਦੇ ਹਮਲੇ ਤੋਂ ਬਚਣ ਲਈ 200 ਗਰਾਮ ਕੈਵੀਅਟ 25 ਡਬਲਯੂ.ਜੀ. ਜਾਂ 120 ਗਰਾਮ ਨਟੀਵੋ 75 ਡਬਲਯੂ.ਜੀ. ਜਾਂ 200 ਮਿਲੀਲੀਟਰ ਓਪੇਰਾ 18.3 ਐਸ.ਈ. ਜਾਂ 200 ਮਿਲੀਲੀਟਰ ਪ੍ਰੋਪੀਕੋਨਾਜ਼ੋਲ 25 ਈ.ਸੀ. ਨੂੰ 200 ਲੀਟਰ ਪਾਣੀ ਵਿੱਚ ਘੋਲ ਵਿੱਚ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ’ਤੇ ਪੀਲੀ ਕੂੰਗੀ ਦਾ ਹਮਲਾ ਨੀਮ ਪਹਾੜੀ ਇਲਾਕਿਆਂ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ। ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਧੁੰਦ ਅਤੇ ਬਦਲਵਾਈ ਇਸ ਕੂੰਗੀ ਦੇ ਹਮਲੇ ਨੂੰ ਵਧਾਉਣ ਲਈ ਅਨੁਕੂਲ ਹੁੰਦੇ ਹਨ ਅਤੇ ਇਸ ਹਮਲੇ ਨਾਲ ਪੱਤਿਆਂ ’ਤੇ ਪੀਲੇ ਰੰਗ ਦੇ ਧੱਬੇ, ਲੰਬੀਆਂ ਧਾਰੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ਜਿਸ ਤੋਂ ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp