ਮੁਲਾਜ਼ਮਾਂ ਦੀਆ ਮੰਗਾ ਸੰਬੰਧੀ ਮੀਟਿੰਗ 9 ਫ਼ਰਵਰੀ ਨੂੰ
ਗੁਰਦਾਸਪੁਰ 2 ਫ਼ਰਵਰੀ ( ਅਸ਼ਵਨੀ ) :- ਪੰਜਾਬ ਸਰਕਾਰ ਪੈਨਸ਼ਨਰਾਂ ਤੇ ਮੁਲਾਜਮਾਂ ਦੀਆ ਹੱਕੀ ਤੇ ਜਾਇਜ ਮੰਗਾਂ ਸਬੰਧੀ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ । ਕੈਪਟਨ ਸਰਕਾਰ ਨੂੰ ਆਪਣਾ ਕਾਰਜ-ਕਾਲ ਸੰਭਾਲਿਆ ਲਗਭਗ 4 ਸਾਲ ਦਾ ਸਮਾਂ ਹੋ ਗਿਆ ਹੈ, ਪਰੰਤੂ ਪੈਨਸ਼ਨਰਾਂ ਤੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਜਿਵੇ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਮਿਆਦ 31 ਦਸੰਬਰ ਨੂੰ ਖਤਮ ਹੋਣੀ ਸੀ, ਜਿਸ ਨੂੰ 28 ਫਰਵਰੀ ਨੂੰ ਲਾਗੂ ਕਰਕੇ ਰਿਪੋਰਟ ਦੇਣੀ ਸੀ, ਪਰੰਤੂ ਹੁਣ ਫਿਰ ਦੋ ਮਹੀਨੇ ਦੀ ਮਿਆਦ ਵਿਚ ਵਾਧਾ ਕਰਕੇ 28 ਫਰਵਰੀ ਤੱਕ ਮਿਆਦ ਵਧਾ ਦਿੱਤੀ ਹੈ। ਜਥੇਬੰਦੀ ਇਸ ਦਾ ਸਖਤ ਵਿਰੋਧ ਕਰਦੀ ਹੈ । ਪੈਨਸ਼ਨਰਾਂ ਤੇ ਮੁਲਾਜਮਾਂ ਨੂੰ ਆਸ ਬੱਝੀ ਸੀ ਕਿ ਤਨਖਾਹ ਕਮਿਸ਼ਨ ਦੀ ਨੋਟੀਫਿਕੇਸ਼ਨ ਲਾਗੂ ਕਰਕੇ ਨਵਾਂ ਸਾਲ ਤੇ ਤੋਹਫਾ ਦਿੱਤਾ ਜਾਵੇਗਾ, ਪਰੰਤੂ ਪੰਜਾਬ ਸਰਕਾਰ ਆਨਾ-ਕਾਨੀ ਕਰਕੇ ਆਪਣਾ ਸਮਾਂ ਕੱਢ ਰਹੀ ਹੈ। ਇਹ ਸ਼ਬਦ ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਬੁਲਾਰੇ ਤੇ ਸੀ.ਪੀ.ਆਈ. (ਐਮ) ਜਿਲਾ ਗੁਰਦਾਸਪੁਰ ਦੇ ਆਗੂ ਕਾਮਰੇਡ ਅਮਰਜੀਤ ਸਿੰਘ ਸੈਣੀ ਨੇ ਮੀਟਿੰਗ ਦੌਰਾਨ ਕਹੇ । ਕੈਪਟਨ ਸਰਕਾਰ ਤਨਖਾਹ ਕਮਿਸ਼ਨ ਤੋਂ ਇਲਾਵਾ ਹੋਰ ਮੰਗਾਂ ਡੀ.ਏ. ਦੀਆ ਤਿੰਨ ਕਿਸ਼ਤਾਂ 24 ਪ੍ਰਤੀਸ਼ਤ ਨਾ ਦੇਣਾ ਅਤੇ ਇਹਨਾਂ ਦਾ ਡੀ.ਏ. ਦਾ 160 ਮਹੀਨਿਆਂ ਦਾ ਸਾਰਾ ਪਿਛਲਾ ਬਕਾਇਆ ਨਾ ਦੇਣਾ ਤੇ ਮੈਡੀਕਲ ਭੱਤਾ 2500 ਰੁਪਏ ਮਹੀਨਾ ਨਾ ਕਰਨਾ ਆਦਿ ਨੂੰ ਬਿਨ ਵਜਾ ਰੋਕੀ ਬੈਠੀ ਹੈ ਜਦੋ ਕਿ ਇਹਨਾਂ ਮੰਗਾਂ ਦਾ ਤਨਖਾਹ ਕਮਿਸ਼ਨ ਨਾਲ ਕੋਈ ਸਬੰਧ ਨਹੀ ਹੈ। ਇਸ ਲਈ ਕੈਪਟਨ ਸਰਕਾਰ ਕੁੰਭਕਰਨੀ ਦੀ ਨੀਦ ਸੁੱਤੀ ਪਈ ਹੈ ਅਤੇ ਇਹਨਾਂ ਦੇ ਸਿਰ ਤੇ ਜੂੰ ਤੱਕ ਨਹੀ ਸਰਕ ਰਹੀ। ਇਸ ਕਾਰਨ ਪੈਨਸ਼ਨਰਾਂ ਤੇ ਮੁਲਾਜਮਾਂ ਅੰਦਰ ਕੈਪਟਨ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀ ਅਪੀਲ ਕਰਦੀ ਹੈ ਕਿ ਕੈਪਟਨ ਸਰਕਾਰ ਆਪਣਾ ਅੜੀਅਲ ਵਤੀਰਾ ਛੱਡ ਕੇ ਉਕਤ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰੇ। ਜੇਕਰ ਫਿਰ ਵੀ ਕੈਪਟਨ ਸਰਕਾਰ ਮੰਗਾਂ ਲਾਗੂ ਨਹੀ ਕਰਦੀ ਤਾਂ ਫਿਰ ਇਹ ਜਥੇਬੰਦੀ ਭਰਾਤਰੀ ਜਥੇਬੰਦੀਆ ਤੇ ਕਿਸਾਨ ਜਥੇਬੰਦੀਆ ਨੂੰ ਨਾਲ ਲੈ ਕੇ ਮੋਹਾਲੀ ਦੁਸਹਿਰਾ ਗਰਾਊਂਡਵਿਚ ਇੱਕ ਵੱਡਾ ਸੰਘਰਸ਼ ਕਰੇਗੀ, ਜਿਸ ਤੋਂ ਨਿਕਲਣ ਵਾਲੇ ਸਿੱਟਿਆ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਸੈਣੀ ਨੇ ਅੱਗੇ ਦੱਸਿਆ ਕਿ ਸੀਟੂ ਨਾਲ ਸਬੰਧਿਤ ਜਿਵੇ ਕਿ ਪੈਨਸ਼ਨਰ ਯੂਨੀਅਨ, ਆਂਗਣਵਾੜੀ ਯੂਨੀਅਨ, ਆਸ਼ਾ ਵਰਕਰ ਯੂਨੀਅਨ, ਮਿਡ-ਡੇ-ਮੀਲ ਯੂਨੀਅਨ, ਮਨਰੇਗਾ ਯੂਨੀਅਨ ਅਤੇ ਹੋਰ ਸਬੰਧਿਤ ਯੂਨੀਅਨ ਦੀ ਜਰੂਰੀ ਮੀਟਿੰਗ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਖੇ ਮਿਤੀ 9 ਫ਼ਰਵਰੀ 2021 ਨੂੰ ਹੋ ਰਹੀ ਹੈ । ਜਿਸ ਵਿਚ ਯੂਨੀਅਨ ਦੇ ਸੁਬਾਈ ਪ੍ਰਧਾਨ ਤੇ ਸੀਟੂ ਦੇ ਸੁਬਾਈ ਵਿੱਤ ਸਕੱਤਰ ਸ. ਸੁੱਚਾ ਸਿੰਘ ਅਜਨਾਲਾ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ ਅਤੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਅਤੇ ਬਾਕੀ ਹੋਰ ਮੰਗਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾਂ ਸਰਵ ਸ੍ਰੀ ਯਸਪਾਲ ਸੋਹਲ, ਲਖਵਿੰਦਰ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਮੋਹਨ ਸਿੰਘ ਆਦਿ ਹਾਜਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp